ਫੌਜ ’ਚ ਸਿੱਖ ਫੌਜੀਆਂ ਲਈ ਨਵੀਂ ਲੋਹਟੋਪ ਯੋਜਨਾ ਵਾਪਸ ਲਈ ਜਾਵੇ : ਐਡਵੋਕੇਟ ਧਾਮੀ

01/13/2023 10:45:20 AM

ਅੰਮ੍ਰਿਤਸਰ (ਦੀਪਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਦੇ ਰੱਖਿਆ ਮੰਤਰਾਲੇ ਵੱਲੋਂ ਫੌਜ ਅੰਦਰ ਸੇਵਾ ਨਿਭਾਅ ਰਹੇ ਸਿੱਖ ਫੌਜੀਆਂ ਲਈ ਨਵੀਂ ਲੋਹਟੋਪ ਨੀਤੀ ਲਿਆਉਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ। ਇਸ ਨੂੰ ਲੈ ਕੇ ਐਡਵੋਕੇਟ ਧਾਮੀ ਨੇ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖ ਕੇ ਫੈਸਲਾ ਵਾਪਸ ਲੈਣ ਲਈ ਆਖਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਭਾਰਤੀ ਫੌਜ ਵਿਚ ਕਾਰਜਸ਼ੀਲ ਸਿੱਖਾਂ ਲਈ ਵਿਸ਼ੇਸ਼ ਲੋਹਟੋਪ ਲਾਗੂ ਕਰਨ ਦੇ ਫੈਸਲੇ ਨਾਲ ਸਿੱਖਾਂ ਦੀ ਵਿਲੱਖਣ ਪਛਾਣ ਅਤੇ ਸਿੱਖ ਮਰਿਆਦਾ ਨੂੰ ਢਾਹ ਲੱਗੇਗੀ। ਉਨ੍ਹਾਂ ਆਖਿਆ ਕਿ ਸਿੱਖ ਮਰਿਆਦਾ ਅਨੁਸਾਰ ਦਸਤਾਰ ਸਿੱਖ ਲਈ ਕੇਵਲ ਕੱਪੜਾ ਹੀ ਨਹੀਂ ਹੈ, ਸਗੋਂ ਇਹ ਸਿੱਖ ਵਿਰਾਸਤ ਦੀ ਲਖਾਇਕ ਹੋਣ ਦੇ ਨਾਲ-ਨਾਲ ਅਧਿਆਤਮਿਕਤਾ ਅਤੇ ਸਿਧਾਂਤਕ ਮਹੱਤਵ ਵਾਲੀ ਵੀ ਹੈ। ਦਸਤਾਰ ਪ੍ਰਤੀ ਸਿੱਖਾਂ ਦੀ ਵਚਨਬੱਧਤਾ ਸਿੱਖੀ ਗੌਰਵ ਅਤੇ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਨ ਨੂੰ ਵੀ ਦਰਸਾਉਂਦੀ ਹੈ। ਕਿਸੇ ਵੀ ਸਿੱਖ ਸਿਪਾਹੀ ਨੂੰ ਲੋਹਟੋਪ ਪਾਉਣ ਦਾ ਹੁਕਮ ਸਿੱਖ ਰਹਿਣੀ ਨੂੰ ਚੁਣੌਤੀ ਹੈ।

ਇਹ ਵੀ ਪੜ੍ਹੋ- ਸੰਨੀ ਦਿਓਲ ਦੀ ਹਲਕੇ 'ਚ ਗ਼ੈਰ-ਹਾਜ਼ਰੀ ਤੋਂ ਦੁਖੀ ਲੋਕਾਂ ਨੇ ਕੱਢੀ ਭੜਾਸ, ਵੰਡੇ 'ਲਾਪਤਾ' ਦੇ ਪੋਸਟਰ

ਐਡਵੋਕੇਟ ਧਾਮੀ ਨੇ ਆਖਿਆ ਕਿ ਸਿੱਖ ਫੌਜੀਆਂ ਨੂੰ ਲੋਹਟੋਪ ਪਹਿਨਾਉਣ ਵਾਲਾ ਫੈਸਲਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ’ਤੇ ਵੱਡੀ ਸੱਟ ਹੈ, ਜਿਸ ਨੂੰ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਮੁਗਲਾਂ ਨਾਲ ਹੋਏ ਯੁੱਧਾਂ ਦੇ ਨਾਲ-ਨਾਲ ਵਿਸ਼ਵ ਜੰਗਾਂ, ਸਾਰਾਗੜ੍ਹੀ ਦੀ ਲੜਾਈ ਅਤੇ ਭਾਰਤੀ ਫੌਜ ਵਲੋਂ ਬੀਤੇ ਸਮੇਂ ’ਚ ਲੜੀਆਂ ਗਈਆਂ ਜੰਗਾਂ ਦੌਰਾਨ ਸਿੱਖਾਂ ਵਲੋਂ ਦਸਤਾਰਧਾਰੀ ਹੋ ਕੇ ਲੜਨਾ ਅਹਿਮ ਮਿਸਾਲਾਂ ਹਨ। ਇਸ ਦੇ ਨਾਲ ਹੀ ਭਾਰਤੀ ਫੌਜ ਵਿਚ ਸਿੱਖ ਰੈਂਜੀਮੈਂਟ, ਸਿੱਖ ਲਾਈਟ ਇਨਫੈਂਟਰੀ ਅਤੇ ਪੰਜਾਬ ਰੈਂਜੀਮੈਂਟ ਸਿੱਖ ਦੀ ਪਛਾਣ ਦਾ ਉਹ ਅੰਗ ਰਹੇ ਹਨ, ਜਿਨ੍ਹਾਂ ਨੇ ਸਿੱਖੀ ਗੌਰਵ ਨੂੰ ਕਾਇਮ ਰੱਖਦਿਆਂ ਦੇਸ਼ ਦੀ ਸੇਵਾ ਕੀਤੀ। ਇਹ ਭਾਰਤ ਦੀ ਵਿਲੱਖਣਤਾ ਹੈ ਕਿ ਇਥੇ ਵਸਣ ਵਾਲੇ ਵੱਖ-ਵੱਖ ਭਾਈਚਾਰਿਆਂ ਦੇ ਲੋਕ ਆਪਣੇ ਧਰਮ, ਸੱਭਿਆਚਾਰ ਅਤੇ ਮਰਿਅਾਦਾ ਦਾ ਪਾਲਣ ਕਰਦਿਆਂ ਦੇਸ਼ ਲਈ ਯੋਗਦਾਨ ਦਿੰਦੇ ਹਨ। ਭਾਰਤੀ ਫੌਜ ਵਿਚ ਵੀ ਸਿੱਖ ਫੌਜੀਆਂ ਨੇ ਦਸਤਾਰ ਦੇ ਮਾਣ ਨੂੰ ਸਦਾ ਕਾਇਮ ਰੱਖਿਆ ਹੈ ਅਤੇ ਜੇਕਰ ਸਿੱਖ ਫੌਜੀਆਂ ਲਈ ਨਵੀਂ ਲੋਹਟੋਪ ਯੋਜਨਾ ਲਾਗੂ ਹੁੰਦੀ ਹੈ ਤਾਂ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਵੱਜੇਗੀ ਤੇ ਸਿੱਖ ਮਰਿਆਦਾ ਦਾ ਉਲੰਘਣ ਹੋਵੇਗਾ।

ਇਹ ਵੀ ਪੜ੍ਹੋ- ਕੇਂਦਰ ਦੇ ਸਿੱਖ ਫ਼ੌਜੀਆਂ ਲਈ ਹੈਲਮੈਟ ਦੇ ਫ਼ੈਸਲੇ ਖ਼ਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ

ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਕਿਹਾ ਕਿ ਉਹ ਸਿੱਖ ਫੌਜੀਆਂ ਲਈ ਲਿਆਂਦੀ ਜਾ ਰਹੀ ਨਵੀਂ ਲੋਹਟੋਪ ਨੀਤੀ ਨੂੰ ਤੁਰੰਤ ਵਾਪਸ ਲੈਣ, ਤਾਂ ਜੋ ਰੱਖਿਆ ਸੇਵਾਵਾਂ ਵਿਚ ਸਿੱਖਾਂ ਦੀ ਵੱਖਰੀ ਪਛਾਣ ਬਰਕਰਾਰ ਰਹੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News