ਸਿਹਤ ਵਿਭਾਗ ਦੀ ਟੀਮ ਨੇ ਚਾਂਦੀ ਵਰਕਾਂ ਸਣੇ 10 ਵਸਤੂਆਂ ਦੇ ਭਰੇ ਸੈਂਪਲ

Tuesday, Oct 22, 2024 - 11:31 AM (IST)

ਤਰਨਤਾਰਨ (ਰਮਨ ਚਾਵਲਾ)- ਲੋਕਾਂ ਦੀ ਸਿਹਤ ਨਾਲ ਹੋਣ ਵਾਲੇ ਖਿਲਵਾੜ ਨੂੰ ਰੋਕਣ ਦੇ ਮਕਸਦ ਨਾਲ ਸਿਹਤ ਵਿਭਾਗ ਦੀ ਟੀਮ ਵੱਲੋਂ ਰੋਜ਼ਾਨਾ ਖਾਣ-ਪੀਣ ਵਾਲੀਆਂ ਦੁਕਾਨਾਂ ਤੋਂ ਸੈਂਪਲ ਭਰੇ ਜਾ ਰਹੇ ਹਨ। ਇਸੇ ਲੜੀ ਦੇ ਤਹਿਤ ਸੋਮਵਾਰ ਸਵੇਰੇ ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਹਲਵਾਈ ਅਤੇ ਹੋਰ ਦੁਕਾਨਾਂ ਤੋਂ ਸਿਹਤ ਵਿਭਾਗ ਦੀ ਟੀਮ ਨੇ ਕੁੱਲ 10 ਸੈਂਪਲ ਸੀਲ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿਚ ਹੋਈ ਵਿਸ਼ੇਸ਼ ਮੀਟਿੰਗ ਦੌਰਾਨ ਸ਼ਹਿਰ ਦੇ ਇਕ ਹਲਵਾਈ ਵੱਲੋਂ ਸਿਹਤ ਅਧਿਕਾਰੀ ਨਾਲ ਬਹਿਸ ਕਰਨ ਵਾਲੇ ਹਲਵਾਈ ਦੇ ਸੋਮਵਾਰ ਵੱਖ-ਵੱਖ ਵਸਤੂਆਂ ਦੇ ਸੈਂਪਲ ਵੀ ਭਰੇ ਗਏ ਹਨ।

ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਸੁਖਬੀਰ ਕੌਰ ਔਲਖ ਨੇ ਦੱਸਿਆ ਕਿ ਵਿਭਾਗ ਦੇ ਚੇਅਰਮੈਨ ਅਭਿਨਵ ਤ੍ਰਿਖਾ ਵੱਲੋਂ ਮਿਲੇ ਹੁਕਮਾਂ ਅਤੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਦੇ ਨਿਰਦੇਸ਼ਾਂ ਹੇਠ ਖਾਣ ਪੀਣ ਵਾਲੀਆਂ ਵਸਤੂਆਂ ਦੇ ਸੈਂਪਲ ਭਰੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸੋਮਵਾਰ ਸਥਾਨਕ ਸ਼ਹਿਰ ਦੇ ਵੱਖ-ਵੱਖ ਹਲਵਾਈਆਂ ਦੀਆਂ ਦੁਕਾਨਾਂ ਤੋਂ ਮਿਠਾਈ ਉਪਰ ਲਗਾਏ ਜਾਣ ਵਾਲੇ ਚਾਂਦੀ ਦੇ ਵਰਕਾਂ ਦੇ ਤਿੰਨ ਸੈਂਪਲ ਭਰੇ ਗਏ, ਜਦਕਿ ਇਸ ਤੋਂ ਇਲਾਵਾ ਖਾਣ ਵਾਲੇ ਤੇਲ ਅਤੇ ਰੰਗ ਵਾਲੀਆਂ ਮਿਠਾਈਆਂ ਦੇ ਸੈਂਪਲ ਭਰੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਟੀਮ ਵੱਲੋਂ ਕੁੱਲ 10 ਖਾਣ ਪੀਣ ਵਾਲੀਆਂ ਵਸਤੂਆਂ ਨੂੰ ਸੀਲ ਕਰਦੇ ਹੋਏ ਲੈਬੋਰਟਰੀ ਜਾਂਚ ਲਈ ਭੇਜ ਦਿੱਤਾ ਗਿਆ ਹੈ, ਜਿਸ ਦੀ ਰਿਪੋਰਟ ਆਉਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 

 

ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ

ਉਨ੍ਹਾਂ ਦੱਸਿਆ ਕਿ ਮਿਠਾਈਆਂ ਉਪਰ ਲਗਾਏ ਜਾਣ ਵਾਲੇ ਚਾਂਦੀ ਦੇ ਵਰਕ ਵਿਚ ਐਲਮੂਨੀਅਮ ਦੀ ਮਿਲਾਵਟ ਪਾਏ ਜਾਣ ਦੌਰਾਨ ਇਸ ਦੀ ਵਰਤੋਂ ਕਰਨ ਤਹਿਤ ਵਿਅਕਤੀ ਦਿਮਾਗੀ ਤੌਰ ਉਪਰ ਬੀਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤਹਿਤ ਚਾਂਦੀ ਦੇ ਵਰਕ ਸਬੰਧੀ ਜਿੱਥੇ ਸੈਂਪਲ ਭਰੇ ਜਾ ਰਹੇ ਹਨ, ਉਥੇ ਹੀ ਦੁਕਾਨ ਮਾਲਕ ਨੂੰ ਇਸ ਦੀ ਸਹੀ ਪਹਿਚਾਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਡਾਕਟਰ ਔਲਖ ਨੇ ਦੱਸਿਆ ਕਿ ਉਹ ਜ਼ਿਲੇ ਦੇ ਸਮੂਹ ਫੂਡ ਬਿਜ਼ਨਸ ਆਪ੍ਰੇਟਰਾਂ ਨੂੰ ਬੇਨਤੀ ਕਰਦੇ ਹਨ ਕਿ ਖਾਣ ਪੀਣ ਵਾਲੀਆਂ ਵਸਤੂਆਂ ਤਿਆਰ ਕਰਨ ਸਮੇਂ ਕਰਮਚਾਰੀਆਂ ਦੇ ਸਿਰ ਉਪਰ ਟੋਪੀਆਂ ਅਤੇ ਹੱਥਾਂ ਵਿਚ ਦਸਤਾਨੇ ਜ਼ਰੂਰ ਪਵਾਏ ਜਾਣ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਇਸ ਮੌਕੇ ਫੂਡ ਸੇਫਟੀ ਅਫਸਰ ਮੈਡਮ ਸਾਕਸ਼ੀ ਖੋਸਲਾ ਵੱਲੋਂ ਦੁਕਾਨਦਾਰਾਂ ਨੂੰ ਖਾਣ ਪੀਣ ਵਾਲੀਆਂ ਵਸਤੂਆਂ ਨੂੰ ਢੱਕਣ ਅਤੇ ਸਾਫ ਸੁਥਰੇ ਢੰਗ ਨਾਲ ਤਿਆਰ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ।

ਇਹ ਵੀ ਪੜ੍ਹੋ-  ਪੰਜਾਬ 'ਚ ਠੰਡ ਦੀ ਹੋਵੇਗੀ ਸ਼ੁਰੂਆਤ, ਇਸ ਤਾਰੀਖ਼ ਤੋਂ ਬਦਲੇਗਾ ਮੌਸਮ ਦਾ ਮਿਜਾਜ਼

ਬੀਤੇ ਸ਼ੁੱਕਰਵਾਰ ਸਥਾਨਕ ਡਿਪਟੀ ਕਮਿਸ਼ਨਰ ਦਫਤਰ ਵਿਖੇ ਹੋਈ ਵਿਸ਼ੇਸ਼ ਮੀਟਿੰਗ ਵਿਚ ਇਕ ਹਲਵਾਈ ਵੱਲੋਂ ਸਿਹਤ ਅਧਿਕਾਰੀ ਨਾਲ ਬਹਿਸ ਕੀਤੀ ਗਈ ਸੀ। ਜਿਸ ਦੇ ਸਬੰਧ ਵਿਚ ਸੋਮਵਾਰ ਉਸਦੀ ਦੁਕਾਨ ਉਪਰ ਸਿਹਤ ਵਿਭਾਗ ਦੀ ਟੀਮ ਨੇ ਦਸਤਕ ਦਿੰਦੇ ਹੋਏ ਵੱਖ-ਵੱਖ ਵਸਤੂਆਂ ਦੇ ਸੈਂਪਲ ਭਰ ਲਏ ਹਨ, ਜਿਸ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਭਰੇ ਜਾਣ ਵਾਲੇ ਸੈਂਪਲ ਦੌਰਾਨ ਸਥਾਨਕ ਸ਼ਹਿਰ ਦੇ ਹਲਵਾਈਆਂ ਵਿਚ ਇਸ ਗੱਲ ਦੀ ਕਾਫੀ ਜ਼ਿਆਦਾ ਚਰਚਾ ਬਣੀ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News