ਸਿਹਤ ਵਿਭਾਗ ਨੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਮੈਡੀਕਲ ਸਟੋਰ ਨੂੰ 21 ਦਿਨ ਲਈ ਕੀਤਾ ਸੀਲ

06/01/2023 11:47:58 AM

ਤਰਨਤਾਰਨ (ਰਮਨ ਚਾਵਲਾ)- ਸਿਹਤ ਮੰਤਰੀ ਪੰਜਾਬ ਦੇ ਸਖ਼ਤ ਹੁਕਮਾਂ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਵਲੋਂ ਹੁਣ ਝੋਲਾ ਛਾਪ ਡਾਕਟਰਾਂ ਅਤੇ ਨਿਯਮਾਂ ਦੀਆਂ ਉਲੰਘਣਾ ਕਰਨ ਵਾਲੇ ਮੈਡੀਕਲ ਸਟੋਰਾਂ ਖ਼ਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਜ਼ਿਲ੍ਹਾ ਡਰੱਗ ਕੰਟਰੋਲਰ ਅਫ਼ਸਰ ਅਤੇ ਪੁਲਸ ਦੀ ਸਾਂਝੀ ਕਾਰਵਾਈ ਦੌਰਾਨ ਜਿੱਥੇ ਇਕ ਮੈਡੀਕਲ ਸਟੋਰ ਨੂੰ 21 ਦਿਨਾਂ ਲਈ ਸੀਲ ਕਰ ਦਿੱਤਾ ਗਿਆ ਹੈ ਉੱਥੇ ਇਕ ਝੋਲਾ ਛਾਪ ਡਾਕਟਰ ਨੂੰ 140 ਪਾਬੰਦੀਸ਼ੁਦਾ ਗੋਲੀਆਂ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਸਾਰੇ ਕਾਲਜ 3 ਦਿਨ ਰਹਿਣਗੇ ‘ਤਾਲਾਬੰਦ’, ਸਾਂਝੀ ਐਕਸ਼ਨ ਕਮੇਟੀ ਨੇ ਦਿੱਤੀ ਇਹ ਚਿਤਾਵਨੀ

ਜਾਣਕਾਰੀ ਦਿੰਦੇ ਹੋਏ ਡਰੱਗ ਕੰਟਰੋਲਰ ਅਫ਼ਸਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਮਿਲੇ ਹੁਕਮਾਂ ਅਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਸਿਵਲ ਸਰਜਨ ਡਾਕਟਰ ਗੁਰਪ੍ਰੀਤ ਸਿੰਘ ਰਾਏ ਦੇ ਨਿਰਦੇਸ਼ਾਂ ਹੇਠ ਥਾਣਾ ਚੋਹਲਾ ਸਾਹਿਬ ਦੀ ਪੁਲਸ ਸਮੇਤ ਇਕ ਸਾਂਝੀ ਟੀਮ ਦਾ ਗਠਨ ਕੀਤਾ ਗਿਆ ਸੀ। ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਸਮੇਂ ਦੌਰਾਨ ਉਨ੍ਹਾਂ ਵਲੋਂ ਗਿੱਲ ਮੈਡੀਕਲ ਸਟੋਰ ਰੂੜੀ ਵਾਲਾ ਰੋਡ, ਚੋਹਲਾ ਸਾਹਿਬ ਵਿਖੇ ਚੈਕਿੰਗ ਦੌਰਾਨ ਫਾਰਮਾਸਿਸਟ ਰਣਜੀਤ ਕੌਰ ਗੈਰ ਹਾਜ਼ਰ ਅਤੇ ਕੁਝ ਹੋਰ ਕਮੀਆਂ ਪਾਈਆਂ ਗਈਆਂ ਸਨ, ਜਿਸ ਦੌਰਾਨ ਇਸ ਫ਼ਰਮ ਦੇ ਲਾਇਸੈਂਸ ਨੂੰ 21 ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਕਰਕੇ ਅੱਜ ਬੁੱਧਵਾਰ ਨੂੰ ਉਨ੍ਹਾਂ ਵਲੋਂ ਪੁਲਸ ਦੀ ਹਾਜ਼ਰੀ ਵਿਚ ਸਬੰਧਿਤ ਮੈਡੀਕਲ ਸਟੋਰ ਨੂੰ ਫ਼ਰਮ ਦੇ ਮਾਲਕ ਸੁਰਜੀਤ ਸਿੰਘ ਦੀ ਮੌਜੂਦਗੀ ਵਿਚ 21 ਦਿਨ ਲਈ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੈਡੀਕਲ ਸਟੋਰ ਦਾ ਮਾਲਕ ਇਸ ਫ਼ਰਮ ਨੂੰ 21 ਦਿਨ ਬਾਅਦ ਖੋਲ੍ਹੇਗਾ। 

ਇਹ ਵੀ ਪੜ੍ਹੋ- ਪਿੰਡ ਧਾਰੀਵਾਲ ਕਲਾਂ ’ਚ ਵਾਪਰਿਆ ਭਾਣਾ, 2 ਸਾਲਾ ਬੱਚੇ ਦੀ ਟਿਊਬਵੈੱਲ ਦੇ ਚੁਬੱਚੇ ’ਚ ਡੁੱਬਣ ਕਾਰਨ ਮੌਤ

ਡਰੱਗ ਕੰਟਰੋਲਰ ਅਫ਼ਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਥਾਣਾ ਚੋਹਲਾ ਸਾਹਿਬ ਦੇ ਮੁਖੀ ਵਿਨੋਦ ਸ਼ਰਮਾ ਸਮੇਤ ਪੁਲਸ ਪਾਰਟੀ ਪਿੰਡ ਰੱਤੋਕੇ ਵਿਖੇ ਜਸਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਜੋ ਪ੍ਰਾਈਵੇਟ ਕਲੀਨਿਕ ਚਲਾਉਂਦਾ ਹੈ ਅਤੇ ਉਸ ਕੋਈ ਵੀ ਡਿਗਰੀ ਮੌਜੂਦ ਨਹੀਂ ਹੈ, ਪਾਸੋਂ ਚੈਕਿੰਗ ਦੌਰਾਨ 140 ਐੱਲਪਰਾਜੋਲਾਮ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਨੂੰ ਪੁਲਸ ਨੇ ਆਪਣੀ ਹਿਰਾਸਤ ਵਿਚ ਲੈਂਦੇ ਹੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਸਬਾ ਚੋਹਲਾ ਸਾਹਿਬ ਵਿਖੇ ਮੌਜੂਦ ਜੋਤੀ ਮੈਡੀਕਲ ਸਟੋਰ ਤੋਂ ਤਿੰਨ ਦਵਾਈਆਂ ਦੇ ਸੈਂਪਲ ਅਤੇ ਪੰਜਾਬ ਮੈਡੀਕਲ ਪਾਸੋਂ ਦੋ ਦਵਾਈਆਂ ਦੇ ਸੈਂਪਲ ਕਰਦੇ ਹੋਏ ਲੈਬੋਰਟਰੀ ਜਾਂਚ ਲਈ ਭੇਜ ਦਿੱਤੇ ਹਨ, ਜਿਸ ਦੀ ਰਿਪੋਰਟ ਆਉਣ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News