ਪੰਜਾਬ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ, ਕੰਡਿਆਲੀ ਤਾਰ ਤੇ ਪਾਕਿ ਡਰੋਨ ਨੂੰ ਲੈ ਕੇ ਬਜਟ 'ਚ ਸੀ ਵਿਵਸਥਾ ਦੀ ਉਮੀਦ

Thursday, Feb 02, 2023 - 02:42 PM (IST)

ਪੰਜਾਬ ਦੀਆਂ ਉਮੀਦਾਂ 'ਤੇ ਫਿਰਿਆ ਪਾਣੀ, ਕੰਡਿਆਲੀ ਤਾਰ ਤੇ ਪਾਕਿ ਡਰੋਨ ਨੂੰ ਲੈ ਕੇ ਬਜਟ 'ਚ ਸੀ ਵਿਵਸਥਾ ਦੀ ਉਮੀਦ

ਪਠਾਨਕੋਟ (ਸ਼ਾਰਦਾ)- 2024 ਦੇ ਲੋਕ ਸਭਾ ਚੋਣਾਂ ਤੋਂ ਪਹਿਲੇ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਆਮ ਬਜਟ ’ਤੇ ਸਾਰੀ ਸਿਆਸੀ ਪਾਰਟੀਆਂ ਦੀ ਤੇਜ਼ ਨਜ਼ਰ ਸੀ ਕਿ ਇਸ ਦਾ ਪ੍ਰਭਾਵ ਉਨ੍ਹਾਂ ਦੇ ਸੂਬਿਆਂ ’ਚ ਕਿਹੋ ਜਿਹਾ ਪਵੇਗਾ। ਇਹੋ ਸਥਿਤੀ ਪੰਜਾਬ ਨੂੰ ਲੈ ਕੇ ਸੀ, ਇੱਥੇ ਪਿਛਲੇ ਸਾਲ 92 ਸੀਟਾਂ ਦੇ ਨਾਲ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵਾਂ ਇਤਿਹਾਸ ਰਚਿਆ ਸੀ ਪਰ ਸਿਆਸੀ ਹਾਲਾਤ ਅਜਿਹੇ ਬਣੇ ਕਿ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਵਿਚਾਲੇ 36 ਦਾ ਅੰਕੜਾ ਸ਼ੁਰੂ ਤੋਂ ਹੀ ਬਣ ਗਿਆ। ਭਾਜਪਾ ਪੰਜਾਬ ’ਚ ਆਪਣੇ ਪੈਰ ਜਮਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲੱਗਾ ਰਹੀ ਹੈ ਪਰ ਆਮ ਆਦਮੀ ਪਾਰਟੀ, ਕਾਂਗਰਸ ਅਤੇ ਅਕਾਲੀ ਦਲ ਭਾਜਪਾ ਦੀ ਕੇਂਦਰ ਸਰਕਾਰ ਨੂੰ ਪੰਜਾਬ ਵਿਰੋਧੀ ਮੰਨਦੇ ਹਨ। ਪ੍ਰੀ-ਬਜਟ ਮੀਟਿੰਗ ’ਚ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਬਾਰਡਰ ਦੇ ਨਾਲ-ਨਾਲ ਖੇਤਰ ’ਚ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ, ਤਾਂ ਜੋ ਪਾਕਿਸਤਾਨ ਤੋਂ ਭੇਜੇ ਜਾ ਰਹੇ ਹਥਿਆਰ ਅਤੇ ਨਸ਼ਿਆਂ ਦੇ ਪੈਕੇਟ ਰੋਕੇ ਜਾ ਸਕਣ। ਬਜਟ ’ਚ ਮੰਗ ਦਾ ਪੂਰਾ ਹੋਣਾ ਤਾਂ ਦੂਰ ਇਸ ’ਤੇ ਇਕ ਸ਼ਬਦ ਵੀ ਨਹੀਂ ਬੋਲਿਆ ਗਿਆ। ਇਸ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕਾਫ਼ੀ ਪ੍ਰੇਸ਼ਾਨ ਨਜ਼ਰ ਆਏ।

ਕੰਡਿਆਲੀ ਤਾਰ ਨੂੰ ਲੈ ਕੇ ਬਜਟ ’ਚ ਕੋਈ ਗੱਲ ਨਹੀਂ

ਅਜਿਹੀ ਹੀ ਇਕ ਬਹੁਤ ਪੁਰਾਣੀ ਅਤੇ ਸਹੀ ਮੰਗ ਇਹ ਹੈ ਕਿ ਪੰਜਾਬ ਦੀ ਸਰਹੱਦ ਨਾਲ ਲੱਗਦੀ ਜੋ ਕੰਡਿਆਲੀ ਤਾਰ ਲਾਈ ਗਈ ਹੈ, ਉਸ ਤੋਂ ਪਾਰ ਜੋ ਜ਼ਮੀਨ ਹੈ ਉਸ ’ਤੇ ਕੇਂਦਰ ਸਰਕਾਰ ਬਜਟ ’ਚ ਕੁਝ ਪ੍ਰਬੰਧ ਕਰੇ ਤਾਂ ਜੋ ਕੰਡਿਆਲੀ ਤਾਰ ਦਾ ਕੰਮ ਅੰਤਿਮ ਸੀਮਾ ਤੱਕ ਜਾ ਸਕੇ। ਇਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਵਾਪਸ ਮਿਲਣ ਦੇ ਨਾਲ-ਨਾਲ ਬੀ. ਐੱਸ. ਐੱਫ. ਨੂੰ ਫ਼ਾਇਦਾ ਹੋਵੇਗਾ ਜੋ ਖੇਤੀ ਕਰਵਾਉਣ ਲਈ ਕਿਸਾਨਾਂ ਨਾਲ ਜਾਂਦੇ ਹਨ। ਇਸ ਮੰਗ ’ਤੇ ਵੀ ਬਜਟ ’ਚ ਕੋਈ ਗੱਲ ਤੱਕ ਨਹੀਂ ਹੈ।

ਇਹ ਵੀ ਪੜ੍ਹੋ- 1984 ਦੇ ਫ਼ੌਜੀ ਹਮਲੇ ਸਬੰਧੀ ਯਾਦਗਾਰ ਨੂੰ ਪਲਸਤਰ ਕਰਨ ਦੀਆਂ ਅਫਵਾਹਾਂ 'ਤੇ SGPC ਨੇ ਦਿੱਤਾ ਸਪੱਸ਼ਟੀਕਰਨ

ਬਜਟ ਨਾਲ ਪੰਜਾਬ ਨੂੰ ਹੋਵੇਗਾ ਫਾਇਦਾ : ਭਾਜਪਾ

ਦੂਜੇ ਪਾਸੇ ਭਾਜਪਾ ਦਾ ਮੰਨਣਾ ਹੈ ਕਿ ਰੇਲਵੇ ਲਈ 2.40 ਲੱਖ ਕਰੋੜ ਰੁਪਏ ਰੱਖੇ ਗਏ ਹਨ, ਜਿਸ ’ਚੋਂ ਕੁਝ ਰਕਮ ਪੰਜਾਬ ’ਚ ਖਰਚ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੀਆਂ ਰੇਲ ਗੱਡੀਆਂ ਵੀ ਚਲਾਈਆਂ ਜਾਣਗੀਆਂ। ਕਿਸਾਨਾਂ ਨੂੰ ਲੈ ਕੇ ਵੀ 20 ਲੱਖ ਕਰੋੜ ਦੇ ਕਰਜ਼ੇ ਦੀ ਵੀ ਵਿਵਸਥਾ ਕੀਤੀ ਗਈ ਹੈ, ਜਿਸ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ। ਇਸੇ ਤਰ੍ਹਾਂ ਸ੍ਰੀ ਅਤਰ ਯੋਜਨਾ ਤਹਿਤ ਬਾਜਰੇ, ਮੱਕੀ ਆਦਿ ਨੂੰ ਉਤਸ਼ਾਹਿਤ ਕਰਨ ਲਈ ਬਜਟ ’ਚ ਪੈਸੇ ਦਾ ਪ੍ਰਬੰਧ ਹੈ। ਉਸ ਦਾ ਵੀ ਕਿਸਾਨਾਂ ਨੂੰ ਲਾਭ ਲੈਣਾ ਚਾਹੀਦਾ ਹੈ ਪਰ ਜਿਸ ਤਰੀਕੇ ਨਾਲ ਪੰਜਾਬ ’ਚ ਨਸ਼ਾ ਅਤੇ ਹਥਿਆਰ ਨੂੰ ਸੁੱਟਣ ਦੀ ਹਰਕਤ ਪਾਕਿਸਤਾਨ ਵਾਰ-ਵਾਰ ਕਰ ਰਿਹਾ ਹੈ, ਉਸ ਕਾਰਨ ਬਜਟ ’ਚ ਪੰਜਾਬ ਨੂੰ ਲੈ ਕੇ ਕੁਝ ਗੱਲਾਂ ਜ਼ਰੂਰ ਹੋਣੀਆਂ ਚਾਹੀਦੀਆਂ ਸਨ ਪਰ ਪੂਰੇ ਬਜਟ ਭਾਸ਼ਣ ਦੌਰਾਨ ਪੰਜਾਬ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਨਾਮ ਨਾ ਆਉਣਾ ਨਿਸ਼ਚਤ ਤੌਰ ’ਤੇ ਲੋਕਾਂ ਨੂੰ ਦੁਖੀ ਕਰ ਰਿਹਾ ਹੈ। ਚੋਣਾਂ ਵਾਲਾ ਸਾਲ ਸ਼ੁਰੂ ਹੋ ਚੁੱਕਾ ਹੈ। ਮਾਰਚ ’ਚ ਜਲੰਧਰ ’ਚ ਲੋਕ ਸਭਾ ਸੀਟ ਲਈ ਉਪ ਚੋਣਾਂ ਹੋਣੀਆਂ ਹਨ, ਜੁਲਾਈ-ਅਗਸਤ ’ਚ ਸਰਕਾਰ ਲੋਕਲ ਬਾਡੀ ਚੋਣਾਂ ਕਰਵਾਉਣਾ ਚਾਹੁੰਦੀ ਹੈ ਅਤੇ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋ ਜਾਣਗੀਆਂ।

PunjabKesari

ਏਅਰਪੋਰਟ ਅਤੇ ਸਪੈਸ਼ਲ ਟਰੇਨ ਦੀ ਸੀ ਉਮੀਦ
ਇਸੇ ਤਰ੍ਹਾਂ ਬਜਟ ’ਚ 50 ਨਵੇਂ ਹਵਾਈ ਅੱਡੇ ਬਣਾਉਣ ਦਾ ਐਲਾਨ ਹੈ ਪਰ ਪੰਜਾਬ ’ਚ ਕਈ ਹਵਾਈ ਅੱਡੇ ਅਜਿਹੇ ਹਨ ਜਿੱਥੇ ਉਡਾਣਾਂ ਨਹੀਂ ਚੱਲ ਰਹੀਆਂ। ਪਠਾਨਕੋਟ ਅਤੇ ਬਠਿੰਡਾ ’ਚ ਵੀ ਫਲਾਈਟਾਂ ਬੰਦ ਹੋ ਚੁੱਕੀਆਂ ਹਨ। ਆਦਮਪੁਰ ਅਤੇ ਸਾਹਨੇਵਾਲ ਵਿਖੇ ਹਵਾਈ ਅੱਡੇ ਉਸਾਰੀ ਅਧੀਨ ਹਨ। ਲੋਕਾਂ ਨੂੰ ਨਵੇਂ ਹਵਾਈ ਅੱਡੇ ਦੀ ਉਮੀਦ ਸੀ। ਪੰਜਾਬ ਦੇ ਲੋਕ ਬਹੁਤ ਹੀ ਧਾਰਮਿਕ ਹਨ, ਇਸ ਲਈ ਲੋਕਾਂ ਦੀ ਇਕ ਹੋਰ ਵੱਡੀ ਮੰਗ ਹੈ ਕਿ ਸਿੱਖਾਂ ਦੇ ਪੰਜ ਪਵਿੱਤਰ ਅਸਥਾਨਾਂ ਲਈ ਅਜਿਹੀ ਵਿਸ਼ੇਸ਼ ਟਰੇਨ ਚਲਾਈ ਜਾਵੇ, ਜੋ ਸ੍ਰੀ ਹਰਿਮੰਦਰ ਸਾਹਿਬ ਤੋਂ ਸ਼ੁਰੂ ਹੋ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਖ਼ਤਮ ਹੋਵੇ। ਇਸੇ ਤਰ੍ਹਾਂ ਵੰਦੇ ਭਾਰਤ ਟਰੇਨ ਨੂੰ ਦਿੱਲੀ-ਅੰਮ੍ਰਿਤਸਰ ਦੇ ਵਿਚਕਾਰ ਅਤੇ ਦਿੱਲੀ-ਬਠਿੰਡਾ ਅਤੇ ਦਿੱਲੀ-ਪਠਾਨਕੋਟ ’ਚ ਚਲਾਉਣ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਪੰਜਾਬ ਸਰਕਾਰ ਬਜਟ ਦੀ ਆੜ ’ਚ ਕੇਂਦਰ ’ਤੇ ਹਮਲਾ ਕਰ ਰਹੀ ਹੈ ਕਿ ਕੇਂਦਰ ਤੋਂ ਕਿਸਾਨ ਅੰਦੋਲਨ ਦਾ ਬਦਲਾ ਲਿਆ ਜਾ ਰਿਹਾ ਹੈ ਅਤੇ ਇਸੇ ਕਰ ਕੇ 26 ਜਨਵਰੀ ਨੂੰ ਗਣਤੰਤਰ ਦਿਵਸ ’ਤੇ ਪੰਜਾਬ ਦੀ ਝਾਂਕੀ ਨੂੰ ਥਾਂ ਨਹੀਂ ਮਿਲੀ, ਜਿਸ ਕਾਰਨ ਪੰਜਾਬੀਆਂ ’ਚ ਭਾਰੀ ਰੋਸ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


 


author

Shivani Bassan

Content Editor

Related News