ਖਤਰਨਾਕ ਚਾਈਨਾ ਡੋਰ ਦਾ ਕਹਿਰ ਜਾਰੀ, ਕਈ ਲੋਕ ਗੁਆ ਚੁੱਕੇ ਜਾਨਾਂ ਤੇ ਹੋਏ ਜ਼ਖਮੀ

Monday, Jan 26, 2026 - 05:24 PM (IST)

ਖਤਰਨਾਕ ਚਾਈਨਾ ਡੋਰ ਦਾ ਕਹਿਰ ਜਾਰੀ, ਕਈ ਲੋਕ ਗੁਆ ਚੁੱਕੇ ਜਾਨਾਂ ਤੇ ਹੋਏ ਜ਼ਖਮੀ

ਤਰਨਤਾਰਨ(ਵਾਲੀਆ)-ਖ਼ਤਰਨਾਕ ਚਾਈਨਾ ਡੋਰ ਧੜੱਲੇ ਨਾਲ ਵਿਕ ਰਹੀ ਹੈ । ਲੋਹੜੀ ਅਤੇ ਬਸੰਤ ਦੇ ਤਿਉਹਾਰ ਮੌਕੇ ਲੋਕਾਂ ਵੱਲੋਂ ਪਤੰਗਬਾਜ਼ੀ ਕਰਨ ਸਮੇਂ ਇਸਦੀ ਵਰਤੋਂ ਕਰ ਰਹੇ ਹਨ ਅਤੇ ਆਏ ਦਿਨ ਇਸ ਡੋਰ ਦੀ ਚਪੇਟ ਵਿਚ ਆਉਣ ਕਾਰਨ ਕਈ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ ਅਤੇ ਕਈ ਲੋਕ ਗੰਭੀਰ ਜ਼ਖ਼ਮੀ ਹੋ ਰਹੇ ਹਨ। ਇਸੇ ਤਰ੍ਹਾਂ ਦੀ ਘਟਨਾ ਬੀਤੇ ਦਿਨ ਸਮਰਾਲਾ ਵਿਖੇ ਦੇਖਣ ਨੂੰ ਮਿਲੀ ਜਦੋਂ ਇਕ 15 ਸਾਲਾਂ ਦਾ ਨੌਜਵਾਨ ਜੋ ਕਿ ਸਕੂਲ ਤੋਂ ਘਰ ਵਾਪਸ ਆ ਰਿਹਾ ਸੀ, ਦੀ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਕਾਰਨ ਮੌਤ ਹੋ ਗਈ, ਜੋ ਕਿ ਬਹੁਤ ਹੀ ਦੁਖਦਾਈ ਘਟਨਾ ਹੈ।

ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਭਾਵੇਂ ਲੱਖ ਦਾਅਦੇ ਕੀਤੇ ਜਾ ਰਹੇ ਹਨ, ਚਾਈਨਾ ਡੋਰ ਦੀ ਵਿਕਰੀ ਨਹੀਂ ਹੋ ਰਹੀ ਹੈ, ਪਰ ਇਹ ਸਾਰੇ ਦਾਅਵੇ ਸੱਚਾਈ ਤੋਂ ਕੋਹਾਂ ਦੂਰ ਹਨ ਅਤੇ ਲੋਕ ਪਤੰਗਬਾਜ਼ੀ ਕਰਨ ਸਮੇਂ ਚਾਈਨਾ ਡੋਰ ਦੀ ਵਰਤੋਂ ਰੱਜ ਕੇ ਕਰ ਰਹੇ ਹਨ, ਉਥੇ ਸ਼ਹਿਰ ਵਿਚ ਅੰਦਰ ਖਾਤੇ ਇਸ ਡੋਰ ਨੂੰ ਕੁਝ ਲੋਕ ਵੇਚ ਕੇ ਲੋਕਾਂ ਦੀਆਂ ਜਾਨਾਂ ਨਾਲ ਖਿਲਵਾੜ ਕਰ ਰਹੇ ਹਨ। 

ਇਥੇ ਦੱਸਣਾ ਬਣਦਾ ਹੈ ਕਿ ਚਾਈਨਾ ਡੋਰ ਜਿੱਥੇ ਮਨੁੱਖ ਲਈ ਖਤਰਨਾਕ ਸਾਬਤ ਹੋ ਰਹੀ ਹੈ, ਉਥੇ ਪੰਛੀਆਂ ਅਤੇ ਪਸ਼ੂਆਂ ਲਈ ਵੀ ਬਹੁਤ ਹੀ ਘਾਤਕ ਸਾਬਤ ਹੋ ਰਹੀ ਹੈ। ਤਰਨਤਾਰਨ ਵਿਖੇ ਵੀ ਪਿਛਲੀ ਲੋਹੜੀ ਤਿਉਹਾਰ ਮੌਕੇ ਇਕ ਛੇ ਸਾਲ ਦਾ ਛੋਟਾ ਬੱਚਾ ਜੋ ਕਿ ਪਤੰਗ ਲੁੱਟ ਰਿਹਾ ਸੀ ਅਤੇ ਪਤੰਗ ਲੁੱਟਣ ਸਮੇਂ ਚਾਈਨਾ ਡੋਰ ਬਿਜਲੀ ਦੀਆਂ ਤਾਰਾਂ ਉੱਤੇ ਪੈਣ ਕਾਰਨ ਉਹ ਬਿਜਲੀ ਦੀ ਲਪੇਟ ਵਿਚ ਆ ਗਿਆ ਤੇ ਮੌਕੇ ’ਤੇ ਹੀ ਮੌਤ ਹੋ ਗਈ, ਜੋ ਕਿ ਬਹੁਤ ਹੀ ਦੁੱਖਦਾਈ ਘਟਨਾ ਵਾਪਰੀ ਸੀ।

ਇਸ ਇਲਾਵਾ ਆਏ ਦਿਨ ਇਸ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਕਾਰਨ ਕਈ ਲੋਕ ਗੰਭੀਰ ਜ਼ਖਮੀ ਹੋ ਰਹੇ ਹਨ। ਪਲਾਸਟਿਕ ਦੀ ਬਣੀ ਇਹ ਡੋਰ ਇੰਨੀ ਸਖ਼ਤ ਹੁੰਦੀ ਹੈ ਕਿ ਪੰਛੀਆਂ ਦੇ ਪੰਜਿਆਂ ਅਤੇ ਖੰਭਾਂ ਵਿਚ ਫਸ ਜਾਂਦੀ ਹੈ ਅਤੇ ਪਲਾਸਟਿਕ ਦੀ ਹੋਣ ਕਾਰਨ ਟੁੱਟਦੀ ਨਹੀਂ ਹੈ, ਜਿਸ ਨਾਲ ਪੰਛੀ ਤਾਰਾਂ ਅਤੇ ਦਰੱਖਤਾਂ ਉਪਰ ਲਟਕ ਜਾਂਦੇ ਹਨ ਅਤੇ ਭੁੱਖੇ ਪਾਣੇ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।

ਰਸਤੇ ਵਿਚ ਵਾਹਨਾਂ ’ਤੇ ਜਾ ਰਹੇ ਕਈ ਲੋਕਾਂ ਦੇ ਗਲੇ ਵਿਚ ਇਹ ਚਾਈਨਾ ਡੋਰ ਫਸ ਜਾਂਦੀ ਹੈ, ਜਿਸ ਕਾਰਨ ਕਈ ਲੋਕਾਂ ਦੇ ਗਲੇ ਵੱਢੇ ਜਾਂਦੇ ਹਨ ਅਤੇ ਉਨ੍ਹਾਂ ਦੇ ਗਲੇ ਉਪਰ ਕਈ ਟਾਂਕੇ ਲੱਗੇ, ਉਥੇ ਕਈ ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ, ਪ੍ਰੰਤੂ ਪ੍ਰਸ਼ਾਸਨ ਇਸ ਦੀ ਵਿਕਰੀ ’ਤੇ ਰੋਕ ਲਗਾਉਣ ਵਿਚ ਅਸਫਲ ਸਾਬਤ ਹੋ ਰਿਹਾ ਹੈ। ਇਥੇ ਦੱਸਣਾ ਬਣਦਾ ਹੈ ਕਿ ਇੰਨੀ ਸਖ਼ਤੀ ਹੋਣ ਦੇ ਬਾਵਜੂਦ ਅਕਸਰ ਇਹ ਚਾਈਨਾ ਡੋਰ ਕਿਸ ਤਰ੍ਹਾਂ ਵਿਕ ਰਹੀ ਹੈ ਅਤੇ ਲੋਕ ਇਸ ਦੀ ਵਰਤੋਂ ਕਰ ਰਹੇ ਹਨ, ਉਹ ਜੋ ਕਿ ਚਿੰਤਾ ਦਾ ਵਿਸ਼ਾ ਹੈ। 

ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਪਾਸੋਂ ਲੋਕਾਂ ਨੇ ਮੰਗ ਕਰਦਿਆਂ ਕਿਹਾ ਕਿ ਚਾਈਨਾ ਡੋਰ ਦੀ ਵਿਕਰੀ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਪਤੰਗਾਂ ਅਤੇ ਡੋਰ ਵੇਚਣ ਵਾਲੀਆਂ ਦੁਕਾਨਾਂ ਉਪਰ ਛਾਪੇਮਾਰੀ ਕੀਤੀ ਜਾਵੇ ਅਤੇ ਜਿਹੜੇ ਲੋਕ ਚਾਈਨਾ ਡੋਰ ਦਾ ਕਾਰੋਬਾਰ ਕਰ ਰਹੇ ਹਨ, ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਨੂੰ ਜੇਲਾਂ ਵਿਚ ਸੁੱਟਿਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਣਸੁਖਾਵੀਂ ਘਟਨਾ ਨਾ ਹੋ ਸਕੇ।

ਇਸ ਸਬੰਧੀ ਜਦੋਂ ਵੱਖ-ਵੱਖ ਸਮਾਜ ਸੇਵਕਾਂ ਡਾ. ਸੁਖਦੇਵ ਸਿੰਘ ਲੌਹਕਾ, ਲਖਵੀਰ ਸਿੰਘ ਸੈਣੀ, ਹਰਜਿੰਦਰ ਸਿੰਘ, ਮੇਹਰ ਸਿੰਘ ਚੁਤਾਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਲੋਹੜੀ ਦੇ ਤਿਉਹਾਰ ਮੌਕੇ ਚਾਈਨਾ ਡੋਰ ਦੀ ਖੂਬ ਵਿਕਰੀ ਹੋਈ ਹੈ, ਉਥੇ ਲੋਕਾਂ ਵੱਲੋਂ ਵੀ ਇਸਦੀ ਵਰਤੋਂ ਕੀਤੀ ਗਈ ਹੈ, ਜਿਸ ਕਾਰਨ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਕਾਰਨ ਪੰਜਾਬ ਵਿਚ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਅਤੇ ਲੋਕ ਜ਼ਖ਼ਮੀ ਹੋਏ ਹਨ। ਉਨ੍ਹਾਂ ਦੱਸਿਆ ਕਿ ਪਿਛਲੀ ਲੋਹੜੀ ਵਾਲੇ ਦਿਨ ਤਰਨਤਾਰਨ ਵਿਚ ਵੀ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਕਾਰਨ ਇਕ ਛੋਟੇ ਬੱਚੇ ਦੀ ਮੌਤ ਹੋ ਗਈ, ਜੋ ਕਿ ਬਹੁਤ ਦੁੱਖਦਾਈ ਹੈ, ਉਥੇ ਕਈ ਲੋਕ ਇਸ ਡੋਰ ਨਾਲ ਜ਼ਖ਼ਮੀ ਹੋ ਹਨ। 

ਉਥੇ ਬੀਤੇ ਦਿਨ ਵੀ ਸਮਰਾਲਾ ਵਿਖੇ ਇਕ ਨੌਜਵਾਨ ਵਿਦਿਆਰਥੀ ਦੀ ਸਕੂਲ ਤੋਂ ਵਾਪਸ ਆਉਣ ਸਮੇਂ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਕਾਰਨ ਮੌਤ ਹੋ ਗਈ ਜੋ ਕਿ ਬਹੁਤ ਹੀ ਦੁੱਖਦਾਈ ਘਟਨਾ ਹੈ। ਉਨ੍ਹਾਂ ਕਿਹਾ ਕਿ ਪਾਬੰਦੀ ਦੇ ਬਾਵਜੂਦ ਧੜੱਲੇ ਨਾਲ ਇਸ ਡੋਰ ਦੀ ਵਿਕਰੀ ਹੋਣਾ ਚਿੰਤਾ ਦਾ ਵਿਸ਼ਾ ਹੈ, ਇਸ ਪ੍ਰਤੀ ਸੰਜ਼ੀਦਗੀ ਨਾਲ ਸੋਚਣ ਦੀ ਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਪੁਲਸ ਵਿਭਾਗ ਪਾਸੋਂ ਮੰਗ ਕਰਦਿਆਂ ਕਿਹਾ ਕਿ ਚਾਈਨਾ ਡੋਰ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਕਾਬੂ ਕੀਤਾ ਜਾਵੇ, ਉਥੇ ਸਮੇਂ-ਸਮੇਂ ’ਤੇ ਚੈਕਿੰਗ ਕੀਤੀ ਜਾਵੇ ਤਾਂ ਜੋ ਚਾਈਨਾ ਡੋਰ ਦਾ ਕਾਰੋਬਾਰ ਰੁਕ ਸਕੇ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਕਿਉਂਕਿ ਇਹ ਜਾਨਲੇਵਾ ਸਾਬਤ ਹੋ ਰਹੀ ਹੈ।

ਉਨ੍ਹਾਂ ਐੱਸ.ਐੱਸ.ਪੀ ਤਰਨਤਾਰਨ ਸੁਰਿੰਦਰ ਲਾਂਬਾ ਪਾਸੋਂ ਮੰਗ ਕੀਤੀ ਕਿ ਚਾਈਨਾ ਡੋਰ ਦੀ ਵਿਕਰੀ ਨੂੰ ਰੋਕਣ ਲਈ ਵੱਖ-ਵੱਖ ਪੁਲਸ ਟੀਮਾਂ ਦਾ ਗਠਨ ਕਰਕੇ ਸਖਤੀ ਨਾਲ ਚਾਈਨਾ ਡੋਰ ਦੇ ਕਾਰੋਬਾਰ ਨੂੰ ਰੋਕਿਆ ਜਾਵੇ ਅਤੇ ਜਿਹੜੇ ਲੋਕ ਇਸ ਕਾਰੋਬਾਰ ਨਾਲ ਜੁੜੇ ਹੋਏ ਹਨ, ਉਨ੍ਹਾਂ ਨੂੰ ਕਾਬੂ ਕਰਕੇ ਉਨ੍ਹਾਂ ਉਪਰ ਮਾਮਲੇ ਦਰਜ ਕਰਕੇ ਜੇਲਾਂ ਵਿਚ ਸੁੱਟਿਆ ਜਾਵੇ ਤਾਂ ਜੋ ਚਾਈਨਾ ਡੋਰ ਨਾਲ ਹੋ ਰਹੇ ਹਾਦਸਿਆਂ ਵਿਚ ਕਮੀ ਆ ਸਕੇ ਅਤੇ ਲੋਕਾਂ ਦੀਆਂ ਜਾਨਾਂ ਬਚ ਸਕਣ।


author

Shivani Bassan

Content Editor

Related News