ਅੰਮ੍ਰਿਤਸਰ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਮੈਨੀ ਨੇ ਮਾਝੇ ’ਚ ਦਿੱਤੇ ਕਈ ਆਗਾਮੀ ਸੰਕੇਤ
Monday, Dec 19, 2022 - 12:21 PM (IST)
ਰਾਜਾਸਾਂਸੀ (ਰਾਜਵਿੰਦਰ)- ਬੀਤੇ ਦਿਨੀਂ ਮਾਝੇ ਦੀ ਸਿਆਸਤ 'ਚ ਚੱਲ ਰਹੀ ਉੱਥਲ-ਪੁਥਲ ਨਾਲ ਵੱਡਾ ਭੂਚਾਲ ਆ ਗਿਆ, ਜਦੋਂ ਪੰਜਾਬ ਸਰਕਾਰ ’ਚ ਮੰਤਰੀ ਦੇ ਜ਼ਿਲ੍ਹੇ 'ਚੋਂ ਆਮ ਆਦਮੀ ਪਾਰਟੀ ਦੇ ਕੁਝ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੇ ਮਾਝੇ ਦੇ ਅਕਾਲੀ ਦਲ ਦੇ ਵੱਡੇ ਆਗੂ ਦੇ ਹਲਕੇ ਦੇ ਪੰਜ ਮੈਂਬਰਾਂ ਨੇ ਗੰਢਤੁਪ ਕਰ ਕੇ ਜ਼ਿਲ੍ਹਾ ਪ੍ਰੀਸ਼ਦ ਦੇ ਮੌਜੂਦਾ ਚੇਅਰਮੈਨ ਦਿਲਰਾਜ ਸਿੰਘ ਸਰਕਾਰੀਆ ਜੋ ਕਿ ਮਾਝੇ ਦੇ ਸੀਨੀਅਰ ਕਾਂਗਰਸੀ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆਂ ਦੇ ਸਕੇ ਭਤੀਜੇ ਹਨ, ਦੇ ਵਿਰੋਧ ਵਿਚ ਬੇਭਰੋਸਗੀ ਦਾ ਮਤਾ ਲਿਆ ਕੇ ਉਸਨੂੰ ਲਾਹੁਣਾ ਚਾਹਿਆ। ਪਰ ਕਾਂਗਰਸ ਪਾਰਟੀ ਧੋਬੀ ਪਟਕਾ ਮਾਰ ਕੇ ਚੇਅਰਮੈਨੀ ’ਤੇ ਕਾਬਿਜ਼ ਹੋ ਗਈ। ਰਾਜਨੀਤੀ ਦੇ ਘਾਗ ਸਿਆਸਤਦਾਨ ਤੇ ਬੁੱਧੀਜੀਵੀ ਇਸ ਨੂੰ ਬੜੀ ਡੂੰਘਾਈ ਨਾਲ ਲੈ ਰਹੇ ਹਨ, ਕਿਉਂਕਿ ਇਹ ਬੇਭਰੋਸਗੀ ਮਤਾ ਲਿਆਉਣ ਵਾਲੇ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅੰਮ੍ਰਿਤਸਰ ’ਚ ਕਿਸੇ ਸਿਆਸੀ ਸਮਾਗਮ ’ਚ ਹਿੱਸਾ ਲੈਣ ਆਏ ਸਨ। ਉਨ੍ਹਾਂ ਵਾਰ-ਵਾਰ ਕਾਂਗਰਸੀ ਮੈਂਬਰਾਂ ਅਤੇ ਸਰਕਾਰੀਆ ਨੂੰ ਮੁਬਾਰਕ ਦਿੱਤੀ ਅਤੇ ‘ਆਪ’ ਦੇ ਵੱਡੇ ਆਗੂਆਂ ਨੂੰ ਸਿਆਸੀ ਰਗੜੇ ਲਾਉਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਦੀ ਅਗਵਾਈ ਵਿਚ ਇਹ ਲੜਾਈ ਲੜਨਾ ਤੇ ਹਾਰ ਜਾਣਾ ਕਾਂਗਰਸ ਦੇ ਜਿੱਤ ਵੱਲ ਵਧਣ ਦੇ ਸੰਕੇਤ ਹਨ।
ਇਹ ਵੀ ਪੜ੍ਹੋ- ਵਿਦਿਆਰਥਣ ਨੂੰ 2 ਨੌਜਵਾਨਾਂ ਨੇ ਕੀਤੀ ਅਗਵਾ ਕਰਨ ਦੀ ਕੋਸ਼ਿਸ਼, ਕੁੜੀ ਨੇ ਚੱਲਦੇ ਮੋਰਟਸਾਈਕਲ ਤੋਂ ਮਾਰੀ ਛਾਲ
ਇਸ ਮੌਕੇ ਕਾਂਗਰਸੀ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਜ਼ਿਲ੍ਹੇ ਦਾ ਇਕ ਅੱਵਲ ਦਰਜੇ ਦਾ ਉੱਚ ਅਧਿਕਾਰੀ ਜੋ ਪਿਛਲੀ ਕਾਂਗਰਸ ਸਰਕਾਰ ਸਮੇਂ ਸਰਕਾਰੀਆ ਪਰਿਵਾਰ ਦੇ ਨਜ਼ਦੀਕੀਆਂ ਵਿਚ ਗਿਣਿਆ ਜਾਂਦਾ ਸੀ ਤੇ ਸਮਾਂ ਬਦਲਣ ਦੇ ਨਾਲ ਹੁਣ ਮਾਝੇ ਦੇ ਵੱਡੇ ਆਗੂਆਂ ਦੇ ਵਿਸ਼ਵਾਸ ਪਾਤਰਾਂ ਵਿਚ ਹੈ। ਇਹ ਬੇਭਰੋਸਗੀ ਮਤਾ ਲਿਆਉਣਾ ਵੀ ਇਸੇ ਕੜੀ ਨਾਲ ਜੋੜਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਖੰਨਾ 'ਚ ਧੁੰਦ ਕਾਰਨ ਸ਼ਰਧਾਲੂਆਂ ਦੀ ਭਰੀ ਬੱਸ ਨਾਲ ਵਾਪਰਿਆ ਵੱਡਾ ਹਾਦਸਾ, ਮਚ ਗਿਆ ਚੀਕ ਚਿਹਾੜਾ
ਇਥੇ ਜ਼ਿਕਰ ਕਰਨਾ ਬਣਦਾ ਹੈ ਕਿ ਜਿਸ ਦਿਨ ਇਹ ਮਤੇ ਦੀ ਮੀਟਿੰਗ 15 ਦਸੰਬਰ ਨੂੰ ਹੋਣੀ ਸੀ ਤਾਂ ਕਾਂਗਰਸ ਪਾਰਟੀ ਨੂੰ ਸੁਖਬਿੰਦਰ ਸਿੰਘ ਸਰਕਾਰੀਆ ਦੀ ਗੈਰ-ਹਾਜ਼ਰੀ ਵਿਚ ਜੋ ਵਿਦੇਸ਼ ਵਿਚ ਹਨ, ਦੀ ਜਗ੍ਹਾ ਉਚੇਚੇ ਤੌਰ ’ਤੇ ਇਕ ਵੱਡੇ ਕਾਂਗਰਸੀ ਆਗੂ ਨੂੰ ਇਸਦੀ ਕਮਾਨ ਦਿੱਤੀ ਸੀ, ਜਿਨਾਂ ਨੇ ਸਾਰੇ ਕਾਂਗਰਸੀ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਤੇ ਵੱਡੀ ਜਿੱਤ ਦਿਵਾਈ। ਹੁਣ ਦੇਖਣਾ ਇਹ ਹੈ ਕਿ ਕੀ ਇਸ ਜਿੱਤ ਦਾ ਹਿਮਾਚਲ ਚੋਣਾਂ ਅਤੇ ਅੱਗੇ ਆਉਣ ਵਾਲੀਆਂ ਚੋਣਾਂ ’ਤੇ ਪ੍ਰਭਾਵ ਪਵੇਗਾ?
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।