ਧਾਰਮਿਕ ਗ੍ਰੰਥ ਦੀ ਬੇਅਦਬੀ 'ਤੇ ਭੜਕੇ ਹਿੰਦੂ ਸੰਗਠਨ, ਪੁਲਸ ਵੱਲੋਂ ਮੁਲਜ਼ਮ ਖ਼ਿਲਾਫ਼ ਕਾਰਵਾਈ ਦਾ ਭਰੋਸਾ

Monday, Feb 27, 2023 - 12:37 PM (IST)

ਧਾਰਮਿਕ ਗ੍ਰੰਥ ਦੀ ਬੇਅਦਬੀ 'ਤੇ ਭੜਕੇ ਹਿੰਦੂ ਸੰਗਠਨ, ਪੁਲਸ ਵੱਲੋਂ ਮੁਲਜ਼ਮ ਖ਼ਿਲਾਫ਼ ਕਾਰਵਾਈ ਦਾ ਭਰੋਸਾ

ਅੰਮ੍ਰਿਤਸਰ (ਅਰੁਣ)- ਘਨੂੰਪੁਰ ਕਾਲੇ ਸਥਿਤ ਬਾਲਾ ਜੀ ਧਾਮ ਚੈਰੀਟੇਬਲ ਟਰੱਸਟ ਮੰਦਰ ’ਚ ਚੱਲ ਰਹੇ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਕਰਨ ਦੇ ਵਿਰੋਧ ’ਚ ਛੇਹਰਟਾ ਚੌਕ ’ਚ ਦਿੱਤੇ ਜਾਣ ਵਾਲੇ ਧਰਨੇ ਤੋਂ ਪਹਿਲਾਂ ਵੱਖ-ਵੱਖ ਹਿੰਦੂ ਸੰਗਠਨਾਂ ਵੱਲੋਂ ਕਾਰ ’ਚ ਪਵਿੱਤਰ ਸ੍ਰੀ ਰਾਮਾਇਣ ਜੀ ਨੂੰ ਲਿਆਉਣ ਦੌਰਾਨ ਪੁਲਸ ਮੁਲਾਜ਼ਮਾਂ ਦੀ ਧੱਕਾ-ਮੁੱਕੀ ਕਾਰਨ ਪਵਿੱਤਰ ਸ੍ਰੀ ਰਾਮਾਇਣ ਦਾ ਗ੍ਰੰਥ ਹੇਠਾਂ ਡਿੱਗ ਗਿਆ। ਬੇਅਦਬੀ ਹੁੰਦੇ ਹੀ ਸ਼ਰਧਾਲੂਆਂ ਦਾ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਨੇ ਛੇਹਰਟਾ ਚੌਕ ’ਚ ਧਰਨਾ ਲਾ ਦਿੱਤਾ।

ਧਰਨਾ 3 ਘੰਟੇ ਚੱਲਣ ਕਾਰਨ ਲੋਕਾਂ ਤੇ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੇ ਏ. ਡੀ. ਸੀ. ਪੀ.-2 ਪ੍ਰਭਜੋਤ ਸਿੰਘ ਵਿਰਕ ਵਲੋਂ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਤੁਰੰਤ ਅਮਲ ’ਚ ਲਿਆਉਣ ਦੇ ਭਰੋਸੇ ਦੇ ਬਾਅਦ ਇਹ ਧਰਨਾ ਚੁੱਕ ਲਿਆ ਗਿਆ। ਮੰਦਰ ਦੇ ਸ੍ਰੀ 1008 ਅਸ਼ਨੀਲ ਜੀ ਮਹਾਰਾਜ ਨੇ ਦੱਸਿਆ ਕਿ ਬੀਤੀ 22 ਫਰਵਰੀ ਨੂੰ ਮੰਦਰ ’ਚ ਚੱਲ ਰਹੇ ਸ੍ਰੀ ਹਨੂਮਾਨ ਚਾਲੀਸਾ ਦੇ ਪਾਠ ਦੌਰਾਨ ਪਿੰਡ ਕਾਲੇ ਨਿਵਾਸੀ ਬਲਜੀਤ ਬੱਬੂ ਵੱਲੋਂ ਮੰਦਰ ਦੇ ਇਕ ਸ਼ਰਧਾਲੂ ਨੂੰ ਪਾਠ ਬੰਦ ਕਰਨ ਲਈ ਧਮਕਾਇਆ ਗਿਆ ਅਤੇ ਹਿੰਦੂ ਧਰਮ ਵਿਰੁੱਧ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਸੀ।

ਇਹ ਵੀ ਪੜ੍ਹੋ- BSF ਨੂੰ ਮਿਲੀ ਵੱਡੀ ਸਫ਼ਲਤਾ, ਪਾਕਿਸਤਾਨੀ ਡਰੋਨ 'ਤੇ 60 ਰਾਊਂਡ ਫ਼ਾਇਰ ਕਰ ਸੁੱਟਿਆ ਹੇਠਾਂ

ਇਸ ਸਬੰਧੀ ਛੇਹਰਟਾ ਪੁਲਸ ਨੂੰ ਲਿਖਤੀ ਤੌਰ ’ਤੇ ਸ਼ਿਕਾਇਤ ਦਿੱਤੀ ਗਈ ਪਰ ਪੁਲਸ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਨਿੰਦਣਯੋਗ ਕਾਰਵਾਈ ਤੋਂ ਨਾਰਾਜ਼ ਸ਼ਰਧਾਲੂਆਂ ਤੇ ਹਿੰਦੂ ਸੰਗਠਨਾਂ ਵੱਲੋਂ ਛੇਹਰਟਾ ਚੌਕ ’ਚ ਧਰਨਾ ਲਾਇਆ ਗਿਆ। ਉਨ੍ਹਾਂ ਦੱਸਿਆ ਕਿ ਧਰਨਾ ਸ਼ੁਰੂ ਕਰਨ ਤੋਂ ਪਹਿਲਾਂ ਸ਼ਰਧਾਲੂ ਜਦੋਂ ਕਾਰ ’ਚੋਂ ਸ੍ਰੀ ਰਾਮਾਇਣ ਜੀ ਦਾ ਗ੍ਰੰਥ ਲੈ ਕੇ ਆ ਰਹੇ ਸਨ ਤਾਂ ਕੁਝ ਪੁਲਸ ਕਰਮਚਾਰੀਆਂ ਵੱਲੋਂ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੇ ਜਾਣ ਦੇ ਕਾਰਨ ਧਾਰਮਿਕ ਗ੍ਰੰਥ ਹੇਠਾਂ ਡਿੱਗ ਗਿਆ, ਜਿਸ ਨੂੰ ਦੇਖਦੇ ਹੀ ਸ਼ਰਧਾਲੂਆਂ ਦਾ ਗੁੱਸਾ ਭੜਕ ਗਿਆ ਅਤੇ ਉਨ੍ਹਾਂ ਨੇ ਛੇਹਰਟਾ ਚੌਕ ’ਚ ਧਰਨਾ ਲਾ ਦਿੱਤਾ। ਲਗਭਗ 3 ਘੰਟੇ ਧਰਨਾ ਦਿੱਤੇ ਜਾਣ ਦੇ ਦੌਰਾਨ ਮੌਕੇ ’ਤੇ ਪੁੱਜੇ ਏ. ਡੀ. ਸੀ. ਪੀ.-2 ਪ੍ਰਭਜੋਤ ਸਿੰਘ ਵਿਰਕ ਵਲੋਂ ਦੋਸ਼ੀਆਂ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ’ਚ ਲਿਆਉਣ ਦੇ ਭਰੋਸੇ ਦੇ ਬਾਅਦ ਇਹ ਧਰਨਾ ਚੁੱਕਿਆ ਗਿਆ। ਦੇਰ ਰਾਤ ਛੇਹਰਟਾ ਪੁਲਸ ਵੱਲੋਂ ਕਾਰਵਾਈ ਕਰਦੇ ਹੋਏ ਬਲਜੀਤ ਸਿੰਘ ਬੱਬੂ ਨਿਵਾਸੀ ਪਿੰਡ ਕਾਲੇ ਵਿਰੁੱਧ ਧਾਰਾ 295, 341, 506 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਬਾਬੇ ਨੇ ਪੋਟਲੀ ਸੁੰਘਾ ਕੇ ਔਰਤ ਨਾਲ ਕੀਤਾ ਵੱਡਾ ਕਾਂਡ, ਫ਼ਿਰ ਜੋ ਹੋਇਆ ਸੁਣ ਹੋਵੋਗੇ ਹੈਰਾਨ

ਮੰਦਰ ਬੰਦ ਕਰਵਾਉਣ ਲਈ ਪਹਿਲਾਂ ਵੀ 6 ਵਾਰ ਮਿਲੀਆਂ ਧਮਕੀਆਂ

ਮਹਾਮੰਡਲੇਸਵਰ ਸ੍ਰੀ 1008 ਅਸ਼ਨੀਲ ਜੀ ਮਹਾਰਾਜ ਨੇ ਦੱਸਿਆ ਕਿ ਪਹਿਲਾਂ ਵੀ 2 ਵਾਰ ਪਾਕਿਸਤਾਨੀ ਨੋਟਾਂ ’ਤੇ ਮਿਲੀਆਂ ਧਮਕੀਆਂ ਅਤੇ ਫ਼ਿਰੌਤੀ ਦੀ ਰਕਮ ਮੰਗਣ ਸਮੇਤ ਉਨ੍ਹਾਂ ਨੂੰ 6 ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ ਅਤੇ ਉਨ੍ਹਾਂ ਉਪਰ ਜਾਨਲੇਵਾ ਹਮਲੇ ਵੀ ਹੋਏ ਹਨ। ਪੁਲਸ ਦੀ ਕਾਰਗੁਜ਼ਾਰੀ ਨੂੰ ਸਵਾਲ ਦੇ ਘੇਰੇ ਵਿਚ ਲੈਂਦਿਆਂ ਅਸ਼ਨੀਲ ਜੀ ਮਹਾਰਾਜ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ ਹੈ। ਜੇਕਰ ਜਲਦ ਹੀ ਮੁਲਜ਼ਮ ਬਲਜੀਤ ਬੱਬੂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਨ੍ਹਾਂ ਵੱਲੋਂ ਇਸ ਮੰਦਰ ਨੂੰ ਤਾਲਾ ਲਗਾ ਕੇ ਚਾਬੀਆਂ ਪੁਲਸ ਪ੍ਰਸ਼ਾਸਨ ਨੂੰ ਸੌਂਪ ਦਿੱਤੀਆਂ ਜਾਣਗੀਆਂ। ਇਸ ਸਬੰਧੀ ਏ. ਡੀ. ਸੀ. ਪੀ. 2 ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਅਮਨ-ਕਾਨੂੰਨ ਦੀ ਵਿਵਸਥਾ ਨੂੰ ਯਕੀਨੀ ਬਣਾਉਣਾ ਪੁਲਸ ਦਾ ਪਹਿਲਾ ਫ਼ਰਜ਼ ਹੈ। ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


author

Shivani Bassan

Content Editor

Related News