ਪ੍ਰਸ਼ਾਸਨ ਦੀ ਚਿਤਾਵਨੀ ਦਾ ਦਿਖਿਆ ਅਸਰ ; ਦੁਕਾਨਦਾਰ ਖ਼ੁਦ ਹੀ ਹਟਾਉਣ ਲੱਗੇ ਨਾਜਾਇਜ਼ ਕਬਜ਼ੇ
Monday, Feb 03, 2025 - 04:35 AM (IST)
ਗੁਰਦਾਸਪੁਰ (ਹਰਮਨ, ਵਿਨੋਦ)- ਗੁਰਦਾਸਪੁਰ ਸ਼ਹਿਰ ਅੰਦਰ ਬੁਰੀ ਤਰ੍ਹਾਂ ਚਰਮਰਾ ਚੁੱਕੀ ਟਰੈਫਿਕ ਵਿਵਸਥਾ ਨੂੰ ਠੀਕ ਕਰਨ ਲਈ ਜ਼ਿਲਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਪਿਛਲੇ ਦਿਨੀਂ ਕੀਤੀ ਸਖ਼ਤੀ ਅਤੇ ਦੁਕਾਨਦਾਰਾਂ ਨੂੰ ਖੁਦ ਹੀ ਨਾਜਾਇਜ਼ ਕਬਜ਼ੇ ਹਟਾਉਣ ਲਈ ਦਿੱਤਾ ਦੋ ਦਿਨ ਦਾ ਅਲਟੀਮੇਟਮ ਕਾਰਗਰ ਸਿੱਧ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਤਹਿਤ ਗੁਰਦਾਸਪੁਰ ਸ਼ਹਿਰ ਅੰਦਰ ਅਨੇਕਾਂ ਦੁਕਾਨਦਾਰਾਂ ਨੇ ਖੁਦ ਹੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਦੀ ਸ਼ੁਰੂਆਤ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਗੁਰਦਾਸਪੁਰ ਸ਼ਹਿਰ ਦਾ ਤਿੱਬੜੀ ਰੋਡ, ਜੇਲ੍ਹ ਰੋਡ, ਸੀਤਾ ਰਾਮ ਪੈਟਰੋਲ ਪੰਪ ਤੋਂ ਡਾਕਖਾਨਾ ਚੌਂਕ ਤੱਕ ਦਾ ਰੋਡ, ਲਾਇਬ੍ਰੇਰੀ ਰੋਡ ਅਤੇ ਕਾਲਜ ਰੋਡ ਸਮੇਤ ਅਨੇਕਾਂ ਸੜਕਾਂ ’ਤੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਤੋਂ ਬਾਹਰ ਸੜਕ ਤੱਕ ਆਪਣਾ ਸਮਾਨ ਰੱਖਣ ਅਤੇ ਪੱਕੇ ਸ਼ੈਡ ਅਤੇ ਥੜੇ ਬਣਾ ਲਏ ਜਾਣ ਕਾਰਨ ਆਵਾਜਾਈ ਵਿਚ ਭਾਰੀ ਵਿਘਨ ਪੈ ਰਿਹਾ ਸੀ।
ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਜਾਮ ਲੱਗਾ ਦਿਖਾਈ ਦਿੰਦਾ ਸੀ, ਜਿਸ ਕਾਰਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਏਡੀਸੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਨਗਰ ਕੌਂਸਲ ਦੀ ਟੀਮ ਨੂੰ ਨਾਲ ਲੈ ਕੇ ਉਪਰਾਲਾ ਕੀਤਾ ਸੀ। ਬੇਸ਼ੱਕ ਕਈ ਦੁਕਾਨਦਾਰਾਂ ਵੱਲੋਂ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕਰਦਿਆਂ ਦੁਕਾਨਦਾਰਾਂ ਦੇ ਨੁਕਸਾਨ ਹੋਣ ਕਾਰਨ ਰੋਸ ਪ੍ਰਦਰਸ਼ਨ ਵੀ ਕੀਤਾ ਸੀ। ਪਰ ਇਸ ਦੇ ਬਾਵਜੂਦ ਸ਼ਹਿਰ ਦੇ ਆਮ ਲੋਕ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਭਰਪੂਰ ਸ਼ਲਾਘਾ ਕਰ ਰਹੇ ਸਨ।
ਨਗਰ ਕੌਂਸਲ ਵੱਲੋਂ ਸ਼ਹਿਰ ਅੰਦਰ ਮੁਨਾਦੀ ਕਰਵਾਈ ਗਈ ਸੀ ਕਿ ਜੇਕਰ ਦੁਕਾਨਦਾਰਾਂ ਨੇ ਖੁਦ ਹੀ ਦੋ ਦਿਨਾਂ ਦੇ ਅੰਦਰ-ਅੰਦਰ ਆਪਣੀਆਂ ਨਜਾਇਜ਼ ਉਸਾਰੀਆਂ ਅਤੇ ਸ਼ੈਡਾਂ ਨਾ ਤੋੜੀਆਂ ਤਾਂ ਨਗਰ ਕੌਂਸਲ ਵੱਲੋਂ ਮੁੜ ਐਕਸ਼ਨ ਕੀਤਾ ਜਾਵੇਗਾ। ਜਿਸ ਦੇ ਬਾਅਦ ਗੁਰਦਾਸਪੁਰ ਸ਼ਹਿਰ ਦੇ ਭਾਈ ਲਾਲੋ ਜੀ ਚੌਂਕ ਤੋਂ ਹਨੂੰਮਾਨ ਚੌਂਕ ਤੱਕ ਅਨੇਕਾਂ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਬਣਾਏ ਸ਼ੈਡ ਖੁਦ ਹੀ ਹਟਾ ਲਏ ਹਨ। ਦੁਕਾਨਦਾਰਾਂ ਵੱਲੋਂ ਕੀਤੀ ਇਸ ਪਹਿਲਕਦਮੀ ਦੀ ਜਿੱਥੇ ਆਮ ਲੋਕ ਸ਼ਲਾਘਾ ਕਰ ਰਹੇ ਹਨ ਉਸ ਦੇ ਨਾਲ ਹੀ ਨਗਰ ਕੌਂਸਲ ਨੇ ਵੀ ਅਜਿਹੇ ਦੁਕਾਨਦਾਰਾਂ ਦਾ ਧੰਨਵਾਦ ਕੀਤਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਹੋ ਗਿਆ ਵੱਡਾ ਐਨਕਾਊਂਟਰ, ਬਦਮਾਸ਼ਾਂ ਦੀ ਫਾਇਰਿੰਗ ਮਗਰੋਂ ਪੁਲਸ ਨੇ ਵੀ ਚਲਾ'ਤੀਆਂ ਗੋਲ਼ੀਆਂ
ਕੀ ਕਹਿਣਾ ਹੈ ਨਗਰ ਕੌਂਸਲ ਪ੍ਰਧਾਨ ਦਾ ?
ਇਸ ਸੰਬੰਧ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਉਹ ਨਜਾਇਜ਼ ਉਸਾਰੀਆਂ ਖੁਦ ਹੀ ਹਟਾਉਣ ਵਾਲੇ ਦੁਕਾਨਦਾਰਾਂ ਦੇ ਬੇਹੱਦ ਧੰਨਵਾਦੀ ਹਨ ਜਿਨਾਂ ਨੇ ਗੁਰਦਾਸਪੁਰ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਸੁਧਾਰਨ ਵਿੱਚ ਉਹਨਾਂ ਦਾ ਸਹਿਯੋਗ ਦਿੱਤਾ ਹੈ। ਅੱਜ ਵੀ ਉਨ੍ਹਾਂ ਨੂੰ ਸੂਚਨਾ ਮਿਲੀ ਹੈ ਕਿ ਬਹੁਤ ਸਾਰੇ ਦੁਕਾਨਦਾਰਾਂ ਨੇ ਨਗਰ ਕੌਂਸਲ ਵੱਲੋਂ ਦੋ ਦਿਨ ਦੇ ਦਿੱਤੇ ਸਮੇਂ ਤੋਂ ਪਹਿਲਾਂ ਹੀ ਆਪਣੇ ਸ਼ੈਡ ਅਤੇ ਹੋਰ ਉਸਾਰੀਆਂ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਉਹਨਾਂ ਬਾਕੀ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰਦਾਸਪੁਰ ਦੇ ਲੋਕਾਂ ਦੀ ਸਹੂਲਤ ਅਤੇ ਸ਼ਹਿਰ ਦੀ ਬੇਹਤਰੀ ਲਈ ਖੁਦ ਹੀ ਸਾਰੇ ਕਬਜ਼ੇ ਹਟਾ ਲੈਣ।
ਕੀ ਕਹਿਣਾ ਹੈ ਏ.ਡੀ.ਸੀ. ਹਰਜਿੰਦਰ ਸਿੰਘ ਬੇਦੀ ਦਾ?
ਗੁਰਦਾਸਪੁਰ ਸ਼ਹਿਰ ਸਮੇਤ ਪੂਰੇ ਜ਼ਿਲੇ ਅੰਦਰ ਨਜਾਇਜ਼ ਕਬਜ਼ੇ ਹਟਾਉਣ ਦੀ ਅਗਵਾਈ ਕਰ ਰਹੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਹਰਜਿੰਦਰ ਸਿੰਘ ਬੇਦੀ ਨੇ ਕਿਹਾ ਕਿ ਜੇਕਰ ਦੋ ਦਿਨਾਂ ਦੇ ਅਲਟੀਮੇਟਮ ਨਾਲ ਦੁਕਾਨਦਾਰਾਂ ਨੇ ਆਪਣੀ ਜਿੰਮੇਵਾਰੀ ਸਮਝ ਕੇ ਨਜਾਇਜ਼ ਕਬਜ਼ੇ ਹਟਾਉਣ ਦੀ ਸ਼ੁਰੂਆਤ ਕੀਤੀ ਹੈ ਤਾਂ ਉਨ੍ਹਾਂ ਨੂੰ ਇਸ ਗੱਲ ਦੀ ਬੇਹੱਦ ਤਸੱਲੀ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਦੁਕਾਨਦਾਰ ਜਿੰਮੇਵਾਰ ਨਾਗਰਿਕ ਵਜੋਂ ਆਪਣਾ ਫਰਜ਼ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਕੀ ਦੁਕਾਨਦਾਰਾਂ ਨੂੰ ਵੀ ਨਾਜਾਇਜ਼ ਕਬਜ਼ੇ ਹਟਾਉਣ ਲਈ ਦੋ ਦਿਨ ਦਾ ਹੋਰ ਸਮਾਂ ਦੇ ਦਿੱਤਾ ਜਾਵੇਗਾ। ਪਰ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਉਹ ਪ੍ਰਸ਼ਾਸਨ ਦੀ ਨਰਮੀ ਦਾ ਨਾਜਾਇਜ਼ ਫਾਇਦਾ ਨਾ ਲੈਣ।
ਇਹ ਵੀ ਪੜ੍ਹੋ- ਬਸੰਤ ਪੰਚਮੀ ਵਾਲੇ ਦਿਨ ਬੁਝ ਗਿਆ ਘਰ ਦਾ ਚਿਰਾਗ, ਪਤੰਗ ਚੜ੍ਹਾਉਂਦੇ ਸਮੇਂ ਹੋ ਗਈ ਦਰਦਨਾਕ ਮੌਤ
ਉਨ੍ਹਾਂ ਕਿਹਾ ਕਿ ਗੁਰਦਾਸਪੁਰ ਸ਼ਹਿਰ ਦੀ ਦਿੱਖ ਨੂੰ ਸੁੰਦਰ ਬਣਾਉਣ ਅਤੇ ਆਵਾਜਾਈ ਨੂੰ ਸੁਚਾਰੂ ਰੂਪ ਵਿੱਚ ਚਲਾਉਣ ਲਈ ਦੁਕਾਨਦਾਰਾਂ ਅਤੇ ਆਮ ਲੋਕਾਂ ਦੇ ਸਹਿਯੋਗ ਦੀ ਬਹੁਤ ਜ਼ਰੂਰਤ ਹੈ। ਇਸੇ ਲਈ ਉਹ ਵਾਰ-ਵਾਰ ਸ਼ਹਿਰ ਵਾਸੀਆਂ ਨੂੰ ਅਪੀਲ ਕਰ ਰਹੇ ਹਨ ਕਿ ਪ੍ਰਸ਼ਾਸਨ ਨੂੰ ਸਖਤੀ ਕਰਨ ਲਈ ਮਜਬੂਰ ਨਾ ਕੀਤਾ ਜਾਵੇ ਕਿਉਂਕਿ ਪ੍ਰਸ਼ਾਸਨ ਵੀ ਕਿਸੇ ਨਾਲ ਕਿਸੇ ਤਰ੍ਹਾਂ ਦੀ ਕੋਈ ਸਖਤੀ ਕਰਨੀ ਨਹੀਂ ਚਾਹੁੰਦਾ ਅਤੇ ਨਾ ਹੀ ਕਿਸੇ ਦਾ ਕੋਈ ਨੁਕਸਾਨ ਕਰਨਾ ਚਾਹੁੰਦਾ ਹੈ। ਇਸ ਲਈ ਦੁਕਾਨਦਾਰਾਂ ਨੂੰ ਚਾਹੀਦਾ ਹੈ ਕਿ ਉਹ ਖੁਦ ਹੀ ਆਪਣੀਆਂ ਦੁਕਾਨਾਂ ਦੇ ਬਾਹਰ ਲੱਗਾ ਕੀਮਤੀ ਸਮਾਨ ਉਤਾਰ ਲੈਣ।
ਇਹ ਵੀ ਪੜ੍ਹੋ- ਚਾਈਨਾ ਡੋਰ ਦੀ ਚਪੇਟ 'ਚ ਆਏ ਪੰਜਾਬ ਦੇ ਮਸ਼ਹੂਰ ਗਾਇਕ, ਜ਼ਖ਼ਮੀ ਹਾਲਤ 'ਚ ਪੁੱਜੇ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e