ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਹੁਣ ਨਿੱਜੀ ਸਕੂਲਾਂ ਵਾਂਗ ਘਰ ਤੋਂ ਹੀ ਬੱਸ ਦੀ ਸਹੂਲਤ ਮਿਲੇਗੀ: ਰਮਨ ਬਹਿਲ

Saturday, Aug 03, 2024 - 02:04 PM (IST)

ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਹੁਣ ਨਿੱਜੀ ਸਕੂਲਾਂ ਵਾਂਗ ਘਰ ਤੋਂ ਹੀ ਬੱਸ ਦੀ ਸਹੂਲਤ ਮਿਲੇਗੀ: ਰਮਨ ਬਹਿਲ

ਗੁਰਦਾਸਪੁਰ (ਹਰਮਨ)- ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ  ਰਮਨ ਬਹਿਲ ਵੱਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਨੂੰ ਹਰ ਖੇਤਰ ਵਿੱਚ ਅੱਗੇ ਲਿਜਾਣ ਦੇ ਯਤਨ ਲਗਾਤਾਰ ਜਾਰੀ ਹਨ। ਚੇਅਰਮੈਨ ਰਮਨ ਬਹਿਲ ਦੀਆਂ ਕੋਸ਼ਿਸ਼ਾਂ ਸਦਕਾ ਗੁਰਦਾਸਪੁਰ ਵਿੱਚ ਬਣੇ ਸਕੂਲ ਆਫ਼ ਐਮੀਨੈਂਸ ਵਿੱਚ ਵਿਦਿਆਰਥੀਆਂ ਦੇ ਸਕੂਲ ਆਣ-ਜਾਣ ਲਈ ਬੱਸ ਸਰਵਿਸ ਵੀ ਸ਼ੁਰੂ ਹੋ ਗਈ ਹੈ। ਚੇਅਰਮੈਨ ਰਮਨ ਬਹਿਲ ਵੱਲੋਂ ਅੱਜ ਹਰੀ ਝੰਡੀ ਦਿਖਾ ਕੇ ਸਕੂਲ ਆਫ਼ ਐਮੀਨੈਂਸ ਗੁਰਦਾਸਪੁਰ ਵਿੱਚ ਪੜ੍ਹਦੇ ਬੱਚਿਆਂ ਲਈ ਪਹਿਲੀ ਬੱਸ ਸਰਵਿਸ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਡਿਪਟੀ ਡੀ.ਈ.ਓ. ਸ. ਲਖਵਿੰਦਰ ਸਿੰਘ, ਸਕੂਲ ਆਫ਼ ਐਮੀਨੈਂਸ ਗੁਰਦਾਸਪੁਰ ਦੇ ਪ੍ਰਿੰਸੀਪਲ ਸ੍ਰੀ ਅਨਿਲ ਭੱਲਾ ਸਮੇਤ ਸਿੱਖਿਆ ਵਿਭਾਗ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ- ਕਸਟਮ ਵਿਭਾਗ ਦੀ ਵੱਡੀ ਕਾਰਵਾਈ, ਵਿਦੇਸ਼ ਤੋਂ ਲਿਆਂਦੀਆਂ 18 ਲੱਖ ਦੀਆਂ ਸਿਗਰਟਾਂ ਸਮੇਤ ਤਿੰਨ ਗ੍ਰਿਫ਼ਤਾਰ

ਇਸ ਮੌਕੇ ਗੁਰਦਾਸਪੁਰ ਵਾਸੀਆਂ ਨੂੰ ਵਧਾਈ ਦਿੰਦਿਆਂ ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਸਦਕਾ ਸੂਬੇ ਵਿੱਚ ਸਿੱਖਿਆ ਖੇਤਰ ਵਿੱਚ ਨਵੀਂ ਕ੍ਰਾਂਤੀ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਥੇ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਢਾਂਚੇ ਵਿੱਚ ਵੱਡਾ ਸੁਧਾਰ ਕਰਨ ਨਾਲ ਅਧਿਆਪਕਾਂ ਦੀ ਘਾਟ ਨੂੰ ਪੂਰਾ ਕੀਤਾ ਗਿਆ ਹੈ ਉੱਥੇ ਸੂਬੇ ਭਰ ਵਿੱਚ ਸਕੂਲ ਆਫ਼ ਐਮੀਨੈਂਸ ਸ਼ੁਰੂ ਕਰਕੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸਕੂਲ ਆਫ਼ ਐਮੀਨੈਂਸ, ਗੁਰਦਾਸਪੁਰ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਪੰਜਾਬ ਸਰਕਾਰ ਵੱਲੋਂ ਬੱਸ ਸਰਵਿਸ ਵੀ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਨਾਲ ਹੁਣ ਵਿਦਿਆਰਥੀਆਂ ਨੂੰ ਸਕੂਲ ਆਉਣ-ਜਾਣ ਸਮੇਂ ਕੋਈ ਮੁਸ਼ਕਲ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਗੁਰਦਾਸਪੁਰ ਤੋਂ ਵੱਖ-ਵੱਖ ਤਿੰਨ ਰੂਟਾਂ ਲਈ ਬੱਸ ਸਰਵਿਸ ਚਲਾਈ ਜਾਣੀ ਹੈ ਜਿਸਦੀ ਸ਼ੁਰੂਆਤ ਅੱਜ ਦੋਰਾਂਗਲਾ ਰੂਟ ਲਈ ਬੱਸ ਚਲਾ ਕੇ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਨਿੱਜੀ ਸਕੂਲਾਂ ਵਾਂਗ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਨੂੰ ਵੀ ਘਰ ਤੋਂ ਹੀ ਬੱਸ ਸਰਵਿਸ ਮਿਲੇਗੀ।

ਇਹ ਵੀ ਪੜ੍ਹੋ- ਨਵੇਂ ਟਰਾਂਸਫਾਰਮਰ ਲਗਾ ਰਹੇ ਨੌਜਵਾਨ ਦੀ ਕਰੰਟ ਲੱਗਣ ਕਾਰਣ ਮੌਤ

PunjabKesari

ਚੇਅਰਮੈਨ ਰਮਨ ਬਹਿਲ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਗੁਰਦਾਸਪੁਰ ਵਿਧਾਨ ਸਭਾ ਹਲਕੇ ਦੇ ਪਿੰਡ ਮੁਸਤਫ਼ਾਬਾਦ ਜੱਟਾਂ ਵਿਖੇ ਗਏ ਸਨ ਅਤੇ ਉਸ ਪਿੰਡ ਦੀ ਵਸਨੀਕ ਵਿਦਿਆਰਥਣ ਸੁਨੇਹਾ ਨੇ ਉਨ੍ਹਾਂ ਕੋਲੋਂ ਇਹ ਮੰਗ ਕੀਤੀ ਸੀ ਕਿ ਉਨ੍ਹਾਂ ਦੇ ਸਕੂਲ ਆਫ਼ ਐਮੀਨੈਂਸ, ਗੁਰਦਾਸਪੁਰ ਲਈ ਬੱਸ ਸਰਵਿਸ ਸ਼ੁਰੂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸੂਬੇ ਵਿੱਚ ਸਿੱਖਿਆ ਦੇ ਖੇਤਰ ਵੱਲ ਉਚੇਚਾ ਧਿਆਨ ਦੇ ਰਹੀ ਹੈ ਅਤੇ ਵਿਦਿਆਰਥਣ ਸੁਨੇਹਾ ਅਤੇ ਉਸ ਵਰਗੇ ਹੋਰ ਵਿਦਿਆਰਥੀਆਂ ਦੀ ਮੰਗ ’ਤੇ ਸਿੱਖਿਆ ਵਿਭਾਗ ਵੱਲੋਂ ਅੱਜ ਗੁਰਦਾਸਪੁਰ ਦੇ ਸਕੂਲ ਆਫ਼ ਐਮੀਨੈਂਸ ਤੋਂ ਬੱਸ ਸਰਵਿਸ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸਕੂਲ ਤੋਂ ਬੱਸ ਸਰਵਿਸ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਖਾਸ ਕਰਕੇ ਵਿਦਿਆਰਥਣਾਂ ਨੂੰ ਵੱਡੀ ਸਹੂਲਤ ਮਿਲੇਗੀ। ਸ੍ਰੀ ਬਹਿਲ ਨੇ ਕਿਹਾ ਕਿ ਉਹ ਆਪਣੇ ਹਲਕੇ ਦੇ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਰਹਿਣਗੇ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਵੱਡਾ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ

ਸਕੂਲ ਆਫ਼ ਐਮੀਨੈਂਸ ਵਿਖੇ ਬੱਸ ਸਰਵਿਸ ਸ਼ੁਰੂ ਹੋਣ ਦਾ ਵਿਦਿਆਰਥਣ ਸੁਨੇਹਾ ਸਮੇਤ ਹੋਰ ਵਿਦਿਆਰਥੀਆਂ ਨੇ ਵੀ ਸਵਾਗਤ ਕੀਤਾ ਹੈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਬੱਸ ਸਰਵਿਸ ਸ਼ੁਰੂ ਹੋਣ ਨਾਲ ਹੁਣ ਉਨ੍ਹਾਂ ਨੂੰ ਸਕੂਲ ਆਉਣ-ਜਾਣ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ। ਵਿਦਿਆਰਥੀਆਂ ਦੇ ਮਾਪਿਆਂ ਨੇ ਵੀ ਚੇਅਰਮੈਨ  ਰਮਨ ਬਹਿਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਹੈ। ਇਸ ਮੌਕੇ ਸਕੂਲ ਆਫ਼ ਐਮੀਨੈਂਸ ਗੁਰਦਾਸਪੁਰ ਦੇ ਪ੍ਰਿੰਸੀਪਲ ਸ੍ਰੀ ਅਨਿਲ ਭੱਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਗੁਰਦਾਸਪੁਰ ਵਿਖੇ ਸਕੂਲ ਆਫ਼ ਐਮੀਨੈਂਸ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ 228 ਵਿਦਿਆਰਥੀ ਪੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿੱਚ ਛੇਵੀਂ ਤੋਂ ਤੋਂ 12ਵੀਂ ਤੱਕ ਕੁੱਲ 1252 ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News