ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਹੋਵੇਗਾ ਸਪੈਸ਼ਲ ਕੋਵਿਡ ਹਸਪਤਾਲ
Wednesday, May 06, 2020 - 11:07 PM (IST)
ਅੰਮ੍ਰਿਤਸਰ, (ਦੀਪਕ ਸ਼ਰਮਾ)- ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਨਜਦੀਕ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਕੇਵਲ ਕਰੋਨਾ ਨਾਲ ਪੀੜ੍ਹਤ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ। ਇਸ ਸਬੰਧੀ ਡਾ. ਏ. ਪੀ. ਸਿੰਘ, ਡੀਨ, ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਸਪਤਾਲ 'ਚ 120 ਬਿਸਤਰਿਆਂ ਦੀ ਆਈਸੋਲੇਸ਼ਨ ਵਾਰਡ, 20 ਬਿਸਤਰਿਆਂ ਦੀ ਸਪੈਸ਼ਲ ਆਈਸੋਲੇਸ਼ਨ ਵਾਰਡ ਅਤੇ 10 ਬਿਸਤਰਿਆਂ ਦਾ ਆਈ. ਸੀ. ਯੂ. ਵੈਂਟੀਲੇਟਰ ਸਮੇਤ ਕੋਰੋਨਾ ਪੀੜ੍ਹਤ ਮਰੀਜ਼ਾਂ ਲਈ ਉਪਲੱਬਧ ਹੈ। ਡਾ. ਏ. ਪੀ. ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ ਵਿਖੇ ਭਲਕੇ 5 ਮਈ ਨੂੰ 13 ਕਰੋਨਾ ਪਾਜੇਟਿਵ ਮਰੀਜ਼ ਦਾਖਲ ਹੋਏ ਸਨ। ਇੰਨ੍ਹਾਂ ਮਰੀਜ਼ਾਂ ਦੀ ਸਹੂਲਤ ਲਈ ਸ੍ਰੀ ਗੁਰੂ ਰਾਮਦਾਸ ਹਸਪਤਾਲ, ਨੇੜੇ ਗੁਰਦੁਆਰਾ ਸ਼ਹੀਦਾਂ ਅੰਮ੍ਰਿਤਸਰ ਨੂੰ ਕੇਵਲ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਕਨਵਰਟ ਕਰ ਦਿੱਤਾ ਗਿਆ ਹੈ। ਉਪਰੋਕਤ 13 ਮਰੀਜ਼ ਵੀ ਸ੍ਰੀ ਗੁਰੂ ਰਾਮਦਾਸ ਹਸਪਤਾਲ, ਨੇੜੇ ਗੁਰਦੁਆਰਾ ਸ਼ਹੀਦਾਂ ਵਿਖੇ ਸ਼ਿਫ਼ਟ ਕਰ ਦਿੱਤੇ ਗਏ ਹਨ ਅਤੇ ਸ਼ਹੀਦਾਂ ਹਸਪਤਾਲ ਵਿਖੇ ਦੂਜੀਆਂ ਬਿਮਾਰੀਆਂ ਦੇ ਇਲਾਜ ਲਈ ਦਾਖਲ ਮਰੀਜ਼ ਵੱਲ੍ਹਾ ਹਸਪਤਾਲ ਵਿਖੇ ਸਿਫ਼ਟ ਕਰ ਦਿੱਤੇ ਗਏ ਹਨ। ਇੰਨ੍ਹਾਂ ਮਰੀਜ਼ਾਂ ਨੂੰ ਹਸਪਤਾਲ ਵਿਖੇ ਹਰ ਤਰ੍ਹਾਂ ਦੀ ਸਹੂਲਤ ਦਿੱਤੀ ਗਈ ਹੈ ਅਤੇ ਇੰਨ੍ਹਾਂ ਮਰੀਜ਼ਾਂ ਨੂੰ ਦਵਾਈਆਂ ਦੇ ਨਾਲ-ਨਾਲ ਡਾਕਟਰਾਂ ਦੀਆਂ ਹਦਾਇਤਾ ਮੁਤਾਬਕ ਹਸਪਤਾਲ ਵੱਲੋਂ ਖਾਸ ਤੌਰ 'ਤੇ ਤਿਆਰ ਡਾਇਟ ਦਿੱਤੀ ਜਾ ਰਹੀਂ ਹੈ, ਤਾਂ ਜੋ ਉਹ ਜਲਦੀ ਸਿਹਤਯਾਬ ਹੋ ਕੇ ਆਪਣੇ ਘਰ ਜਾ ਸਕਣ। ਵਧੇਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ, ਸ੍ਰੀ ਅੰਮ੍ਰਿਤਸਰ ਵਿਖੇ ਕਿਸੇ ਵੀ ਕਰੋਨਾ ਪੀੜ੍ਹਤ ਮਰੀਜ਼ ਨੂੰ ਦਾਖ਼ਲ ਨਹੀਂ ਕੀਤਾ ਜਾਵੇਗਾ, ਤਾਂ ਜੋ ਹਸਪਤਾਲ ਵਿਖੇ ਦਾਖਲ ਬਾਕੀ ਮਰੀਜ਼ਾਂ ਵਿੱਚ ਕਿਸੇ ਤਰ੍ਹਾਂ ਦਾ ਡਰ ਦਾ ਮਾਹੌਲ ਨਾ ਬਣੇ। ਇਸ ਹਸਪਤਾਲ ਵਿੱਚ ਕੇਵਲ ਤੇ ਕੇਵਲ ਕਰੋਨਾ ਦੀ ਬਿਮਾਰੀ ਨਾਲ ਪੀੜ੍ਹਤ ਮਰੀਜ਼ ਹੀ ਦਾਖਲ ਕੀਤੇ ਜਾਣਗੇ ਅਤੇ ਬਾਕੀ ਓ.ਪੀ.ਡੀ. ਅਤੇ ਹੋਰ ਬਿਮਾਰੀਆਂ ਨਾਲ ਦਾਖਲ ਹੋਣ ਵਾਲੇ ਮਰੀਜ਼ਾਂ ਦਾ ਇਲਾਜ ਸ੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਵੱਲ੍ਹਾ ਵਿਖੇ ਕੀਤਾ ਜਾਵੇਗਾ।