ਤੇਜ਼ ਰਫ਼ਤਾਰ ਫਾਰਚੂਨਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ
Tuesday, Feb 11, 2025 - 11:46 AM (IST)
![ਤੇਜ਼ ਰਫ਼ਤਾਰ ਫਾਰਚੂਨਰ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਇਕ ਦੀ ਮੌਤ](https://static.jagbani.com/multimedia/2025_2image_11_45_542185915untitled1.jpg)
ਤਰਨਤਾਰਨ (ਰਮਨ)-ਫਾਰਚੂਨਰ ਗੱਡੀ ਵੱਲੋਂ ਮੋਟਰਸਾਈਕਲ ’ਚ ਟੱਕਰ ਮਾਰਨ ਦੌਰਾਨ ਇਕ ਵਿਅਕਤੀ ਦੀ ਮੌਕੇ ’ਤੇ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ, ਜਦਕਿ ਦੂਸਰੇ ਨੂੰ ਗੰਭੀਰ ਹਾਲਤ ’ਚ ਹਸਪਤਾਲ ਵਿਖੇ ਦਾਖ਼ਲ ਕਰਵਾ ਦਿੱਤਾ ਗਿਆ ਹੈ। ਇਸ ਸਬੰਧੀ ਥਾਣਾ ਭਿੱਖੀਵਿੰਡ ਦੀ ਪੁਲਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਮਨਦੀਪ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪੱਕਾ ਕਿਲਾ ਝਬਾਲ ਕਲਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸਦਾ ਛੋਟਾ ਭਰਾ ਪ੍ਰਭਜੀਤ ਸਿੰਘ ਜੋ ਕਰੀਬ ਇਕ ਸਾਲ ਤੋਂ ਪੰਨੂ ਫਾਈਨਾਂਸ ਪਿੰਡ ਕੰਬੋਜ਼ ਵਿਖੇ ਕਿਸ਼ਤਾਂ ਇਕੱਠੀਆਂ ਕਰਨ ਦਾ ਕੰਮ ਕਰਦਾ ਹੈ। ਜੋ ਬੀਤੇ ਕੱਲ੍ਹ 9 ਫਰਵਰੀ ਨੂੰ ਆਪਣੇ ਸਾਥੀ ਗੁਰਪ੍ਰੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਮਾਲੂਵਾਲ ਸੰਤਾਂ ਨਾਲ ਮੋਟਰਸਾਈਕਲ ਐਨਫੀਲਡ 'ਤੇ ਸਵਾਰ ਹੋ ਕੇ ਕਸਬਾ ਭਿੱਖੀਵਿੰਡ ਦੇ ਏਰੀਏ ’ਚੋਂ ਲੋਨ ਲੈਣ ਵਾਲੇ ਲੋਕਾਂ ਪਾਸੋਂ ਕਿਸ਼ਤਾਂ ਇਕੱਠੀਆਂ ਕਰਕੇ ਵਾਪਸ ਦਫਤਰ ਜਮ੍ਹਾਂ ਕਰਾਉਣ ਲਈ ਅੱਡਾ ਭਿੱਖੀਵਿੰਡ ਵਿਖੇ ਖੜ੍ਹੇ ਸਨ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਜਾਣੋ ਆਉਣ ਵਾਲੇ ਦਿਨਾਂ 'ਚ ਕੀ ਹੋਵੇਗਾ ਹਾਲ !
ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਵੱਖਰੇ ਮੋਟਰਸਾਈਕਲ 'ਤੇ ਆਪਣੇ ਮਾਸੀ ਦੇ ਪੁੱਤ ਭਰਾਵਾਂ ਨੂੰ ਮਿਲ ਕੇ ਵਾਪਸ ਆਪਣੇ ਪਿੰਡ ਝਬਾਲ ਜਾਣ ਲਈ ਖੜ੍ਹਾ ਸੀ ਤਾਂ ਅਸੀਂ ਦੋਵੇਂ ਭਰਾ ਆਪਸ ਵਿਚ ਅੱਡੇ ਉਪਰ ਮਿਲ ਪਏ। ਜਦੋਂ ਕਰੀਬ ਸਵਾ 6 ਵਜੇ ਸ਼ਾਮ ਗੁਰਪ੍ਰੀਤ ਸਿੰਘ ਐਨਫੀਲਡ ਮੋਟਰਸਾਈਕਲ ਨੂੰ ਚਲਾਉਣ ਲੱਗ ਪਿਆ ਤਾਂ ਉਸਦੇ ਪਿੱਛੇ ਉਸਦਾ ਛੋਟਾ ਭਰਾ ਅਜੀਤ ਸਿੰਘ ਬੈਠ ਗਿਆ ਅਤੇ ਉਹ ਪਿੱਛੇ-ਪਿੱਛੇ ਆਪਣੇ ਮੋਟਰਸਾਈਕਲ ਉਪਰ ਘਰ ਲਈ ਆ ਰਿਹਾ ਸੀ। ਜਦੋਂ ਉਹ ਪਿੰਡ ਸੁਰ ਸਿੰਘ ਵਿਖੇ ਪੈਟਰੋਲ ਪੰਪ ਦੇ ਸਾਹਮਣੇ ਪੁੱਜੇ ਤਾਂ ਉਸਦੇ ਵੇਖਦੇ-ਵੇਖਦੇ ਹੀ ਇਕ ਫਰਚੂਨਰ ਗੱਡੀ ਰੰਗ ਚਿੱਟਾ, ਜਿਸ ਨੂੰ ਇਕ ਵਿਅਕਤੀ, ਜਿਸ ਨੇ ਦਾੜਾ ਰੱਖਿਆ ਹੋਇਆ ਚਲਾ ਰਿਹਾ ਸੀ. ਵੱਲੋਂ ਬੜੀ ਤੇਜ਼ ਰਫ਼ਤਾਰ ਰੌਂਗ ਸਾਈਡ ਬਿਨਾਂ ਹਾਰਨ ਦਿੱਤਿਆਂ ਲਿਆ ਕੇ ਉਸਦੇ ਭਰਾ ਦੇ ਮੋਟਰਸਾਈਕਲ ਵਿਚ ਮਾਰ ਦਿੱਤੀ। ਫਾਰਚੂਨਰ ਕਾਰ ਵੱਲੋਂ ਸਿੱਧੀ ਟੱਕਰ ਮਾਰਨ ਦੌਰਾਨ ਉਸ ਦੇ ਛੋਟੇ ਭਰਾ ਪ੍ਰਭਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਗੁਰਪ੍ਰੀਤ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਇਸ ਟੱਕਰ ਦੌਰਾਨ ਮੋਟਰਸਾਈਕਲ ਦੀ ਟੈਂਕੀ ਲੀਕ ਹੋਣ ਕਰਕੇ ਉਸ ਨੂੰ ਅੱਗ ਲੱਗ ਗਈ। ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਭਿੱਖੀਵਿੰਡ ਦੇ ਏ.ਐੱਸ.ਆਈ ਸਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਸ ਵੱਲੋਂ ਅਣਪਛਾਤੇ ਫਾਰਚੂਨਰ ਚਾਲਕ ਖਿਲਾਫ ਪਰਚਾ ਦਰਜ ਕਰਦੇ ਹੋਏ ਉਸ ਦੀ ਭਾਲ ਆਰੰਭ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ ਤੋਂ ਵੱਡੀ ਖ਼ਬਰ, ਘਰ 'ਚ ਰੱਖੇ ਪਾਠ ਦੌਰਾਨ ਡਿੱਗੀ ਛੱਤ, 22 ਲੋਕ ਦੱਬੇ ਗਏ ਹੇਠਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8