13 ਨੂੰ ਚੁਣਿਆ ਜਾਵੇਗਾ ਐੱਸ.ਜੀ.ਪੀ.ਸੀ. ਦਾ ਪ੍ਰਧਾਨ (ਜਾਣੋ ਮਾਝੇ ਦੀਆਂ ਖਾਸ ਖਬਰਾਂ)

11/12/2018 12:47:23 PM

ਅੰਮ੍ਰਿਤਸਰ (ਲਾਲੂਘੁੰਮਣ, ਵਿਨੋਦ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 43ਵੇਂ ਪ੍ਰਧਾਨ ਦੀ ਚੋਣ ਜੋ 13 ਨਵੰਬਰ ਨੂੰ ਹੋਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਵਿਚ ਤੈਅ ਕੀਤੀ ਜਾਵੇਗੀ, ਉਸ ਲਈ ਕਮੇਟੀ ਵੱਲੋਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ। ਉਸ ਦਿਨ ਜਿਹੜੇ ਵੀ ਮਤੇ ਪਾਸ ਕੀਤੇ ਜਾਣਗੇ, ਉਹ ਮਤੇ ਪਿਛਲੇ ਸਾਲਾਂ ਵਿਚ ਬਣਾਈ ਗਈ ਭਾਸ਼ਾ ਦੇ ਆਧਾਰ 'ਤੇ ਹੋਣਗੇ। ਇਸ ਨੂੰ ਕਮੇਟੀ ਦਾ ਪਬਲੀਸਿਟੀ ਵਿਭਾਗ ਅੰਤਿਮ ਛੋਹਾਂ ਦੇ ਕੇ ਤਿਆਰ ਕਰ ਰਿਹਾ ਹੈ।

ਤਰਨਤਾਰਨ : ਅਲਵਿੰਦਰ ਸਿੰਘ ਪਖੋਕੇ ਨੂੰ ਬਣਾਇਆ ਖਡੂਰ ਸਾਹਿਬ ਦਾ ਇੰਚਾਰਜ 
ਰਣਜੀਤ ਸਿੰਘ ਬ੍ਰਹਮਪੁਰਾ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪਾਰਟੀ 'ਚੋਂ ਕੱਢਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਮੈਂਬਰ ਅਲਵਿੰਦਰ ਪਾਲ ਸਿੰਘ ਪਖੋਕੇ ਨੂੰ ਖਡੂਰ ਸਾਹਿਬ ਹਲਕੇ ਦਾ ਇੰਚਾਰਜ ਲਗਾਇਆ ਗਿਆ ਹੈ। ਦੱਸ ਦੇਈਏ ਕਿ ਅਲਵਿੰਦਰ ਸਿੰਘ ਪਖੋਕੇ ਸ਼੍ਰੋਮਣੀ ਕਮੇਟੀ ਦਾ ਸਾਬਕਾ ਜ਼ਿਲਾ ਪ੍ਰਧਾਨ ਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਭਾਣਜਾ ਹੈ। 

ਗੁਰਦਾਸਪੁਰ : ਕੁੱਟਮਾਰ ਕਰਨ ਵਾਲੇ 6 ਦੋਸ਼ੀਆਂ ਦੇ ਵਿਰੁੱਧ ਕੇਸ ਦਰਜ
ਪੁਰਾਣੀ ਰੰਜਿਸ਼ ਦੇ ਚੱਲਦੇ ਕੁੱਟਮਾਰ ਕਰਕੇ ਜ਼ਖਮੀ ਕਰਨ ਵਾਲੇ 6 ਦੋਸ਼ੀਆਂ ਦੇ ਵਿਰੁੱਧ ਸਿਟੀ ਪੁਲਸ ਨੇ ਧਾਰਾ 452,324,323,427,148,149 ਅਧੀਨ ਕੇਸ ਦਰਜ ਕੀਤਾ ਹੈ ਪਰ ਸਾਰੇ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਪੀੜਤ ਸ਼ੰਕਰ ਅਬਰੋਲ ਪੁੱਤਰ ਕਮਲ ਕਿਸ਼ੋਰ ਨਿਵਾਸੀ ਮੁਹੱਲਾ ਸ਼ਹੀਦ ਭਗਤ ਸਿੰਘ ਨਗਰ ਗੁਰਦਾਸਪੁਰ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੋਸ਼ ਲਗਾਇਆ ਕਿ ਰਾਤ ਲਗਭਗ 9:30 ਵਜੇ ਉਹ ਬਾਹਰ ਤੋਂ ਘਰ ਵਾਪਸ ਆ ਰਿਹਾ ਸੀ ਤੇ ਦੇਖੀਆ ਕਿ ਦੋਸ਼ੀ ਰਮੇਸ਼ ਕੁਮਾਰ ਪੁੱਤਰ ਹੰਸ ਰਾਜ, ਨਵਤੇਜ, ਦਿਲਪ੍ਰੀਤ ਪੁੱਤਰ ਰਮੇਸ਼ ਕੁਮਾਰ ਨਿਵਾਸੀ ਸ਼ਹੀਦ ਭਗਤ ਸਿੰਘ ਨਗਰ, ਸੁਖ, ਦਵਿੰਦਰ ਅਤੇ ਸਾਬੀ ਵਾਸੀ ਗੁਰਦਾਸਪੁਰ ਉਸ ਦੇ ਭਰਾ ਸੌਰਵ ਨੂੰ ਡਾਂਗ, ਬੈਟ ਅਤੇ ਲੋਹੇ ਦੀ ਰਾਡ  ਨਾਲ ਮਾਰ ਰਹੇ ਸਨ। ਜਦ ਉਹ ਘਰ ਉਸ ਨੂੰ ਬਚਾਉਣ ਲਈ ਘਰ ਅੰਦਰ ਆਇਆ ਤਾਂ ਦੋਸ਼ੀਆਂ ਨੇ ਉਸ ਦੀ ਵੀ ਕੁੱਟਮਾਰ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀ ਮਾਂ ਨਾਲ ਵੀ ਹੱਥੋਪਾਈ ਕੀਤੀ। ਇਸ ਉਪਰੰਤ ਜਦੋਂ ਉਨ੍ਹਾਂ ਨੇ ਰੌਲਾ ਪਾਇਆ ਤਾਂ ਉਕਤ ਦੋਸ਼ੀ ਮੌਕੇ 'ਤੋਂ ਫਰਾਰ ਹੋ ਗਏ।  ਇਸ ਸੰਬੰਧੀ ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਪੀੜਤ ਸ਼ੰਕਰ ਅਬਰੋਲ ਦੀ ਸ਼ਿਕਾਇਤ 'ਤੇ ਸਾਰੇ ਦੋਸ਼ੀਆਂ ਦੇ ਵਿਰੁੱਧ ਕੇਸ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।  


Baljeet Kaur

Content Editor

Related News