ਦੀਵਾਲੀ ਵਾਲੀ ਰਾਤ ਪੁਲਸ ਮੁਲਾਜ਼ਮ ਦੀ ਹੋਈ ਕੁੱਟਮਾਰ, ਪਾੜੀ ਵਰਦੀ

10/29/2019 9:23:47 PM

ਤਰਨਤਾਰਨ, (ਰਾਜੂ)— ਦੀਵਾਲੀ ਦੀ ਰਾਤ ਸਥਾਨਕ ਜੰਡਿਆਲਾ ਰੋਡ ਵਿਖੇ ਮੀਟ ਦੀ ਰੇਹੜੀ ਲਗਾਉਣ ਵਾਲੇ ਪਿਓ-ਪੁੱਤ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਡਿਊਟੀ 'ਤੇ ਤਾਇਨਾਤ ਪੰਜਾਬ ਪੁਲਸ ਦੇ ਕਾਂਸਟੇਬਲ 'ਤੇ ਹਮਲਾ ਕਰਦਿਆਂ ਜ਼ਖ਼ਮੀ ਕਰਨ, ਵਰਦੀ ਪਾੜਨ ਅਤੇ ਕਾਂਸਟਬੇਲ ਦਾ ਪਰਸ ਖੋਹ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਸਿਟੀ ਤਰਨਤਾਰਨ ਪੁਲਸ ਨੇ 6 ਲੋਕਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਹਮਲੇ 'ਚ ਜ਼ਖ਼ਮੀ ਹੋਏ ਕਾਂਸਟੇਬਲ ਅਮਰਜੀਤ ਸਿੰਘ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਉਸ ਦੀ ਡਿਊਟੀ ਹੈੱਡ ਕਾਂਸਟੇਬਲ ਨਰਿੰਦਰ ਸਿੰਘ ਨਾਲ ਜੰਡਿਆਲਾ ਰੋਡ ਤਰਨਤਾਰਨ ਵਿਖੇ ਲੱਗੀ ਸੀ ਅਤੇ ਰਾਤ ਉਹ ਆਪਣੀ ਡਿਊਟੀ ਦੇ ਰਹੇ ਸਨ ਤਾਂ ਵਕਤ ਕਰੀਬ 10.45 ਵਜੇ ਰੇਲਵੇ ਰੋਡ ਫਾਟਕ ਨਜ਼ਦੀਕ ਸਾਹਿਬ ਨਰਸਿੰਗ ਹੋਮ ਨੇੜੇ ਇਕ ਮੀਟ ਵੇਚਣ ਵਾਲੇ ਰੇਹੜੀ ਲਗਾ ਕੇ ਖੜ੍ਹੇ ਸਨ। ਜਿੰਨਾਂ ਨਾਲ 3-4 ਹੋਰ ਵਿਅਕਤੀ ਖੜ੍ਹੇ ਸਨ ਜਿੰਨਾਂ ਨੂੰ ਉਨ੍ਹਾਂ ਰਾਤ ਜ਼ਿਆਦਾ ਹੋਣ ਕਰਕੇ ਘਰ ਜਾਣ ਲਈ ਕਿਹਾ ਤੇ ਰੇਹੜੀ ਮਾਲਕਾਂ ਨੂੰ ਵੀ ਜਾਣ ਲਈ ਕਿਹਾ। ਜਿਸ ਕਾਰਨ ਤੈਸ਼ ਵਿਚ ਆਏ ਰੇਹੜੀ ਮਾਲਕ ਗੁਰਚਰਨ ਦਾਸ ਨੇ ਆਪਣੇ ਪਿਤਾ ਮਦਨ ਲਾਲ ਦੀ ਸ਼ਹਿ 'ਤੇ ਕਿਰਚ ਨਾਲ ਉਸ ਉਪਰ ਵਾਰ ਕੀਤਾ ਜਿਸ ਨਾਲ ਉਸ ਦੇ ਹੱਥ 'ਤੇ ਸੱਟ ਲੱਗੀ ਤੇ ਜ਼ਖ਼ਮੀ ਹੋ ਗਿਆ। ਇਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਮਿਲ ਕੇ ਹਮਲਾ ਕਰ ਦਿੱਤਾ ਅਤੇ ਉਸ ਦੀ ਪਹਿਣੀ ਹੋਈ ਵਰਦੀ ਪਾੜ ਦਿੱਤੀ ਜਦ ਕਿ ਐੱਚ.ਸੀ. ਨਰਿੰਦਰ ਸਿੰਘ ਨੇ ਛੁਡਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਧੱਕਾ ਮਾਰ ਦਿੱਤਾ ਅਤੇ ਫਿਰ ਗੁਰਚਰਨ ਦਾਸ ਨੇ ਉਸ ਦੀ ਪੈਂਟ ਦੀ ਜੇਬ 'ਚੋਂ ਪਰਸ ਕੱਢ ਲਿਆ। ਜਿਸ ਵਿਚ 480 ਰੁਪਏ ਅਤੇ ਆਈ.ਡੀ. ਕਾਰਡ ਸੀ ਲੈ ਕੇ ਫਰਾਰ ਹੋ ਗਿਆ ਅਤੇ ਬਾਕੀ ਮੁਲਜ਼ਮ ਵੀ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ।
ਹੈੱਡ ਕਾਂਸਟੇਬਲ ਨਰਿੰਦਰ ਸਿੰਘ ਨੇ ਉਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਅਤੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਘਟਨਾ ਦਾ ਪਤਾ ਚੱਲਦਿਆਂ ਮੌਕੇ 'ਤੇ ਸਬ ਇੰਸਪੈਕਟਰ ਬਲਜੀਤ ਕੌਰ ਨੇ ਦੱਸਿਆ ਕਿ ਪੁਲਸ ਕਾਂਸਟੇਬਲ 'ਤੇ ਹਮਲਾ ਕਰਕੇ ਜ਼ਖ਼ਮੀ ਕਰਨ, ਵਰਦੀ ਪਾੜਨ ਅਤੇ ਪਰਸ ਖੋਹਣ ਦੇ ਦੋਸ਼ਾਂ ਤਹਿਤ ਗੁਰਚਰਨ ਦਾਸ ਪੁੱਤਰ ਮਦਨ ਲਾਲ, ਮਦਨ ਲਾਲ ਪੁੱਤਰ ਕਾਲੂ ਰਾਮ ਵਾਸੀਆਨ ਗਲੀ ਗਾਰਮੈਂਟ ਵਾਲੀ ਮੁਹੱਲਾ ਨਾਨਕਸਰ ਤਰਨਤਾਰਨ ਅਤੇ 4 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
 


KamalJeet Singh

Content Editor

Related News