ਸਰਕਾਰੀ ਖਜ਼ਾਨੇ ਨੂੰ ਚੂਨਾ, ਹਾਊਸ ਰੈਂਟ ਲੈਣ ਦੇ ਬਾਵਜੂਦ ਸਟੇਸ਼ਨ ਛੱਡ ਕੇ ਚਲੇ ਜਾਂਦੇ ਕੁਝ ਡਾਕਟਰ!

02/29/2024 5:23:42 PM

ਅੰਮ੍ਰਿਤਸਰ (ਦਲਜੀਤ)- ਸਿਹਤ ਵਿਭਾਗ ਦੇ ਕਈ ਡਾਕਟਰ ਪੰਜਾਬ ਸਰਕਾਰ ਦੀਆਂ ਅੱਖਾਂ ਵਿਚ ਧੂੜ ਝੋਖ ਰਹੇ ਹਨ। ਡਾਕਟਰ ਸਰਕਾਰ ਤੋਂ ਹਰ ਮਹੀਨੇ ਸਟੇਸ਼ਨ ਨਾ ਛੱਡਣ ਲਈ ਹਾਊਸ ਰੈਂਟ ਲੈਣ ਦੇ ਬਾਵਜੂਦ ਰੋਜ਼ਾਨਾ ਆਪਣੇ ਘਰ ਨੂੰ ਜਾ ਰਹੇ ਹਨ। ਉਕਤ ਡਾਕਟਰਾਂ ਦੇ ਕਾਰਨਾਮਿਆਂ ਕਾਰਨ ਸਰਕਾਰੀ ਖਜ਼ਾਨੇ ਨੂੰ ਜਿੱਥੇ ਰੋਜ਼ਾਨਾਂ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ, ਉਥੇ ਸਰਕਾਰੀ ਹਸਪਤਾਲਾਂ ਵਿਚ 24 ਘੰਟੇ ਸੇਵਾਵਾਂ ਨਾ ਮਿਲਣ ਕਾਰਨ ਵਿਭਾਗ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਹੋ ਰਹੇ ਹਨ। ਪੰਜਾਬ ਸਰਕਾਰ ਜੇਕਰ ਡਾਕਟਰਾਂ ਦੀ ਮੋਬਾਈਲ ਲੋਕੇਸ਼ਨ ਨੂੰ ਟਰੈਕ ਕਰੇ ਤਾਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਉਣ ਵਾਲੇ ਕਈ ਡਾਕਟਰ ਰਿਕਾਰਡ ਸਮੇਤ ਸਾਹਮਣੇ ਆ ਸਕਦੇ ਹਨ।

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਲੋਕਾਂ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਿਹਤ ਵਿਭਾਗ ਦੇ ਕੁਝ ਮੈਡੀਕਲ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਵੱਲੋਂ ਸਰਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕੀਤਾ ਜਾ ਰਿਹਾ ਹੈ। ਤਨਖਾਹ ਤੋਂ ਇਲਾਵਾ ਸਰਕਾਰ ਡਾਕਟਰਾਂ ਨੂੰ ਉਨ੍ਹਾਂ ਦੇ ਘਰ ਤੋਂ ਦੂਰ ਸਟੇਸ਼ਨ ਅਲਾਟ ਕਰਦੀ ਹੈ ਅਤੇ ਉਨ੍ਹਾਂ ਨੂੰ ਘਰ ਦਾ ਕਿਰਾਇਆ ਵੀ ਦਿੰਦੀ ਹੈ ਤਾਂ ਜੋ ਡਾਕਟਰ ਨੂੰ ਰਹਿਣ-ਸਹਿਣ ਵਿਚ ਕੋਈ ਦਿੱਕਤ ਨਾ ਆਵੇ ਅਤੇ ਸਰਕਾਰੀ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਪ੍ਰਭਾਵਿਤ ਨਾ ਹੋ ਸਕਣ। ਸਰਕਾਰ ਦਾ ਮੁੱਖ ਉਦੇਸ਼ ਹੁੰਦਾ ਹੈ ਕਿ ਜੇਕਰ ਡਾਕਟਰ 24 ਘੰਟੇ ਸਟੇਸ਼ਨ ਦੇ ਨੇੜੇ ਮੌਜੂਦ ਰਹੇ ਤਾਂ ਉਹ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਮੇਂ ਸਿਰ ਸਰਕਾਰੀ ਹਸਪਤਾਲ ਪਹੁੰਚ ਸਕੇ ਅਤੇ ਲੋਕਾਂ ਨੂੰ ਮੌਕੇ ’ਤੇ ਹੀ ਚੰਗੀਆਂ ਸਿਹਤ ਸੇਵਾਵਾਂ ਮਿਲ ਸਕਣ।

ਇਹ ਵੀ ਪੜ੍ਹੋ : ਪੇਪਰ ਦੇ ਕੇ ਘਰ ਪਰਤ ਰਹੇ ਵਿਦਿਆਰਥੀਆਂ ਨਾਲ ਵਾਪਰਿਆ ਹਾਦਸਾ, ਇਕ ਦੀ ਦਰਦਨਾਕ ਮੌਤ, 2 ਗੰਭੀਰ ਜ਼ਖ਼ਮੀ

ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਕੁਝ ਡਾਕਟਰ ਅਜਿਹੇ ਵੀ ਹਨ, ਜੋ ਘਰ ਦਾ ਕਿਰਾਇਆ ਵੀ ਲੈ ਰਹੇ ਹਨ ਅਤੇ ਆਪਣੇ ਸਟੇਸ਼ਨਾਂ ਨੂੰ ਲਾਵਾਰਿਸ ਸਮਝ ਕੇ ਛੱਡ ਕੇ ਰੋਜ਼ਾਨਾਂ ਡਿਊਟੀ ਤੋਂ ਬਾਅਦ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਸਰਕਾਰੀ ਦਸਤਾਵੇਜ਼ਾਂ ਵਿਚ ਸਰਕਾਰ ਵੱਲੋਂ ਅਲਾਟ ਕੀਤੇ ਗਏ ਇਹ ਡਾਕਟਰ ਸਟੇਸ਼ਨ ਦੇ ਨੇੜੇ ਆਪਣੇ ਘਰ ਦਾ ਪਤਾ ਦਰਜ ਕਰਵਾ ਕੇ ਮਕਾਨ ਦਾ ਕਿਰਾਇਆ ਲੈਂਦੇ ਹਨ, ਜਦਕਿ ਇਹ ਸਿਰਫ਼ ਖਾਨਾਪੂਰਤੀ ਹੀ ਹੈ। ਉਕਤ ਡਾਕਟਰ ਹਰ ਰੋਜ਼ ਕਈ-ਕਈ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਆਪਣੇ ਘਰ ਚਲੇ ਜਾਂਦੇ ਹਨ ਅਤੇ ਸਵੇਰੇ ਫਿਰ ਦੁਬਾਰਾ ਸਟੇਸ਼ਨ ’ਤੇ ਆ ਜਾਂਦੇ ਹਨ। ਸਰਕਾਰ ਵਲੋਂ ਤਨਖਾਹ ਤੋਂ ਇਲਾਵਾ ਹਾਊਸ ਰੈਂਟ ਵੀ ਹਜ਼ਾਰਾਂ ਦੀ ਤਦਾਦ ਵਿਚ ਡਾਕਟਰਾਂ ਨੂੰ ਦਿੱਤਾ ਜਾਂਦਾ ਹੈ। ਜੇਕਰ ਪੰਜਾਬ ਸਰਕਾਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਤਾਂ ਇਹ ਗੱਲ ਸਾਹਮਣੇ ਆ ਸਕਦੀ ਹੈ ਕਿ ਹਰ ਰੋਜ਼ ਸਰਕਾਰੀ ਖ਼ਜ਼ਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ। ਜੇਕਰ ਸਰਕਾਰ ਡਾਕਟਰਾਂ ਦੀ ਮੋਬਾਈਲ ਲੋਕੇਸ਼ਨ ਚੈੱਕ ਕਰੇ ਤਾਂ ਕਈ ਵੱਡੇ ਡਾਕਟਰਾਂ ਦੇ ਨਾਂ ਸਾਹਮਣੇ ਆ ਸਕਦੇ ਹਨ, ਜੋ ਈਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰਨ ਦਾ ਦਾਅਵਾ ਕਰਦੇ ਹਨ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਮੁਫਤ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ ਪਰ ਜੇਕਰ ਉਕਤ ਡਾਕਟਰ ਆਪਣੇ ਸਟੇਸ਼ਨ ਛੱਡ ਕੇ ਘਰਾਂ ਨੂੰ ਚਲੇ ਜਾਣ ਤਾਂ ਦਵਾਈਆਂ ਮੁੱਖ ਕਮਰੇ ਵਿਚ ਬਿਨ੍ਹਾਂ ਡਾਕਟਰ ਤੋਂ ਕਿਵੇਂ ਮਰੀਜ਼ਾਂ ਨੂੰ ਮਿਲ ਸਕਣਗੀਆਂ। ਹੁਣ ਦੇਖਣਾ ਇਹ ਹੋਵੇਗਾ ਕਿ ਸਰਕਾਰ ਇਸ ਮਾਮਲੇ ਵਿਚ ਕੀ ਕਾਰਵਾਈ ਕਰਦੀ ਹੈ। ਇਸ ਸਮੇਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਵਾਲੇ ਜ਼ਿਆਦਾਤਰ ਲੋਕ ਸਿਹਤ ਵਿਭਾਗ ਦੇ ਡਾਕਟਰ, ਮੈਡੀਕਲ ਅਫਸਰ, ਸੀਨੀਅਰ ਮੈਡੀਕਲ ਅਫਸਰ ਅਤੇ ਹੋਰ ਅਧਿਕਾਰੀ ਹਨ। ਇਸ ਸਬੰਧੀ ਜਦੋਂ ਸਿਵਲ ਸਰਜਨ ਡਾ. ਵਿਜੇ ਕੁਮਾਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੂੰ ਕਈ ਵਾਰ ਫ਼ੋਨ ਕੀਤੇ ਗਏ ਪਰ ਉਨ੍ਹਾਂ ਫ਼ੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ |

ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ : ਸੁਖਬੀਰ ਬਾਦਲ ਤੇ ਸੈਣੀ ਨੇ ਸਿਆਸੀ ਲਾਹਾ ਲੈਣ ਲਈ ਰਚੀ ਸਾਜ਼ਿਸ਼, SIT ਨੇ ਕੀਤਾ ਦਾਅਵਾ

‘ਜਨਾਬ ਛੱਡੋ! ਕੱਲ ਤੋਂ ਮੈਂ ਸਟੇਸ਼ਨ ਰਹਾਂਗਾ ਹਾਜ਼ਰ’

ਜਦੋਂ ਪ੍ਰਤੀਨਿਧੀ ਨੇ ਉਕਤ ਮਾਮਲੇ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਫੋਨ ਕਰ ਕੇ ਪੁੱਛਿਆ ਕਿ ਡਾਕਟਰ ਸਾਹਿਬ, ਤੁਸੀਂ ਕਿਵੇਂ ਹੋ, ਹੁਣ ਕਿੱਥੇ ਹੋ, ਤਾਂ ਡਾਕਟਰ ਨੇ ਕਿਹਾ ਕਿ ਇਸ ਸਮੇਂ ਮੈਂ ਆਪਣੇ ਘਰ ਹਾਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੀ ਡਿਊਟੀ ਕਦੋਂ ਖਤਮ ਹੋਈ ਹੈ ਤਾਂ ਉਨ੍ਹਾਂ ਕਿਹਾ ਕਿ ਹਾਂ, ਉਨ੍ਹਾਂ ਨੇ ਆਪਣੀ ਡਿਊਟੀ ਖ਼ਤਮ ਕਰ ਕੇ ਘਰ ਆਉਣਾ ਸੀ। ਉਨ੍ਹਾਂ ਨੂੰ ਪੁੱਛਿਆ ਕਿ ਕੀ ਤੁਸੀਂ ਆਪਣੇ ਸਟੇਸ਼ਨ ’ਤੇ ਨਹੀਂ ਰਹਿੰਦੇ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਨਹੀਂ, ਡਿਊਟੀ ਤੋਂ ਬਾਅਦ ਸ਼ਹਿਰ ਵਿਚ ਆਪਣੇ ਘਰ ਹੀ ਆਉਣਾ ਪੈਂਦਾ ਹੈ, ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਘਰ ਦਾ ਕਿਰਾਇਆ ਲੈਂਦੇ ਹਨ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਹਾਂ ਲੈਂਦਾ ਹਾਂ, ਕਿਉਂਕਿ ਉਹ ਤਾਂ ਸਾਰੇ ਲੈਂਦੇ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਘਰ ਦਾ ਕਿਰਾਇਆ ਲੈਣ ਦੇ ਬਾਵਜੂਦ ਤੁਸੀਂ ਸਟੇਸ਼ਨ ਛੱਡ ਕੇ ਸ਼ਹਿਰ ਕਿਉਂ ਆਉਂਦੇ ਹੋ ਤਾਂ ਉਨ੍ਹਾਂ ਕਿਹਾ ਕਿ ਇੱਥੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਲਈ ਜਦੋਂ ਉਹ ਸ਼ਹਿਰ ਆ ਜਾਂਦੇ ਹਨ ਤਾਂ ਛੱਡੋ ਕੱਲ ਤੋਂ ਮੈਂ ਸਟੇਸ਼ਨ ’ਤੇ ਰਹਿ ਲਾਵਾਂਗਾ।

ਇਹ ਵੀ ਪੜ੍ਹੋ : ਦੋਸਤ ਦੀ ਪਤਨੀ ਨੂੰ ਬਲੈਕਮੇਲ ਕਰਦੇ ਹੋਏ ਬਣਾਏ ਨਾਜਾਇਜ਼ ਸਬੰਧ, ਵੀਡੀਓ ਕੀਤੀ ਵਾਇਰਲ

ਆਰ. ਟੀ. ਆਈ. ਤੋਂ ਮੰਗੀ ਸੂਚਨਾ, ਉੱਚ ਅਧਿਕਾਰੀਆਂ ਨੂੰ ਕੀਤੀ ਸ਼ਿਕਾਇਤ

ਸਿਹਤ ਵਿਭਾਗ ਇੰਪਲਾਈਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪੰਡਿਤ ਰਾਕੇਸ਼ ਸ਼ਰਮਾ ਨੇ ਕਿਹਾ ਕਿ ਸਿਹਤ ਵਿਭਾਗ ਦੀ ਬਿਹਤਰੀ ਲਈ ਪੰਜਾਬ ਸਰਕਾਰ ਕੁਝ ਥਾਵਾਂ ’ਤੇ ਵਧੀਆ ਕੰਮ ਕਰ ਰਹੀ ਹੈ ਪਰ ਕੁਝ ਡਾਕਟਰ ਅਜਿਹੇ ਹਨ, ਜੋ ਸਰਕਾਰ ਤੋਂ ਮਕਾਨ ਦਾ ਕਿਰਾਇਆ ਲੈਣ ਦੇ ਬਾਅਦ ਹਰ ਰੋਜ਼ ਸ਼ਹਿਰ ਵਿਚ ਸਥਿਤ ਆਪਣੇ ਘਰਾਂ ਵਿਚ ਆ ਰਹੇ ਹਨ। ਸੂਚਨਾ ਦੇ ਅਧਿਕਾਰ ਤਹਿਤ ਵਿਭਾਗ ਤੋਂ ਇਹ ਜਾਣਕਾਰੀ ਵੀ ਮੰਗੀ ਗਈ ਹੈ ਅਤੇ ਇਸ ਸਬੰਧੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਸਰਕਾਰੀ ਖ਼ਜ਼ਾਨੇ ਨੂੰ ਹਰ ਰੋਜ਼ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਜੇਕਰ ਡਾਕਟਰ ਅਤੇ ਅਧਿਕਾਰੀ 24 ਘੰਟੇ ਸਟੇਸ਼ਨ ’ਤੇ ਮੌਜੂਦ ਰਹਿਣ ਤਾਂ ਇਸ ਨਾਲ ਬਿਹਤਰ ਸਿਹਤ ਸੇਵਾਵਾਂ ਮਿਲ ਸਕਦੀਆਂ ਹਨ। ਦੂਜੇ ਪਾਸੇ ਸੰਸਥਾ ਦੇ ਆਗੂ ਗੁਰਮੀਤ ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸ ਮਾਮਲੇ ਦਾ ਸਖ਼ਤ ਨੋਟਿਸ ਲੈ ਕੇ ਜਾਂਚ ਕਰਵਾਏ ਤਾਂ ਕਈ ਹੈਰਾਨੀਜਨਕ ਤੱਥ ਸਾਹਮਣੇ ਆ ਸਕਦੇ ਹਨ।

ਇਹ ਵੀ ਪੜ੍ਹੋ : ਸ਼ਰਾਰਤ ਨਾਲ ਗੁਪਤ ਅੰਗ ਰਾਹੀਂ ਢਿੱਡ ’ਚ ਭਰੀ ਹਵਾ, ਵਿਅਕਤੀ ਦੀ ਦਰਦਨਾਕ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News