ਮਾਮਲਾ 328 ਪਾਵਨ ਸਰੂਪਾਂ ਦਾ, ਜਥੇਬੰਦੀਆਂ ਤੇ ਸੰਗਤਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਫੈਸਲਾ ਨਾ-ਮਨਜ਼ੂਰ

Sunday, Sep 20, 2020 - 05:08 PM (IST)

ਮਾਮਲਾ 328 ਪਾਵਨ ਸਰੂਪਾਂ ਦਾ, ਜਥੇਬੰਦੀਆਂ ਤੇ ਸੰਗਤਾਂ ਨੂੰ ਗਿਆਨੀ ਹਰਪ੍ਰੀਤ ਸਿੰਘ ਦਾ ਫੈਸਲਾ ਨਾ-ਮਨਜ਼ੂਰ

ਅੰਮ੍ਰਿਤਸਰ (ਅਨਜਾਣ): ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਵਿਖੇ 2016 'ਚ ਹੋਈ ਅੱਗਜਣੀ ਦੀ ਮੰਦਭਾਗੀ ਘਟਨਾ 'ਚ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਹੋਈ ਬੇਅਦਬੀ ਸਬੰਧੀ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀਆਂ ਡਾਗਾਂ ਖਾ ਕੇ ਵੀ ਆਪਣੇ ਇਰਾਦੇ 'ਤੇ ਦ੍ਰਿੜ ਧਰਨਾ ਲਗਾਈ ਬੈਠੀਆਂ ਨੇ ਉੱਥੇ 17 ਸਤੰਬਰ ਨੂੰ ਦਲ ਖਾਲਸਾ, ਅਕਾਲੀ ਦਲ ਅੰਮ੍ਰਿਤਸਰ ਤੇ ਅਕਾਲੀ ਦਲ ਯੂਨਾਈਟਿਡ ਵਲੋਂ ਵੱਖ-ਵੱਖ ਜਥੇਬੰਦੀਆਂ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਬੁਲਾਈ ਗਈ ਇਕੱਤਰਤਾ 'ਚ ਸਰਬ-ਸੰਮਤੀ ਨਾਲ ਇਹ ਫੈਸਲੇ ਲਏ ਗਏ ਸਨ ਕਿ ਜੇਕਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬਾਕੀ ਸਿੰਘ ਸਾਹਿਬਾਨ ਨੇ ਜੇਕਰ 2016 ਦੀ ਕਾਰਜਕਾਰਣੀ ਤੇ ਮੌਜੂਦਾ ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੇ ਕਾਰਜਕਾਰਣੀ ਕੋਲੋਂ 328 ਪਾਵਨ ਸਰੂਪਾਂ ਦਾ ਹਿਸਾਬ ਕਿ ਉਹ ਕਿੱਥੇ ਨੇ ਨਾ ਲਿਆ। 

ਉਸਦੇ ਇਲਾਵਾ ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਕਾਰਜਕਾਰਣੀ ਕੋਲੋਂ ਅਸਤੀਫ਼ੇ ਨਾ ਲਏ ਤੇ ਇਨ੍ਹਾਂ ਸਾਰਿਆਂ ਨੂੰ ਸਿਰਫ਼ ਪਾਠ ਕਰਨ, ਭਾਂਡੇ ਮਾਂਜਣ ਤੇ ਝਾੜੂ ਦੀ ਸੇਵਾ ਲਗਾ ਕੇ ਬਖਸ਼ ਦਿੱਤਾ ਤਾਂ ਕੌਮ ਜਥੇਦਾਰ ਅਕਾਲ ਤਖ਼ਤ ਨੂੰ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਤਰ੍ਹਾਂ ਕਟਹਿਰੇ 'ਚ ਖੜ੍ਹਾ ਕਰੇਗੀ। ਦੱਸ ਦੇਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਹ ਸਿਧਾਂਤ ਹੈ ਕਿ ਸ਼ਰਨ ਆਏ ਨੂੰ ਕੰਠ ਲਾਉਣਾ ਤੇ ਉਸ ਨੂੰ ਧਾਰਮਿਕ ਸਜ਼ਾ ਦੇ ਕੇ ਹਿਰਦਾ ਸ਼ੁੱਧ ਕਰਨਾ ਤੇ ਅੱਗੋਂ ਤੋਂ ਕੋਈ ਗਲਤੀ ਕਰਨ ਤੋਂ ਤੋਬਾ ਕਰਵਾਉਣਾ ਪਰ ਦੂਸਰੇ ਪਾਸੇ ਸਵਾਲ ਇਹ ਹੈ ਕਿ 18 ਸਤੰਬਰ ਦੀ ਮੀਟਿੰਗ 'ਚ ਪੰਜ ਸਿੰਘ ਸਾਹਿਬਾਨ ਵਲੋਂ ਜੋ ਫੈਸਲਾ ਸੁਣਾਇਆ ਗਿਆ ਕੀ ਜਥੇਬੰਦੀਆਂ ਤੇ ਸੰਗਤਾਂ ਨੂੰ ਇਹ ਫੈਸਲਾ ਮਨਜ਼ੂਰ ਹੈ ਜਾਂ ਨਹੀਂ। ਆਓ ਜਾਣਦੇ ਹਾਂ ਵੱਖ-ਵੱਖ ਸਤਿਕਾਰ ਕਮੇਟੀਆਂ, ਸਿਆਸੀ ਆਗੂਆਂ, ਵਿਦਵਾਨਾਂ ਤੇ ਜਥੇਬੰਦੀਆਂ ਕੋਲੋਂ।

ਦੋਸ਼ੀਆਂ ਨੂੰ ਸਲਾਖਾਂ ਪਿੱਛੇ ਭੇਜਣ ਉਪਰੰਤ ਹੀ ਧਰਨਾ ਚੁੱਕਾਂਗੇ :
ਜਗਬਾਣੀ/ਪਂੰਜਾਬ ਕੇਸਰੀ ਵੱਲੋਂ ਜਦ ਸਤਿਕਾਰ ਕਮੇਟੀਆਂ ਜਿਨ੍ਹਾਂ ਦਾ ਧਰਨਾ ਅੱਜ ਛੇਵੇਂ ਦਿਨ 'ਚ ਦਾਖ਼ਲ ਹੋ ਚੁੱਕਾ ਹੈ ਪੁੱਛਿਆ ਗਿਆ ਤਾਂ ਉਨ੍ਹਾਂ 'ਚ ਵੱਖ-ਵੱਖ ਸਤਿਕਾਰ ਕਮੇਟੀਆਂ ਦੇ ਮੁਖੀ ਸੁਖਜੀਤ ਸਿੰਘ ਖੋਸਾ, ਬਲਬੀਰ ਸਿੰਘ ਮੁੱਛਲ, ਤਰਲੋਚਨ ਸਿੰਘ ਸੋਹਲ, ਸੁਖਵਿੰਦਰ ਸਿੰਘ ਹਰਿਆਣਾ, ਬਲਵੰਤ ਸਿੰਘ ਗੋਪਾਲਾ ਤੇ ਮਨਜੀਤ ਸਿੰਘ ਝਬਾਲ ਨੇ ਕਿਹਾ ਕਿ ਅਸੀਂ ਜਥੇਦਾਰ ਸਾਹਿਬ ਦੇ ਫੈਸਲੇ ਨਾਲ ਸਹਿਮਤ ਨਹੀਂ। ਗਿਆਨੀ ਹਰਪ੍ਰੀਤ ਸਿੰਘ ਨੇ ਸਜ਼ਾ ਸੁਨਾਉਣ ਸਮੇਂ 328 ਪਾਵਨ ਸਰੂਪਾਂ ਬਾਰੇ ਬਿਲਕੁਲ ਗੱਲ ਨਹੀਂ ਕੀਤੀ। ਬਲਕਿ ਦੋਸ਼ੀਆਂ ਨੂੰ ਧਾਰਮਿਕ ਸਜ਼ਾ ਲਗਾ ਕੇ ਆਪਣਾ ਫ਼ਰਜ਼ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸਜ਼ਾ ਕੱਟਦੇ ਨਹੀਂ ਦੇਖ ਲੈਂਦੇ ਓਨੀਂ ਦੇਰ ਤੱਕ ਧਰਨਾ ਨਹੀਂ ਚੁੱਕਾਂਗੇ ਚਾਹੇ ਜੋ ਮਰਜ਼ੀ ਹੋ ਜਾਵੇ। ਚਾਹੀਦਾ ਤਾਂ ਇਹ ਸੀ ਕਿ ਗੁਰੂ ਦੋਖੀਆਂ 'ਤੇ ਪਰਚੇ ਦਰਜ ਕਰਵਾਏ ਜਾਂਦੇ ਪਰ ਸਿੰਘ ਸਾਹਿਬ ਨੇ ਉਨ੍ਹਾਂ ਨੂੰ ਗੁਰਬਾਣੀ ਪਾਠ ਕਰਨ ਤੇ ਝਾੜੂ ਦੀ ਸੇਵਾ ਲਗਾ ਕੇ ਬੜੀ ਆਸਾਨੀ ਨਾਲ ਬਰੀ ਕਰ ਦਿੱਤਾ।

22 ਸਤੰਬਰ ਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਘਰ ਅੱਗੇ ਅਸਤੀਫ਼ਾ ਮੰਗਣ ਲਈ ਦੇਵਾਂਗੇ ਧਰਨਾ :
ਅੰਮ੍ਰਿਤਸਰ ਅਕਾਲੀ ਦਲ ਦੇ ਈਮਾਨ ਸਿੰਘ ਮਾਨ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਾਹਮਣੇ ਸਰੂਪਾਂ ਦੇ ਮਾਮਲੇ ਬਾਰੇ ਜੋ ਰਿਪੋਰਟ ਮੰਗੀ ਗਈ ਸੀ ਉਹ ਗੁਪਤ ਰਹਿ ਗਈ। ਪਹਿਲਾਂ 2015, ਫ਼ਿਰ 2016 ਤੇ ਬਾਅਦ 'ਚ ਵਿਦੇਸ਼ 'ਚ ਬੇਅਦਬੀ ਹੋਏ 450 ਪਾਵਨ ਸਰੂਪਾਂ ਦਾ ਹਿਸਾਬ ਕਿਉਂ ਨਹੀਂ ਮੰਗਿਆ ਗਿਆਨੀ ਹਰਪ੍ਰੀਤ ਸਿੰਘ ਨੇ। ਅਸੀਂ ਤਾਂ ਹੁਣ ਅਗਲੀ ਕਾਰਵਾਈ ਕਰਦਿਆਂ 22 ਸਤੰਬਰ ਨੂੰ ਪ੍ਰਧਾਨ ਸ਼੍ਰੋਮਣੀ ਕਮੇਟੀ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਅੱਗੇ ਧਰਨਾ ਦੇਵਾਂਗੇ ਤੇ ਲੌਂਗੋਵਾਲ ਤੇ ਕਾਰਜਕਾਰਣੀ ਤੋਂ ਅਸਤੀਫ਼ੇ ਮੰਗਾਂਗੇ। ਜੇ ਲੋੜ ਪਈ ਤਾਂ ਸੁਖਬੀਰ ਸਿੰਘ ਬਾਦਲ ਦੇ ਘਰ ਅੱਗੇ ਵੀ ਧਰਨਾ ਦੇਵਾਂਗੇ। ਇਸਦੇ ਇਲਾਵਾ 28 ਸਤੰਬਰ ਦੇ ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ 'ਚ ਸਾਰੀਆਂ ਜਥੇਬੰਦੀਆਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਘੇਰਾ ਘੱਤ ਕੇ ਉੱਥੋਂ ਨਿਕਲਣ ਵਾਲੇ ਕਾਰਜਕਾਰਣੀ ਦੇ ਮੈਂਬਰਾਂ ਨੂੰ ਹਲੂਣਾ ਦੇ ਕੇ ਕਹਿਣਗੀਆਂ ਕਿ ਤੁਸੀਂ ਇਜਲਾਸ 'ਚ ਗੁਰੂ ਸਾਹਿਬ ਦੀ ਗੱਲ ਕਰਨੀ ਹੈ ਤੇ ਬਾਹਰ ਆਉਣ 'ਤੇ ਅਸੀਂ ਤੁਹਾਨੂੰ ਪੁੱਛਾਂਗੇ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਵਲੋਂ ਸਿੱਖ ਵਿਦਵਾਨਾਂ ਤੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰਕੇ ਬਾਕੀ ਕਾਰਜ਼ ਵੀ ਸ਼ੁਰੂ ਕੀਤੇ ਜਾਣਗੇ, ਜਿਵੇਂ ਥਾਣਿਆਂ 'ਚ ਪਰਚਾ ਦਰਜ ਕਰਵਾਉਣ ਦੇ ਕਾਰਜ। ਸੀਨੀਅਰ ਮੀਤ ਪ੍ਰਧਾਨ ਰਜਿੰਦਰ ਸਿੰਘ ਮਹਿਤ ਦੇ ਅਸਤੀਫ਼ੇ ਬਾਰੇ ਗੱਲ ਕਰਦਿਆਂ ਕਿਹਾ ਕਿ ਸ਼ਾਇਦ ਉਨ੍ਹਾਂ ਦੀ ਜਗੀਰ ਜਾਗ ਪਈ ਹੋਵੇ ਤੇ ਉਹ ਠੀਕ ਫੈਸਲੇ ਲੈਣ ਲੱਗ ਜਾਣ।

ਮਸੰਦਾਂ ਤੇ ਨਰੈਣੂ ਮਹੰਤਾਂ ਨੂੰ ਜਥੇਬੰਦੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਦਿਖਾਉਣਗੀਆਂ ਬਾਹਰ ਦਾ ਰਸਤਾ:
ਉੱਘੇ ਸਿੱਖ ਚਿੰਤਕ ਤੇ ਲੋਕ ਇਨਸਾਫ਼ ਪਾਰਟੀ ਦੇ ਪੰਜਾਬ ਧਾਰਮਿਕ ਵਿੰਗ ਦੇ ਪ੍ਰਧਾਨ ਜਗਜੋਤ ਸਿੰਘ ਖਾਲਸਾ ਨੇ ਕਿਹਾ ਕਿ ਭਾਵੇਂ ਨਿਰੋਲ ਸਿੱਖ ਅਕਾਲ ਤਖ਼ਤ ਸਾਹਿਬ ਨੂੰ ਮੰਨਦਾ ਹੈ ਪਰ ਮੀਰੀ-ਪੀਰੀ ਦੇ ਮਾਲਿਕ ਗੁਰੂ ਹਰਿਗੋਬਿੰਦ ਸਾਹਿਬ ਦੇ ਤਖ਼ਤ 'ਤੇ ਬੈਠੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਇਕ ਵਾਰੀ ਸਿੱਖ ਫਲਸਫ਼ੇ ਤੇ ਸਿੱਖ ਇਤਿਹਾਸ ਨੂੰ ਧਿਆਨ ਵਿੱਚ ਰੱਖ ਕੇ ਦੁਬਾਰਾ ਵਿਚਾਰ ਕਰਨ। ਗੁਰੂ ਹਰਿਰਾਏ ਸਾਹਿਬ ਦੇ ਪੁੱਤਰ ਰਾਮਰਾਇ ਨੇ ਇਕ ਗੁਰਬਾਣੀ ਦੀ ਤੁੱਕ ਗਲਤ ਪੜ੍ਹੀ ਸੀ ਤਾਂ ਉਨ੍ਹਾਂ ਉਸਨੂੰ ਦੁਰਕਾਰ ਦਿੱਤਾ ਸੀ ਪਰ ਇੱਥੇ ਤਾਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਕ ਵੀ ਨਹੀਂ ਪੂਰੇ 328 ਸਰੂਪਾਂ ਦਾ ਮਾਮਲਾ ਹੈ। ਗੁਰੂ ਸਾਹਿਬ ਨੇ ਸੰਗਤ ਨੂੰ ਆਪਣੇ ਨਾਲੋਂ ਉੱਚਾ ਦਰਜ਼ਾ ਦਿੱਤਾ ਹੈ ਇਸ ਲਈ ਜਥੇਦਾਰ ਸਾਹਿਬ ਸੰਗਤ ਦੀਆਂ ਭਾਵਨਾਵਾਂ ਦੀ ਕਦਰ ਕਰਨ। ਮਾਮਲਾ ਗੁਰੂ ਸਾਹਿਬ ਦੇ ਪਾਵਨ ਸਰੂਪਾਂ ਦਾ ਹੈ ਕੋਈ ਵੀ ਸ਼ਰਾਰਤੀ ਅਨਸਰ ਬੇਅਦਬੀ ਕਰ ਸਕਦਾ ਹੈ। ਜਥੇਦਾਰ ਸਾਹਿਬ ਕਿਸੇ ਦੇ ਦਬਾਅ ਹੇਠਾਂ ਆ ਕੇ ਫੈਸਲਾ ਨਾ ਕਰਨ ਬਲਕਿ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿਵਾਉਣ ਲਈ ਆਦੇਸ਼ ਕਰਨ। ਜੇਕਰ ਹਾਲੇ ਵੀ ਕੋਈ ਠੋਸ ਫੈਸਲਾ ਨਹੀਂ ਲਿਆ ਜਾਂਦਾ ਤਾਂ ਸਾਰੀਆਂ ਜਥੇਬੰਦੀਆਂ ਇਕੱਤਰ ਹੋ ਕੇ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਏਨਾ ਮਸੰਦਾਂ ਤੇ ਨਰੈਣੂ ਮਹੰਤਾਂ ਨੂੰ ਬਾਹਰ ਦਾ ਰਸਤਾ ਦਿਖਾਉਣਗੀਆਂ। 

ਗਿਆਨੀ ਗੁਰਬਚਨ ਸਿੰਘ ਵਾਂਗ ਮੌਜੂਦਾ ਜਥੇਦਾਰ ਨੂੰ ਵੀ ਕਰਾਂਗੇ ਕੌਮ ਦੇ ਕਟਹਿਰੇ 'ਚ ਖੜ੍ਹਾ :   
ਪ੍ਰਸਿੱਧ ਵਿਦਵਾਨ ਤੇ ਹਵਾਰਾ ਕਮੇਰੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਸੰਗਤਾਂ ਦੀਆਂ ਉਮੀਦਾਂ ਤੋਂ ਕੋਹਾਂ ਦੂਰ ਰਹੇ। ਭਾਰਤੀ ਸੰਵਿਧਾਨ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਨੂੰ ਧਾਰਾ 295-ਏ ਮੁਤਾਬਕ ਅਦਾਲਤਾਂ ਦੋ ਸਾਲ ਦੀ ਸਜ਼ਾ ਸੁਣਾਉਂਦੀਆਂ ਹਨ ਤੇ ਅਸੀਂ ਇਸ ਤੋਂ ਵੀ ਵੱਧ ਸਜ਼ਾ ਦੀ ਮੰਗ ਕਰਦੇ ਹਾਂ। ਜਥੇਦਾਰ ਸਾਹਿਬ 328 ਸਰੂਪਾਂ ਦੇ ਲਾਪਤਾ ਹੋਣ ਤੇ 80 ਸਰੂਪਾਂ ਦੇ ਅਗਨ ਭੇਟ ਹੋਣ ਕਾਰਣ ਬਹੁਤ ਹਲਕੀ ਸਜ਼ਾ ਸਹਿਜ਼ ਪਾਠ, ਸ੍ਰੀ ਅਖੰਡਪਾਠ ਸਾਹਿਬ ਤੇ ਝਾੜੂ ਮਾਰਨ ਦੀ ਸੇਵਾ ਲਗਾ ਕੇ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ। ਇਹ ਸਾਬਤ ਕਰ ਦਿੱਤਾ ਕਿ ਸਾਡੀਆਂ ਅਦਾਲਤਾਂ ਤਾਂ ਭਾਰਤੀ ਅਦਾਲਤਾਂ ਤੋਂ ਵੀ ਗਿਰੀਆਂ ਹੋਈਆਂ ਨੇ। ਘੱਟੋ ਘੱਟ 2016 ਦੀ ਕਾਰਜਕਾਰਣੀ 'ਤੇ ਪੁਲੀਟੀਕਲ ਤੌਰ ਤੇ ਧਾਰਮਿਕ ਤੌਰ ਤੇ ਚੌਣਾਂ ਲੜਣ 'ਤੇ ਬੈਨ ਲੱਗਣਾ ਚਾਹੀਦਾ ਸੀ ਤੇ ਬਾਦਲਾਂ ਨੂੰ ਵੀ ਬੁਲਾਉਣਾ ਚਾਹੀਦਾ ਸੀ। ਜਿਨ੍ਹਾਂ ਦੇ ਲਿਫ਼ਾਫੇ 'ਚੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਬਾਕੀ ਨਿਜਾਮ ਨਿਕਲਦਾ ਹੈ।

ਕੱਲ੍ਹ ਦੇ ਦਿਨ ਨੂੰ ਜਥੇਦਾਰ ਸਾਹਿਬ ਵੱਲੋਂ ਇਤਿਹਾਸਿਕ ਦਿਨ ਬਨਾਉਣਾ ਚਾਹੀਦਾ ਸੀ। ਗੁਰੂ ਸਾਹਿਬ ਦੀ ਬੇਅਦਬੀ ਦਾ ਮਸਲਾ ਸਿਖਰ ਦਾ ਮਸਲਾ ਸੀ ਤੇ ਸਿਖਰ ਦੀ ਸਜ਼ਾ ਸੁਨਾਉਣੀ ਚਾਹੀਦੀ ਸੀ। ਦੁਨੀਆ ਦੇਖਦੀ ਕਿ ਪਹਿਲਾਂ ਸੌਦਾ ਸਾਧ ਤੋਂ ਵੋਟਾਂ ਮੰਗ ਕੇ ਤੇ ਹੁਣ ਗੁਰੂ ਸਾਹਿਬ ਦੀ ਬੇਅਦਬੀ ਕਰਵਾ ਕੇ ਲੌਂਗੋਵਾਲ ਦੂਸਰੀ ਵਾਰ ਤਨਖਾਹੀਆ ਹੋਇਆ ਹੈ। ਇਸ ਤਰ੍ਹਾਂ ਤਾਂ ਜਿਹੜਾ ਮਰਜ਼ੀ ਗੁਰੂ ਸਾਹਿਬ ਦੀ ਬੇਅਦਬੀ ਕਰਕੇ ਮੁਆਫ਼ੀ ਮੰਗ ਕੇ ਸੁਰਖਰੂ ਹੋ ਜਾਵੇਗਾ। ਕੀ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਨਖਾਹੀਆ ਕਰਾਰ ਦੇ ਚੁੱਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਾਰਜਕਾਰਣੀ ਦੀ ਪ੍ਰਧਾਨਗੀ ਕਰ ਸਕਦੇ ਨੇ ਜਾਂ ਕਾਰਜਕਾਰਣੀ ਕੋਈ ਫੈਸਲਾ ਲੈ ਸਕਦੀ ਹੈ,ਇਨ੍ਹਾਂ ਤੇ ਬੈਨ ਲੱਗਣਾ ਚਾਹੀਦਾ ਹੈ। ਜਥੇਦਾਰ ਸਾਹਿਬ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਸੀ ਕਿ ਜਿਹੜੇ 328 ਪਾਵਨ ਸਰੂਪਾਂ ਦੇ ਮਸਲੇ 'ਤੇ ਧਰਨੇ 'ਤੇ ਸਤਿਕਾਰ ਕਮੇਟੀਆਂ ਤੇ ਜਥੇਬੰਦੀਆਂ ਦੇ ਆਗੂ ਬੈਠੇ ਨੇ ਕੀ ਉਨ੍ਹਾਂ ਦੀ ਇਸ ਫੈਸਲੇ 'ਤੇ ਸੰਤੁਸ਼ਟੀ ਹੈ। ਕਿਉਂਕਿ ਜਥੇਦਾਰ ਸਾਹਿਬ ਕੌਮ ਦੀਆਂ ਉਮੀਦਾਂ 'ਤੇ ਖਰੇ ਨਹੀਂ ਉੱਤਰੇ ਇਸ ਲਈ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਤਰ੍ਹਾਂ ਉਨ੍ਹਾਂ ਨੂੰ ਕਟਹਿਰੇ 'ਚ ਖੜ੍ਹਾ ਕਰਕੇ ਕੌਮ ਜਵਾਬ ਮੰਗੇਗੀ।


author

Shyna

Content Editor

Related News