ਸ਼ਿਵ ਸੈਨਾ ਬਾਲ ਠਾਕਰੇ ਦੇ ਮੀਤ ਪ੍ਰਧਾਨ ਦੇ ਘਰ ਬਾਹਰ ਜਿੰਦਾ ਰੌਂਦ ਸੁੱਟ ਵਿਅਕਤੀ ਹੋਇਆ ਫ਼ਰਾਰ
Thursday, Jun 02, 2022 - 12:34 PM (IST)

ਤਰਨਤਾਰਨ (ਰਮਨ)- ਸ਼ਿਵ ਸੈਨਾ ਬਾਲ ਠਾਕਰੇ ਮੀਤ ਪ੍ਰਧਾਨ ਪੰਜਾਬ ਅਸ਼ਵਨੀ ਕੁਮਾਰ ਕੁੱਕੂ ਦੇ ਘਰ ਬਾਹਰ ਬੀਤੀ ਰਾਤ ਹਥਿਆਰ ਨਾਲ ਲੈਸ ਇਕ ਵਿਅਕਤੀ ਵੱਲੋਂ 12 ਜਿੰਦਾ ਰੌਂਦ ਸੁੱਟ ਕੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਵੱਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁੱਟੇਜ ਦੇ ਆਧਾਰ ’ਤੇ ਅਗਲੇਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਮੀਤ ਪ੍ਰਧਾਨ ਅਸ਼ਵਨੀ ਕੁਮਾਰ ਕੁੱਕੂ ਨੇ ਦੱਸਿਆ ਕਿ ਉਹ ਆਪਣੇ ਘਰ ਦੀ ਛੱਤ ਉੱਪਰ ਬੀਤੀ ਰਾਤ ਸੁੱਤੇ ਪਏ ਸਨ। ਜਦੋਂ ਉਨ੍ਹਾਂ ਨੂੰ ਰਾਤ ਨੂੰ ਕੋਈ ਜੋਰਦਾਰ ਆਵਾਜ਼ ਆਈ ਤਾਂ ਕਰੀਬ ਤਿੰਨ ਵਜੇ ਗਲੀ ’ਚ ਝਾਤੀ ਮਾਰਨ ’ਤੇ ਵੇਖਿਆ ਕਿ ਇਕ ਅਣਪਛਾਤਾ ਵਿਅਕਤੀ ਘਰ ਦੇ ਬਾਹਰ ਖੜਾ ਸੀ, ਜਿਸ ਦੇ ਹੱਥ ਵਿਚ ਪਿਸਤੌਲ ਸੀ। ਉਹ ਉਸ ਨੂੰ ਚਲਾਉਣ ਜਾਂ ਲੋਡ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਜਦੋਂ ਉਨ੍ਹਾਂ ਵੱਲੋਂ ਰੌਲਾ ਪਾਇਆ ਗਿਆ ਤਾਂ ਉਕਤ ਵਿਅਕਤੀ ਘਭਰਾ ਗਿਆ ਅਤੇ ਜ਼ਮੀਨ ’ਤੇ ਡਿੱਗੇ ਸਾਮਾਨ ਨੂੰ ਇਕੱਠਾ ਕਰਨ ਲੱਗ ਪਿਆ।
ਇਸ ਦੌਰਾਨ ਜਦੋਂ ਉਹ ਗਲੀ ਵਿਚ ਪੁੱਜੇ ਤਾਂ ਉਕਤ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਚੁੱਕਾ ਸੀ। ਇਸ ਦੌਰਾਨ ਦਰਵਾਜ਼ੇ ਦੇ ਬਾਹਰ ਜ਼ਮੀਨ ਉੱਪਰ 12 ਰੌਂਦ ਬਰਾਮਦ ਹੋਏ। ਅਸ਼ਵਨੀ ਕੁਮਾਰ ਕੁੱਕੂ ਨੇ ਦੱਸਿਆ ਕਿ ਇਸ ਸਬੰਧੀ ਸਵੇਰੇ ਐੱਸ.ਐੱਸ.ਪੀ ਰਣਜੀਤ ਸਿੰਘ ਢਿੱਲੋਂ ਨੂੰ ਫੋਨ ਕਰ ਕੇ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਡੀ.ਐੱਸ.ਪੀ ਸਿਟੀ ਬਰਜਿੰਦਰ ਸਿੰਘ ਨੂੰ ਮੌਕੇ ’ਤੇ ਭੇਜਿਆ ਗਿਆ, ਜਿਨ੍ਹਾਂ ਵੱਲੋਂ ਰੌਂਦ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਡੀ.ਐੱਸ.ਪੀ. ਬਰਜਿੰਦਰ ਸਿੰਘ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਕੁੱਕੂ ਵਲੋਂ ਪੁਲਸ ਨੂੰ ਸੌਂਪੇ ਗਏ 12 ਰੌਂਦਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਹਿਲਾਂ ਵੀ ਕਈ ਵਾਰ ਮਿਲ ਚੁੱਕੀਆਂ ਹਨ ਧਮਕੀਆਂ
ਸ਼ਿਵ ਸੈਨਾ ਬਾਲ ਠਾਕਰੇ ਦੇ ਮੀਤ ਪ੍ਰਧਾਨ ਪੰਜਾਬ ਅਸ਼ਵਨੀ ਕੁਮਾਰ ਕੁੱਕੂ ਨੂੰ ਪਹਿਲਾਂ ਵੀ ਕਈ ਵਾਰ ਧਮਕੀਆਂ ਮਿਲ ਚੁੱਕੀਆਂ ਹਨ। ਉਨ੍ਹਾਂ ਦੀ ਸੁਰਖਿਆ ਨੂੰ ਲੈ ਕੇ ਪਹਿਲਾਂ 4 ਮੁਲਾਜ਼ਮ ਤਾਇਨਾਤ ਹੁੰਦੇ ਸਨ, ਜਦਕਿ ਹੁਣ ਸਰਕਾਰ ਵੱਲੋਂ ਸਿਰਫ ਇਕ ਮੁਲਾਜ਼ਮ ਹੀ ਤਾਇਨਾਤ ਕੀਤਾ ਗਿਆ ਹੈ।