ਸਰਪੰਚ ਸੋਨੂੰ ਚੀਮਾ ਦੇ ਕਤਲ ਦਾ ਮਾਮਲਾ: ਪੁਲਸ ਨੇ ਟੈਕਨੀਕਲ ਸੈਲ ਦੀ ਮਦਦ ਨਾਲ ਹੁਣ ਤੱਕ ਖੰਗਾਲੇ 123 cctv

Friday, Jan 19, 2024 - 04:22 PM (IST)

ਤਰਨਤਾਰਨ (ਰਮਨ ਚਾਵਲਾ)- ਬੀਤੇ ਐਤਵਾਰ ਸਵੇਰੇ ਕਸਬਾ ਝਬਾਲ ਵਿਖੇ ਮੌਜੂਦਾ ਸਰਪੰਚ ਸੋਨੂ ਚੀਮਾ ਦਾ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਵਲੋਂ ਗੋਲੀਆਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਪੁਲਸ ਵਲੋਂ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਨੂੰ ਕਬਜ਼ੇ ’ਚ ਲੈਂਦੇ ਹੋਏ ਹੁਣ ਤੱਕ ਜਿੱਥੇ 123 ਕੈਮਰਿਆਂ ਨੂੰ ਖੰਗਾਲਦੇ ਹੋਏ ਤਫਤੀਸ਼ ਅੱਗੇ ਵਧਾਈ ਜਾ ਰਹੀ ਹੈ। ਉੱਥੇ ਹੀ ਪੁਲਸ ਵਲੋਂ ਕਰੀਬ ਚਾਰ ਵਿਅਕਤੀਆਂ ਨੂੰ ਰਾਊਂਡ ਅੱਪ ਕੀਤਾ ਜਾ ਚੁੱਕਾ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਵਲੋਂ ਟੈਕਨੀਕਲ ਸੈਲ ਦੀ ਵਿਸ਼ੇਸ਼ ਮਦਦ ਰਾਹੀਂ ਪੁਲਸ ਇਸ ਕਤਲ ਕੇਸ ਨੂੰ ਹੱਲ ਕਰਨ ਦੇ ਬਿਲਕੁਲ ਨਜ਼ਦੀਕ ਪੁੱਜਦੀ ਜਾ ਰਹੀ ਹੈ।

ਇਹ ਵੀ ਪੜ੍ਹੋ : ਛੁੱਟੀ 'ਤੇ ਆਏ ਫੌਜੀ ਦਾ ਸ਼ਰਮਨਾਕ ਕਾਰਾ, ਪ੍ਰੇਮਿਕਾ ਨਾਲ ਕਰ 'ਤਾ ਵੱਡਾ ਕਾਂਡ

ਇਸ ਕੇਸ ਨੂੰ ਲੈ ਕੇ ਐੱਸ.ਐੱਸ.ਪੀ. ਵਲੋਂ ਦਿੱਤੇ ਗਏ ਆਦੇਸ਼ਾਂ ਤੋਂ ਬਾਅਦ ਜ਼ਿਲ੍ਹੇ ਦੇ ਐੱਸ.ਪੀ ਸਥਾਨਕ ਮਨਿੰਦਰ ਸਿੰਘ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਟੀਮਾਂ ਵਿਚ ਟੈਕਨੀਕਲ ਸੈਲ ਦੀ ਟੀਮ ਵਲੋਂ ਵਿਸ਼ੇਸ਼ ਮਦਦ ਕਰਦੇ ਹੋਏ ਹੁਣ ਤੱਕ 123 ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਦੇ ਹੋਏ ਤਫਤੀਸ਼ ਅੱਗੇ ਵਧਾਈ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪੁਲਸ ਵਲੋਂ ਇਸ ਕਤਲ ਮਾਮਲੇ ਨੂੰ ਹੱਲ ਕਰਨ ਲਈ ਦਿਨ-ਰਾਤ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਉੱਥੇ ਹੀ ਗੁਆਂਢੀ ਰਾਜਾਂ ਵਿਚ ਵੀ ਦਸਤਕ ਦੇਣ ਲਈ ਟੀਮਾਂ ਰਵਾਨਾ ਹੋ ਚੁੱਕੀਆਂ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਇਸ ਕਤਲ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਸੋਨੂ ਚੀਮਾ ਨੂੰ ਪਹਿਲਾਂ ਕਦੇ ਨਹੀਂ ਜਾਣਦੇ ਅਤੇ ਮਿਲੇ ਹੋ ਸਕਦੇ ਹਨ। ਵਿਦੇਸ਼ ਵਿਚ ਬੈਠੇ ਅੰਮ੍ਰਿਤਪਾਲ ਸਿੰਘ ਬਾਠ ਵਲੋਂ ਰਚੀ ਗਈ ਕਤਲ ਦੀ ਸਾਜਿਸ਼ ਵਿਚ ਹੁਣ ਤੱਕ ਪੁਲਸ ਵਲੋਂ ਕਰੀਬ 4 ਵਿਅਕਤੀਆਂ ਨੂੰ ਰਾਊਂਡ ਅਪ ਕਰਦੇ ਹੋਏ ਪੁਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕੀ ਪੁਲਸ ਵਲੋਂ ਕਸਬਾ ਝਬਾਲ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਵਿਚੋਂ ਵੱਖ-ਵੱਖ ਵਿਅਕਤੀਆਂ ਨੂੰ ਪੁੱਛਗਿੱਛ ਲਈ ਲਿਆਂਦਾ ਜਾ ਰਿਹਾ ਹੈ। ਜਿਸ ਤਹਿਤ ਪੁਲਸ ਇਸ ਜਾਂਚ ਨੂੰ ਤੇਜ਼ੀ ਨਾਲ ਅੱਗੇ ਵਧਾਉਂਦੀ ਹੋਈ ਕਤਲ ਕੇਸ ਨੂੰ ਹੱਲ ਕਰਨ ਦੇ ਨਜ਼ਦੀਕ ਪੁੱਜ ਰਹੀ ਹੈ। ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਕਤਲ ਮਾਮਲੇ ਵਿਚ ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਅਤੇ ਸੋਨੂ ਚੀਮਾ ਦੀ ਰੇਕੀ ਕਰਨ ਵਾਲੇ ਕੁਝ ਵਿਅਕਤੀ ਵੀ ਪੁੱਛਗਿੱਛ ਦਾ ਹਿੱਸਾ ਬਣ ਚੁੱਕੇ ਹਨ।

ਇਹ ਵੀ ਪੜ੍ਹੋ :ਧੁੰਦ ਦੇ ਚੱਲਦਿਆਂ ਵਾਪਰਿਆ ਇਕ ਹੋਰ ਹਾਦਸਾ, ਪੰਜਾਬ ਰੋਡਵੇਜ਼ ਬੱਸ ਨਹਿਰ 'ਚ ਪਲਟੀ (ਵੀਡੀਓ)

ਇਸ ਕਤਲ ਮਾਮਲੇ ਵਿਚ ਪੁਲਸ ਵਲੋਂ ਬੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਵਿਖੇ ਸੋਨੂ ਚੀਮਾ ਦੇ ਬੇਟੇ ਨਾਲ ਹੋਏ ਝਗੜੇ ਨੂੰ ਵੀ ਵੱਖਰੇ ਤੌਰ ਬਰੀਕੀ ਨਾਲ ਦੇਖਿਆ ਜਾ ਰਿਹਾ ਹੈ ਪਰ ਇਸ ਮਾਮਲੇ ਦਾ ਕਤਲ ਨਾਲ ਕੋਈ ਮੇਲ ਨਹੀਂ ਖਾਣਾ ਸਾਹਮਣੇ ਆ ਰਿਹਾ ਹੈ। ਪੁਲਸ ਵਲੋਂ ਇਸ ਮਾਮਲੇ ਨੂੰ ਜਲਦ ਤੋਂ ਜਲਦ ਹੱਲ ਕਰਦੇ ਹੋਏ ਕਤਲ ਮਾਮਲੇ ਵਿਚ ਸ਼ਾਮਲ ਕਰੀਬ ਅੱਧੀ ਦਰਜਨ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈਣ ਸਬੰਧੀ ਪ੍ਰੈੱਸ ਕਾਨਫਰੰਸ ਕੀਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਐੱਸ.ਪੀ ਅਸ਼ਵਨੀ ਕਪੂਰ ਨੇ ਦੱਸਿਆ ਕਿ ਸਰਪੰਚ ਸੋਨੂ ਚੀਮਾ ਦੇ ਕਤਲ ਕੇਸ ਨੂੰ ਜਲਦ ਹੱਲ ਕਰ ਲਿਆ ਜਾਵੇਗਾ, ਜਿਸ ਸਬੰਧੀ ਵੱਖ-ਵੱਖ ਟੀਮਾਂ ਵਲੋਂ ਸੂਬੇ ਭਰ ਵਿਚ ਛਾਪੇਮਾਰੀ ਅਤੇ ਤਫਤੀਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਦੇ ਹੱਥ ਕਈ ਅਹਿਮ ਸੁਰਾਗ ਲੱਗ ਚੁੱਕੇ ਹਨ, ਜਿਸ ਦਾ ਖੁਲਾਸਾ ਜਲਦ ਮੀਡੀਆ ਸਾਹਮਣੇ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਨਸ਼ੇ ਨੇ ਬੁਝਾਇਆ ਘਰ ਦਾ ਚਿਰਾਗ, 20 ਸਾਲਾਂ ਦੇ ਨੌਜਵਾਨ ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News