ਮਕੌੜਾ ਪੱਤਣ ਇਲਾਕੇ ਦੇ ਲੋਕਾਂ ਦੇ ਸੰਘਰਸ਼ ਨੂੰ ਪਿਆ ਬੂਰ, ਸੰਤ ਬਲਬੀਰ ਸਿੰਘ ਸੀਚੇਵਾਲ ਲਗਾਉਣਗੇ ''ਬੇੜਾ'' ਪਾਰ
Wednesday, Jun 26, 2024 - 03:56 AM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਜਿੱਥੇ ਪਿਛਲੇ ਲੰਮੇ ਸਮੇਂ ਤੋਂ ਖਸਤਾ ਹਾਲਤ ਬੇੜੀ ਦੇ ਪਾਰਲੇ ਪਾਸੇ ਵੱਸੇ ਅੱਧੀ ਦਰਜਨ ਦੇ ਪਿੰਡਾਂ ਦੇ ਲੋਕ ਕਾਫੀ ਪਰੇਸ਼ਾਨ ਸਨ ਕਿਉਂਕਿ ਆਉਣ ਵਾਲੇ ਕੁਝ ਹੀ ਦਿਨਾਂ ਵਿੱਚ ਪੰਜਾਬ ਵਿੱਚ ਮਾਨਸੂਨ ਛੇਤੀ ਹੀ ਦਸਤਕ ਦੇਣ ਜਾ ਰਿਹਾ ਹੈ। ਪਰ ਹੁਣ ਕਿਸਾਨਾਂ ਦੇ ਨਾਲ-ਨਾਲ ਹੋਰ ਆਮ ਲੋਕਾਂ ਲਈ ਇਹ ਵੱਡੀ ਰਾਹਤ ਭਰਿਆ ਸਮਾਂ ਹੋਵੇਗਾ।
ਵਿਧਾਨ ਸਭਾ ਹਲਕਾ ਅਧੀਨ ਆਉਂਦੇ ਮਕੌੜਾ ਪੱਤਣ 'ਤੇ ਪੱਕਾ ਪੁਲ ਅਜੇ ਵੀ ਨਾ ਬਣਨ ਕਰਕੇ ਰਾਵੀ ਦਰਿਆ ਪਾਰ ਵੱਸੇ 6 ਸਰਹੱਦੀ ਪਿੰਡਾਂ ਦੇ ਹਜ਼ਾਰਾਂ ਲੋਕਾਂ ਲਈ ਮੁਸ਼ਕਿਲਾਂ ਦਾ ਦੌਰ ਮੁੜ ਸ਼ੁਰੂ ਹੋਣ ਵਾਲਾ ਹੈ ਪਰ ਬਰਸਾਤੀ ਮੌਸਮ ਦੌਰਾਨ ਇਨ੍ਹਾਂ ਨੂੰ ਅਜਿਹੇ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਆਜ਼ਾਦ ਭਾਰਤ ਦੇ ਸ਼ਾਇਦ ਹੀ ਕਿਸੇ ਹੋਰ ਹਿੱਸੇ ਦੇ ਲੋਕਾਂ ਨੂੰ ਕਰਨਾ ਪੈਂਦਾ ਹੋਵੇ। ਫਿਰ ਵੀ ਇਸ ਮੁਸ਼ਕਿਲਾਂ ਭਰੇ ਦੌਰ ਵਿੱਚ ਇਸ ਵਾਰ ਉਨ੍ਹਾਂ ਲਈ ਇਕ ਰਾਹਤ ਭਰੀ ਖ਼ਬਰ ਜ਼ਰੂਰ ਆਈ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵਲੋਂ ਆਪਣੇ ਐੱਮ.ਪੀ. ਲੈਡ ਫੰਡ ਵਿੱਚੋਂ ਮੁਹੱਈਆ ਕਰਵਾਈ ਗਈ 8 ਲੱਖ ਰੁਪਏ ਦੀ ਨਵੀਂ ਬੇੜੀ ਮਕੌੜਾ ਪੱਤਣ ਪਹੁੰਚ ਗਈ ਹੈ।
ਇਹ ਵੀ ਪੜ੍ਹੋ- ਦੇਖ ਲਓ ਕੈਨੇਡਾ ਦੇ ਹਾਲ, ਵਧਦੀ ਜਾ ਰਹੀ ਬੇਰੁਜ਼ਗਾਰੀ, ਕੰਮ ਦੀ ਭਾਲ 'ਚ ਨੌਜਵਾਨਾਂ ਦੀਆਂ ਲੱਗੀਆਂ ਲੰਬੀਆਂ ਕਤਾਰਾਂ
ਹੁਣ ਜਦੋਂ ਰਾਵੀ ਦਰਿਆ 'ਤੇ ਬਣਿਆ ਆਰਜ਼ੀ ਪੁਲ ਹਟਾ ਲਿਆ ਜਾਵੇਗਾ ਤਾਂ ਹਜ਼ਾਰਾਂ ਲੋਕ ਇਸ ਨਵੀਂ ਸੁਰੱਖਿਅਤ ਬੇੜੀ ਰਾਹੀਂ ਆਰ-ਪਾਰ ਜਾ ਸਕਣਗੇ। ਇਸ ਤੋਂ ਪਹਿਲਾਂ ਇਨ੍ਹਾਂ ਲੋਕਾਂ ਨੂੰ ਕਈ ਸਾਲ ਪੁਰਾਣੀ ਬੇੜੀ ਰਾਹੀਂ ਜਾਨ ਜੋਖਮ ਵਿੱਚ ਪਾ ਕੇ ਦਰਿਆਈ ਸਫ਼ਰ ਕਰਨਾ ਪੈਂਦਾ ਸੀ। ਹਰ ਸਾਲ ਦੀ ਤਰ੍ਹਾਂ ਪਿਛਲੇ ਸਾਲ ਵੀ ਬਰਸਾਤ ਦੇ ਮੌਸਮ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਵੱਲੋਂ ਪੀ.ਡਬਲਯੂ.ਡੀ. ਦੇ ਅਧਿਕਾਰੀ ਜਦੋਂ ਮਕੌੜਾ ਪੱਤਣ 'ਤੇ ਆਰਜ਼ੀ ਪੁਲਟੂਨ ਪੁੱਲ਼ ਚੁੱਕਣ ਆਏ ਤਾਂ ਦਰਿਆ ਪਾਰਲੇ ਪਿੰਡਾਂ ਦੇ ਲੋਕ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਇਸ ਦੇ ਵਿਰੋਧ ਵਿੱਚ ਆ ਗਏ ਸਨ।
ਉਨ੍ਹਾਂ ਦਾ ਕਹਿਣਾ ਸੀ ਕਿ ਪੁਲ ਚੁੱਕਣ ਤੋਂ ਬਾਅਦ ਉਨ੍ਹਾਂ ਦੇ ਆਉਣ ਜਾਣ ਦਾ ਕੋਈ ਸਾਧਨ ਨਹੀਂ ਰਹਿ ਜਾਵੇਗਾ। ਪੀ.ਡਬਲਯੂ.ਡੀ. ਅਧਿਕਾਰੀਆਂ ਦਾ ਕਹਿਣਾ ਸੀ ਕਿ ਉਹ ਹਰ ਵਾਰ ਦੀ ਤਰ੍ਹਾਂ ਬੇੜੀ ਛੱਡ ਦੇਣਗੇ ਪਰ ਸਰਹੱਦੀ ਲੋਕਾਂ ਦਾ ਤਰਕ ਸੀ ਕਿ ਜੋ ਬੇੜੀ ਦਿੱਤੀ ਜਾ ਰਹੀ ਹੈ ਉਹ ਕਈ ਸਾਲ ਪੁਰਾਣੀ ਹੈ। ਉਸ ਅੰਦਰ ਕਈ ਸੁਰਾਖ਼ ਵੀ ਹੋ ਚੁੱਕੇ ਹਨ। ਅਗਰ ਬੇੜੀ ਦਰਿਆ ਵਿੱਚ ਚਲਾਈ ਤਾਂ ਪਾਣੀ ਭਰ ਜਾਣ ਕਰ ਕੇ ਡੁੱਬਣ ਦਾ ਖ਼ਤਰਾ ਹੈ ਜਿਸ ਨਾਲ਼ ਕਈ ਜਾਨਾਂ ਜਾ ਸਕਦੀਆਂ ਹਨ। ਅਧਿਕਾਰੀ ਬੇੜੀ ਨੂੰ ਦਰੁਸਤ ਦੱਸਦੇ ਰਹੇ।
ਇਹ ਵੀ ਪੜ੍ਹੋ- ਕੈਨੇਡਾ ਭੇਜਣ ਦੇ ਨਾਂ 'ਤੇ ਠੱਗੇ 11 ਲੱਖ, ਸਟਾਫ਼ ਦੀ 2 ਮਹੀਨਿਆਂ ਦੀ ਤਨਖ਼ਾਹ ਵੀ ਮਾਰ ਗਏ ਟ੍ਰੈਵਲ ਏਜੰਟ
ਲੋਕ ਇਸ ਮੰਗ 'ਤੇ ਅੜ੍ਹ ਗਏ ਸਨ ਕਿ ਉਹ ਉਦੋਂ ਤੱਕ ਪੁਲ ਨਹੀਂ ਚੁੱਕਣ ਦੇਣਗੇ ਜਦੋਂ ਤੱਕ ਨਵੀਂ ਜਾਂ ਕੋਈ ਹੋਰ ਸੁਰੱਖਿਅਤ ਬੇੜੀ ਨਹੀਂ ਮੁਹੱਈਆ ਕਰਵਾਉਂਦੇ। ਪਰ ਅਖੀਰ ਲੋਕਾਂ ਦੇ ਸੰਘਰਸ਼ ਨੂੰ ਬੂਰ ਪੈ ਗਿਆ ਅਤੇ ਪਿਛਲੇ ਦਿਨੀਂ ਇਹ ਬੇੜਾ ਮਕੌੜਾ ਪੱਤਣ 'ਤੇ ਪਹੁੰਚ ਗਿਆ ਹੈ। ਜਿਸ ਦਾ ਜਾਇਜ਼ਾ ਲੈਣ ਲਈ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਮਕੌੜਾ ਪੱਤਣ ਪਹੁੰਚ ਰਹੇ ਹਨ। ਇਸ ਦੌਰਾਨ ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਜੋ ਉਨ੍ਹਾਂ ਦੇ ਯਤਨ ਸਦਕਾ ਬੇੜਾ ਪਹੁੰਚਿਆ ਹੈ ਉਸ ਨੂੰ ਵੀ ਚਾਲੂ ਕਰਨਗੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e