ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਨਾਲ ਸਫ਼ਰ-ਏ-ਸ਼ਹਾਦਤ ਵਿਰਸਾ ਸੰਭਾਲ ਪ੍ਰਣ ਯਾਤਰਾ ਹੋਈ ਸ਼ੁਰੂ
Wednesday, Dec 20, 2023 - 05:56 PM (IST)
ਅੰਮ੍ਰਿਤਸਰ (ਬਿਊਰੋ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਜੈਕਾਰਿਆਂ ਦੀ ਗੂੰਜ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਸ਼ੁਰੂ ਸਫ਼ਰ-ਏ-ਸ਼ਹਾਦਤ ਵਿਰਸਾ ਸੰਭਵ ਪ੍ਰਣ ਯਾਤਰਾ ਦੀ ਸ਼ੁਰੂਆਤ ਹੋਈ। ਇਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਜਿੱਥੇ ਸ਼ਹੀਦਾਂ ਅੱਗੇ ਨਤਸਮਤਕ ਹੋਈਆਂ, ਉੱਥੇ ਉਨ੍ਹਾਂ ਦੇ ਗਮਗੀਨ ਚਿਹਰੇ ਉਨ੍ਹਾਂ ਦੀ ਅੰਦਰਲੀ ਪੀੜ ਦੇ ਗਵਾਹ ਬਣ ਰਹੇ ਸਨ। ਇਸ ਪੈਦਲ ਯਾਤਰਾ ਦੇ ਪ੍ਰਬੰਧਕ ਪ੍ਰੋ. ਗੁਰਵਿੰਦਰ ਸਿੰਘ ਮੰਮਣਕੇ ਨੇ ਦੱਸਿਆ ਕਿ ਅਰਦਾਸ ਉਪਰੰਤ ਵਹਿਗੁਰੂ ਦਾ ਓਟ ਆਸਰਾ ਲੈ ਕੇ ਉਨ੍ਹਾਂ ਨੇ ਫਤਿਹਗੜ੍ਹ ਸਾਹਿਬ ਨੂੰ ਚਾਲੇ ਪਾ ਦਿੱਤੇ ਹਨ। ਉਹਨਾਂ ਦੀ ਇਹ ਯਾਤਰਾ ਹੁਣ 27 ਦਸੰਬਰ ਨੂੰ ਉੱਥੇ ਪੁੱਜ ਕੇ ਸ਼ਹੀਦਾਂ ਅੱਗੇ ਨਤਮਸਤਕ ਹੋਵੇਗੀ। ਇਸ ਮੌਕੇ ਮਹਾਪੁਰਸ਼ ਸੰਤ ਬਾਬਾ ਹਰਪ੍ਰਗਟ ਸਿੰਘ ਅਤੇ ਚੌਬਦਾਰ ਪ੍ਰਤਾਪ ਸਿੰਘ ਨੇ ਉਨ੍ਹਾਂ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ।
ਪ੍ਰੋਫੈਸਰ ਮੰਮਣਕੇ ਨੇ ਦੱਸਿਆ ਕਿ ਇਸ ਸਫ਼ਰ-ਏ-ਸ਼ਹਾਦਤ ਪੈਦਲ ਯਾਤਰਾ ਦੌਰਾਨ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਸਾਹਿਬ ਜੀ, ਜਿਨ੍ਹਾਂ ਨੇ ਲਾਹੌਰ ਵਿਚ ਤੱਤੀ ਤਵੀ ਉੱਤੇ ਬੈਠ ਕੇ ਪੂਰਨੇ ਪਾਏ ਅਤੇ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਨੇ ਚਾਂਦਨੀ ਚੌਕ ਦਿੱਲੀ ਵਿਚ ਮਨੁੱਖਤਾ ਨੂੰ ਬਚਾਉਣ ਖਾਤਰ ਆਪਾ ਕੁਰਬਾਨ ਕੀਤਾ, ਦੀ ਕੁਰਬਾਨੀ ਨੂੰ ਸੰਗਤਾਂ ਸਾਹਮਣੇ ਲਿਆਂਦਾ ਜਾਵੇਗਾ ਅਤੇ ਸ਼ਹਾਦਤਾਂ ਦੇ ਸਫ਼ਰ ਦਾ ਹਿੱਸਾ ਬਣਾ ਕੇ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਸਫ਼ਰ-ਏ-ਸ਼ਹਾਦਤ ਦੀ ਅਗਵਾਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਕੀਤੀ ਗਈ ਸੀ। ਉਹ ਅਨੰਦਪੁਰ ਤੋਂ ਸਰਸਾ ਦੇ ਕੰਢੇ ਹੁੰਦੇ ਹੋਏ ਚਮਕੌਰ ਦੀ ਕੱਚੀ ਗੜ੍ਹੀ ਤੱਕ ਪਹੁੰਚੇ ਸਨ, ਜਿਸ ਵਿੱਚ ਦੁਨੀਆਂ ਦੀ ਅਨੋਖੀ ਤੇ ਅਸਾਵੀਂ ਜੰਗ ਵਿਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਸ਼ਹਾਦਤ ਦਾ ਜਾਮ ਪੀਂਦੇ ਹਨ। ਠੰਡੇ ਬੁਰਜ ਅਤੇ ਸਰਹਿੰਦ ਦੀਆਂ ਦੀਵਾਰਾਂ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ 1704 ਨੂੰ ਸ਼ਹੀਦੀਆਂ ਪਾ ਗਏ। ਉਹ ਸੰਗਤਾਂ ਨੂੰ ਅੱਗੇ ਸਰਸਾ ਦੇ ਕੰਡੇ ‘ਤੇ ਗੁਰੂ ਸਾਹਿਬ ਜੀ ਦੇ ਪਰਿਵਾਰ ਵਿਛੋੜੇ ਦਾ ਹਾਲ ਦੱਸਦਿਆ ਦਰਬਾਰ ਸਾਹਿਬ ਦੇ ਕੰਪਲੈਕਸ ਤੋਂ ਹੌਲੀ-ਹੌਲੀ ਬਾਹਰ ਆ ਨਿਕਲੇ।
ਉਹਨਾਂ ਨੇ ਕਿਹਾ ਕਿ ਪਰਿਵਾਰ ਵਿਛੋੜੇ ਨੂੰ ਤਿੰਨ ਹਿਸਿਆਂ ਵਿਚ ਵੰਡਿਆ ਜਾਂਦਾ ਹੈ। 7 ਅਤੇ 9 ਕੁ ਸਾਲ ਦੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ 82 ਵਰ੍ਹਿਆਂ ਦੇ ਬਜ਼ੁਰਗ ਮਾਤਾ ਗੁਜਰੀ ਜੀ ਸਰਸਾ ਨਦੀ ਦੇ ਕੰਢੇ ‘ਤੇ ਤੁਰਦੇ ਹੋਏ ਰੋਪੜ ਦੇ ਨੇੜੇ ਪਿੰਡ ਚੱਕ ਢੇਰਾਂ ਪੁੱਜਦੇ ਹਨ। ਪਿੰਡ ਤੋਂ ਬਾਹਰ ਦਰਿਆ ਦੇ ਕੰਢੇ ਇਕ ਛੰਨ ਵਿਚ ਦੀਵਾ ਜਗਦਾ ਦਿਖਾਈ ਦਿੰਦਾ ਹੈ। ਇਹ ਛੰਨ ਇਕ ਗਰੀਬ ਦਰਵੇਸ਼ ਮਲਾਹ ਕਰੀਮ ਬਖਸ਼ ਦੀ ਹੈ, ਜਿਸ ਨੂੰ ਇਤਿਹਾਸ ਵਿਚ ਬਾਬਾ ਕੁੰਮਾਂ ਮਾਸ਼ਕੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਸਾਹਿਬਜਾਦੇ ਅਤੇ ਮਾਤਾ ਜੀ ਇਸ ਛੰਨ ਵਿਚ ਰਾਤ ਗੁਜਾਰਦੇ ਹਨ ਅਤੇ ਬਾਬਾ ਕੁੰਮਾਂ ਮਾਸ਼ਕੀ ਇਹਨਾਂ ਦੀ ਸੇਵਾ ਕਰਕੇ ਰਹਿਮਤਾਂ ਦਾ ਪਾਤਰ ਬਣਦਾ ਹੈ।
ਇਸ ਦੇ ਨਲਾ ਹੀ ਉਨ੍ਹਾਂ ਨੇ ਦੱਸਿਆ ਕਿ ਦੇਰ ਸ਼ਾਮ ਨੂੰ ਉਨ੍ਹਾਂ ਦਾ ਇਹ ਕਾਫਲਾ ਪਿੰਡ ਮੱਲ੍ਹੀਆ ਵਿਚ ਰੁਕੇਗਾ ਅਤੇ ਫਿਰ ਅਗਲੇ ਸਫ਼ਰ ਵੱਲ ਰਵਾਨਗੀ ਪਾਵੇਗਾ। ਇਸ ਤਰ੍ਹਾਂ ਰਸਤੇ ਵਿੱਚ ਸਿੱਖ ਸੰਗਤਾਂ ਨੂੰ ਸ਼ਹੀਦੀਆਂ ਦੇ ਇਸ ਹਫ਼ਤੇ ਦੇ ਇਤਿਹਾਸ ਤੋਂ ਜਾਣੂ ਕਰਵਾਉਣ ਦਾ ਸਿਲਸਿਲਾ ਜਾਰੀ ਰਹੇਗਾ। ਇਸ ਮੌਕੇ ਸੰਤ ਬਾਬਾ ਹਰਪ੍ਰਗਟ ਸਿੰਘ, ਜਾਗੀਰ ਸਿੰਘ ਕਵਾੜਕਾ, ਡਾ.ਜਗਤਾਰ ਸਿੰਘ ਆਦਿ ਤੋਂ ਇਲਾਵਾ ਨਾਨਕ ਨਾਮ ਲੇਵਾਂ ਸੰਗਤਾਂ ਹਾਜ਼ਰ ਸਨ।