ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਬੰਦੀਛੋੜ ਦਿਵਸ ਦੀਪਮਾਲਾ ਤਿਉਹਾਰ

Sunday, Nov 03, 2024 - 05:48 AM (IST)

ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਬੰਦੀਛੋੜ ਦਿਵਸ ਦੀਪਮਾਲਾ ਤਿਉਹਾਰ

ਨਾਂਦੇੜ - ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਨਾਂਦੇੜ ਵਿਖੇ ਹਰ ਸਾਲ ਦੀ ਤਰ੍ਹਾਂ ਬੰਦੀਛੋੜ ਦਿਵਸ ਦੀਪਮਾਲਾ ਤਿਉਹਾਰ ਬੜੇ ਉਤਸ਼ਾਹ, ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ. ਏ. ਐੱਸ. ਨੇ ਦੱਸਿਆ ਕਿ ਬੰਦੀਛੋੜ ਦਿਵਸ ਸਮੇਂ ਦੁਨੀਆ ਭਰ ਤੋਂ ਪੁੱਜੇ ਸ਼ਰਧਾਲੂਆਂ ਨੇ ਤਖ਼ਤ ਸਾਹਿਬ ਵਿਖੇ ਦੀਵੇ ਜਗਾ ਕੇ ਗੁਰੂ ਮਹਾਰਾਜ ਪ੍ਰਤੀ ਆਪਣੀ ਸ਼ਰਧਾ ਅਤੇ ਪਿਆਰ ਦਾ ਪ੍ਰਗਟਾਵਾ ਕੀਤਾ।

ਪੁਰਾਤਨ ਚੱਲੀ ਆ ਰਹੀ ਮਰਿਆਦਾ ਅਨੁਸਾਰ ਅੱਜ ਮਹੱਲੇ ਦੇ ਸਨਮਾਨ ਵਿਚ ਤੋਪ ਦੀ ਸਲਾਮੀ ਦਿੱਤੀ ਗਈ। ਪੰਜ ਪਿਆਰੇ ਸਾਹਿਬਾਨ ਦੀ ਰਾਹਿਨੁਮਾਈ ਹੇਠ ਪੁਰਾਤਨ ਚੱਲੀ ਆ ਰਹੀ ਮਰਿਆਦਾ ਅਨੁਸਾਰ ਤਖ਼ਤ ਸਾਹਿਬ ਤੋਂ ਬਾਅਦ ਦੁਪਹਿਰ ਚਾਰ ਵਜੇ ਜਥੇਦਾਰ ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ, ਤਖ਼ਤ ਸਾਹਿਬ ਜੀ ਦੇ ਮੀਤ ਜਥੇਦਾਰ ਸਿੰਘ ਸਾਹਿਬ ਭਾਈ ਜੋਤਿੰਦਰ ਸਿੰਘ ਜੀ ਨੇ ਮਹੱਲੇ ਦੀ ਆਰੰਭਤਾ ਦੀ ਅਰਦਾਸ ਕੀਤੀ। ਜਿਸ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਦੀਪਮਾਲਾ ਮਹੱਲਾ ਪੂਰੀ ਸੱਜ-ਧੱਜ ਤੇ ਸ਼ਾਨੋ-ਸ਼ੌਕਤ ਨਾਲ ਸਜਾਇਆ ਗਿਆ। ਜਿਸ ’ਚ ਨਿਸ਼ਾਨਚੀ ਸਿੰਘ, ਗੁਰੂ ਮਹਾਰਾਜ ਦੇ ਤਬੇਲੇ ਵਿਚੋਂ ਸੋਨਾ ਚਾਂਦੀ ਜੜ੍ਹਤ ਕਾਠੀ ਵਾਲੇ ਘੋੜੇ, ਨਗਾਰਚੀ ਸਿੰਘ, ਗੁਰੂ ਕੀਆਂ ਲਾਡਲੀਆਂ ਫੌਜਾਂ, ਹਜ਼ੂਰੀ ਖਾਲਸਾ, ਸ਼ਬਦ ਕੀਰਤਨੀ ਮੰਡਲੀਆਂ, ਗਤਕਾ, ਬੈਂਡ ਪਾਰਟੀਆਂ ਅਤੇ ਦੇਸ਼ ਭਰ ਤੋਂ ਸ਼ਰਧਾਲੂ ਸ਼ਾਮਲ ਹੋਏ।

‘ਖ਼ਾਲਸਾ ਹੱਲਾ ਬੋਲ ਚੌਕ'’ ਵਿਚ ਪੁਰਾਤਨ ਚੱਲੀ ਆ ਰਹੀ ਮਰਿਆਦਾ ਅਨੁਸਾਰ ‘ਹੱਲੇ’ ਦੀ ਅਰਦਾਸ ਹੋਈ। ਮਹੱਲੇ ਦੀ ਇਹ ਵਿਲੱਖਣ ਮਰਿਆਦਾ ਪੁਰਾਤਨ ਸਮੇਂ ਗੁਰੂ ਕੇ ਖਾਲਸੇ ਵਲੋਂ ਲੜੇ ਗਏ ਯੁੱਧਾਂ ਦੀ ਯਾਦ ਨੂੰ ਤਾਜ਼ਾ ਕਰਵਾਉਂਦੀ ਹੈ। ਇਸ ਤੋਂ ਬਾਅਦ ਦੀਪਮਾਲਾ ਮਹੱਲਾ ਗੁਰਦੁਆਰਾ ਬਊਲੀ ਦਮਦਮਾ ਸਾਹਿਬ, ਬਾਫਨਾ ਚੌਕ, ਸ਼ਹੀਦ ਭਗਤ ਸਿੰਘ ਰੋਡ, ਅਬਚਲਨਗਰ ਅਤੇ ਮੋਢਾ ਤੋਂ ਹੁੰਦਾ ਹੋਇਆ ਗੁਰਦੁਆਰਾ ਨਗੀਨਾਘਾਟ ਸਾਹਿਬ ਵਿਖੇ ਪੁੱਜਿਆ। ਇਥੇ ਥੋੜੇ ਵਿਸ਼ਰਾਮ ਉਪਰੰਤ ਤਕਰੀਬਨ ਰਾਤ 10.30 ਵਜੇ ਤਖ਼ਤ ਸਾਹਿਬ ਵਿਖੇ ਵਾਪਿਸ ਪਹੁੰਚਿਆ। ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਜੀ, ਜਸਵੰਤ ਸਿੰਘ ਬੌਬੀ ਨੇ ਬੰਦੀਛੋੜ ਦਿਵਸ ਦੀਪਮਾਲਾ ਮਹੱਲਾ ਵਿੱਚ ਸ਼ਾਮਲ ਹੋਈਆਂ ਸਮੂਹ ਪੰਥਕ ਜਥੇਬੰਦੀਆਂ, ਸੰਤ ਮਹਾਂਪੁਰਸ਼ ਤੇ ਹਜ਼ੂਰੀ ਸਾਧ ਸੰਗਤ ਦਾ ਧੰਨਵਾਦ ਕੀਤਾ ਤੇ ਵਧਾਈਆਂ ਦਿੱਤੀਆਂ।


author

Inder Prajapati

Content Editor

Related News