ਰੋਹੀ ਪੁਲ ਬਣਿਆ ਨਸ਼ੇੜੀਆਂ ਅਤੇ ਮਾੜੇ ਅਨਸਰਾਂ ਦਾ ਅੱਡਾ, ਇਕੋ ਸਰਿੰਜ਼ ਨਾਲ ਟੀਕੇ ਲਗਾ ਕੇ ਫ਼ੈਲਾਅ ਰਹੇ ਬੀਮਾਰੀਆਂ

Tuesday, Jan 17, 2023 - 12:05 PM (IST)

ਤਰਨ ਤਾਰਨ (ਰਮਨ)- ਸਥਾਨਕ ਸ਼ਹਿਰ ਦਾ ਰੋਹੀ ਪੁਲ ਨਸ਼ੇੜੀਆਂ ਅਤੇ ਮਾੜੇ ਅਨਸਰਾਂ ਦਾ ਗੜ੍ਹ ਬਣ ਚੁੱਕਾ ਹੈ, ਜਿੱਥੇ ਸ਼ਰੇਆਮ ਨਸ਼ੇ ਦੇ ਟੀਕੇ ਲਗਾਏ ਅਤੇ ਵੇਚੇ ਜਾ ਰਹੇ ਹਨ, ਉੱਥੇ ਪੁਲ ਹੇਠਾਂ ਮਾੜੇ ਅਨਸਰਾਂ ਵਲੋਂ ਲੁੱਟਾਂ-ਖੋਹਾਂ ਕਰਨ ਦੇ ਪਲਾਨ ਤਿਆਰ ਕੀਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਰੋਜ਼ਾਨਾ ਸ਼ਰ੍ਹੇਆਮ ਦਿਨ-ਦਿਹਾੜੇ ਇਕ-ਦੂਜੇ ਨੂੰ ਨਸ਼ੇ ਦੇ ਟੀਕੇ ਲਗਾਉਣ ਦਾ ਸਿਲਸਿਲਾ ਬਿਨਾਂ ਰੋਕ-ਟੋਕ ਜਾਰੀ ਹੋਣ ਕਾਰਨ ਨਸ਼ੇੜੀ ਏਡਜ਼, ਕਾਲਾ ਪੀਲੀਆ ਆਦਿ ਭਿਆਨਕ ਬੀਮਾਰੀਆਂ ਫ਼ੈਲਾਉਣ ਦਾ ਕਾਰਨ ਬਣ ਰਹੇ ਹਨ, ਜਿਸ ਨੂੰ ਰੋਕਣ ’ਚ ਪੁਲਸ ਅਤੇ ਸਿਹਤ ਵਿਭਾਗ ਨਾਕਾਮ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਭਲਕੇ ਬੰਦ ਰਹਿਣਗੇ ਪੰਜਾਬ ਦੇ ਕਾਲਜ, ਹੁਣ ਇਸ ਦਿਨ ਹੋਵੇਗੀ 18 ਜਨਵਰੀ ਨੂੰ ਹੋਣ ਵਾਲੀ ਪ੍ਰੀਖਿਆ

ਜਾਣਕਾਰੀ ਅਨੁਸਾਰ ਸਥਾਨਕ ਸਰਕਾਰੀ ਹਸਪਤਾਲ ਅਤੇ ਸ਼ਹਿਰ ਦੇ ਕੁਝ ਪ੍ਰਾਈਵੇਟ ਨਸ਼ਾ ਛਡਾਊ ਕੇਂਦਰਾਂ ਰਾਹੀਂ ਇਲਾਜ ਕਰਵਾਉਣ ਵਾਲੇ ਕੁਝ ਵਿਅਕਤੀਆਂ ਵਲੋਂ ਪ੍ਰਾਪਤ ਕੀਤੀਆਂ ਜਾਂਦੀਆਂ ਬੁਪੀਰੋਨਾਰਫਿਨ ਅਤੇ ਐਲਪਰਾਜੋਲੈਮ ਨਾਮਕ ਸਾਲਟ ਦੀਆਂ ਗੋਲੀਆਂ ਨੂੰ ਬਾਜ਼ਾਰ ਵਿਚ ਹੋਰ ਲੋਕਾਂ ਤੱਕ ਬਲੈਕ ਕਰਦੇ ਹੋਏ ਵੇਚਣ ਦਾ ਕਾਰੋਬਾਰ ਜਾਰੀ ਹੈ। ਨਸ਼ੇ ਦੇ ਆਦੀ ਨੌਜਵਾਨ ਹੋਰ ਲੋਕਾਂ ਵਿਚ ਬੁਪਰੋਨੋਰਫਿਨ ਦਾ ਇਕ ਪੱਤਾ 300 ਤੋਂ ਲੈ 700 ਰੁਪਏ ਤੱਕ ਵੇਚ ਰਹੇ ਹਨ। ਇਸ ਦੌਰਾਨ ਬੁਪੀਰੋਨਾਰਫਿਨ ਦੀ ਗੋਲੀ ਨੂੰ ਪਾਣੀ ਵਿਚ ਘੋਲ ਉਸ ਦਾ ਟੀਕਾ ਤਿਆਰ ਕਰ ਲਿਆ ਜਾਂਦਾ ਹੈ, ਜਿਸ ਨੂੰ ਵਾਰੋ-ਵਾਰੀ ਇਕੋ ਸਰਿੰਜ਼ ਅਤੇ ਸੂਈ ਦੀ ਵਰਤੋਂ ਕਰਦੇ ਹੋਏ ਇਕ-ਦੂਸਰੇ ਨੂੰ ਰੋਹੀ ਪੁਲ ਹੇਠਾਂ ਅਤੇ ਕੂੜੇ ਦੇ ਲੱਗ ਰਹੇ ਡੰਪ ਨੇੜੇ ਸ਼ਰ੍ਹੇਆਮ ਲਗਾਇਆ ਜਾ ਰਿਹਾ ਹੈ। ਇਨ੍ਹਾਂ ਲਗਾਏ ਜਾ ਰਹੇ ਟੀਕਿਆਂ ਕਾਰਨ ਏਡਜ਼, ਕਾਲਾ ਪੀਲੀਆ ਵਰਗੀਆਂ ਭਿਆਨਕ ਬੀਮਾਰੀਆਂ ਫ਼ੈਲਣ ਦਾ ਖਦਸ਼ਾ 100 ਫੀਸਦੀ ਬਣ ਚੁੱਕਾ ਹੈ। ਪਰ ਇਸ ਨੂੰ ਰੋਕਣ ਲਈ ਜਿੱਥੇ ਪੁਲਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਉੱਥੇ ਸਿਹਤ ਮਹਿਕਮੇ ਵਲੋਂ ਵੀ ਇਨ੍ਹਾਂ ਨੌਜਵਾਨਾਂ ਨੂੰ ਜਾਗਰੂਕ ਨਹੀਂ ਕੀਤਾ ਜਾ ਰਿਹਾ। 

ਇਸ ਪੁਲ ਨਜ਼ਦੀਕ ਨਸ਼ੇੜੀ ਸਾਰਾ ਦਿਨ ਇਕੱਤਰ ਹੋ ਲੁੱਟਾਂ-ਖੋਹਾਂ ਕਰਨ ਦਾ ਪਲਾਨ ਤਿਆਰ ਕਰਦੇ ਨਜ਼ਰ ਆਉਂਦੇ ਹਨ, ਜਿਨ੍ਹਾਂ ਨੇ ਆਮ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਦਿੱਤਾ ਹੈ। ਇਨ੍ਹਾਂ ਨੌਜਵਾਨਾਂ ਵਲੋਂ ਕਥਿਤ ਤੌਰ ਉੱਪਰ ਲੁੱਟਾਂ-ਖੋਹਾਂ ਕਰਨ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਵੀ ਅੰਜ਼ਾਮ ਦਿੱਤਾ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਿਵਲ ਸਰਕਾਰੀ ਹਸਪਤਾਲ ਅੰਦਰ ਮੌਜੂਦ ਨਸ਼ਾ ਛੁਡਾਉ ਕੇਂਦਰ ਦੇ ਨਜ਼ਦੀਕ ਨਸ਼ੇੜੀਆਂ ਦੇ ਬਣੇ ਗਰੁੱਪਾਂ ਵਲੋਂ ਵੀ ਮਿਲਣ ਵਾਲੀਆਂ ਮੁੱਫ਼ਤ ਗੋਲੀਆਂ ਦੀ ਕਾਲਾਬਾਜ਼ਾਰੀ ਜੰਮ ਕੇ ਜਾਰੀ ਹੈ।

ਇਹ ਵੀ ਪੜ੍ਹੋ- ਸ਼੍ਰੋਮਣੀ ਕਮੇਟੀ ਮੈਂਬਰ ਦਾ ਨਸ਼ਿਆਂ ਨੂੰ ਉਤਸ਼ਾਹਿਤ ਕਰਨਾ ਨਮੋਸ਼ੀ ਦੀ ਗੱਲ : ਪ੍ਰੋ. ਸਰਚਾਂਦ ਸਿੰਘ

ਇਸ ਸਬੰਧੀ ਐੱਸ.ਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਨਸ਼ੇ ਦੇ ਵਪਾਰੀਆਂ ਅਤੇ ਨਸ਼ਾ ਛੱਡਣ ਲਈ ਮਿਲਣ ਵਾਲੀ ਦਵਾਈ ਦੀ ਗਲਤ ਵਰਤੋਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦ ਹੀ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News