ਮੋਟਰਸਾਇਕਲ ਤੇ ਟਰੱਕ ਦੀ ਭਿਆਨਕ ਟੱਕਰ ਦੌਰਾਨ ਇਕ ਦੀ ਮੌਤ

01/22/2019 8:55:48 PM

ਝਬਾਲ/ਬੀੜ ਸਾਹਿਬ, (ਲਾਲੂਘੁੰਮਣ, ਬਖਤਾਵਰ)— ਥਾਣਾ ਸਰਾਏ ਅਮਾਨਤ ਖਾਂ ਦੀ ਹਦੂਦ ਅੰਦਰ ਪੈਂਦੇ ਪਿੰਡ ਬੁਰਜ 169 ਨਜ਼ਦੀਕ (ਰਾਜਾਤਾਲ) ਅਤੇ ਚਾਹਲਾਂ ਦੇ ਵਿਚਕਾਰ ਅਟਾਰੀ ਮੁੱਖ ਮਾਰਗ 'ਤੇ ਮੰਗਲਵਾਰ ਦੇਰ ਸ਼ਾਮ ਟਰੱਕ ਅਤੇ ਇਕ ਮੋਟਰਸਾਇਕਲ ਦੀ ਹੋਈ ਜ਼ਬਰਦਸ਼ਤ ਟੱਕਰ ਦੌਰਾਨ ਮੋਟਰਸਾਇਕਲ ਚਾਲਕ ਦੀ ਮੌਤ ਹੋ ਗਈ।  ਟੱਕਰ ਦੌਰਾਨ ਮੋਟਰਸਾਇਕਲ ਤੇ ਟਰੱਕ ਨੂੰ ਅੱਗ ਲੱਗੀ, ਜਿਸ ਕਾਰਨ ਦੋਵੇਂ ਵਾਹਨ ਸੜ ਕੇ ਸੁਆਹ ਹੋ ਗਏ। ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਇੰਸਪੈਕਟਰ ਦਵਿੰਦਰ ਕੁਮਾਰ, ਏ. ਐੱਸ. ਆਈ. ਪਰਮਜੀਤ ਸਿੰਘ, ਏ. ਐੱਸ. ਆਈ. ਜੋਰਾਵਰ ਸਿੰਘ ਅਤੇ ਹੌਲਦਾਰ ਹੀਰਾ ਸਿੰਘ ਸਮੇਤ ਘਟਨਾ ਸਥਾਨ 'ਤੇ ਪੁੱਜੇ ਅਤੇ ਹਲਾਤਾਂ ਦਾ ਜਾਇਜ਼ਾ ਲਿਆ। ਜਾਣਕਾਰੀ ਮੁਤਾਬਕ ਦੇਰ ਸ਼ਾਮ ਝਬਾਲ ਵਾਲੀ ਸਾਇਡ ਵਲੋਂ ਇਕ ਮੋਟਰਸਾਇਕਲ ਨੰਬਰ ਪੀ. ਬੀ. 02 ਏ.7031 'ਤੇ ਸਵਾਰ ਹੋ ਕੇ ਇਕ ਵਿਅਕਤੀ ਜਾ ਰਿਹਾ ਸੀ ਤਾਂ ਅਟਾਰੀ ਮੁੱਖ ਮਾਰਗ ਸਥਿਤ ਪਿੰਡ ਬੁਰਜ 169 ਅਤੇ ਚਾਹਲਾਂ ਵਿਚਕਾਰ ਅਟਾਰੀ ਵਾਲੀ ਸਾਇਡ ਤੋਂ ਸਾਹਮਣੇ ਤੋਂ ਪੱਥਰ ਨਾਲ ਲੱਦੇ ਇਕ ਟਰੱਕ ਨੰਬਰ ਪੀ. ਬੀ. 05 ਏ. ਬੀ.3510 ਨਾਲ ਮੋਟਰਸਾਇਕਲ ਦੀ ਟੱਕਰ ਹੋ ਗਈ।PunjabKesariਪ੍ਰਤੱਖ ਦਰਸ਼ੀਆਂ ਮੁਤਾਬਕ ਟੱਕਰ ਐਨੀ ਜ਼ਬਰਦਸ਼ਤ ਸੀ ਕਿ ਮੋਟਰਸਾਇਕਲ ਟਰੱਕ ਦੇ ਅੱਗਲੇ ਹਿੱਸੇ ਦੇ ਅੰਦਰ ਜਾ ਧੂਸਿਆ ਅਤੇ ਇਸ ਦੇ ਨਾਲ ਹੀ ਮੋਟਰਸਾਇਕਲ ਚਾਲਕ ਦੀ ਮੌਤ ਹੋ ਗਈ।  ਇਸ ਦੌਰਾਨ ਟੱਰਕ ਹੇਠਾਂ ਧੁੱਸ ਗਏ ਮੋਟਰਸਾਇਕਲ ਨੂੰ ਅਚਾਨਕ ਅੱਗ ਲੱਗ ਗਈ ਅਤੇ ਅੱਗ ਦੇ ਮੱਚੇ ਭਾਂਬੜਾਂ ਨੇ ਟਰੱਕ ਨੂੰ ਆਪਣੀ ਲਪੇਟ 'ਚ ਲੈ ਲਿਆ। ਟਰੱਕ ਚਾਲਕ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਿਆ, ਜਦ ਕਿ ਵੇਖਦਿਆਂ ਹੀ ਵੇਖਦਿਆਂ ਟਰੱਕ ਨੂੰ ਅੱਗ ਭਾਂਬੜ ਬਣ ਕੇ ਪੈ ਗਈ ਅਤੇ ਟਰੱਕ 'ਤੇ ਮੋਟਰਸਾਇਕਲ ਸੜ ਕੇ ਸਵਾਹ ਹੋ ਗਏ। ਥਾਣਾ ਸਰਾਏ ਅਮਾਨਤ ਖਾਂ ਦੇ ਮੁਖੀ ਇੰਸਪੈਕਟਰ ਦਵਿੰਦਰ ਕੁਮਾਰ ਨੇ ਦੱਸਿਆ ਕਿ ਫਿਲਹਾਲ ਮ੍ਰਿਤਕ ਮੋਟਰਸਾਇਕਲ ਚਾਲਕ ਦੀ ਪਛਾਣ ਨਹੀਂ ਹੋ ਸਕੀ ਹੈ, ਜਿਸ ਦੀ ਲਾਸ਼ ਨੂੰ ਕਬਜ਼ੇ ਹੇਠ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਦਸਾ ਗ੍ਰਸ਼ਤ ਵਾਹਨਾਂ ਨੂੰ ਲੱਗੀ ਅੱਗ ਬੁਝਾ ਦਿੱਤੀ ਗਈ ਹੈ ਅਤੇ ਅਣਪਛਾਤੇ ਫਰਾਰ ਟਰੱਕ ਚਾਲਕ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।


Related News