ਰਾਵੀ ਦਰਿਆ ’ਚ ਟਲਿਆ ਹੜ੍ਹ ਦਾ ਖਤਰਾ, ਪਾਰ ਦੇ ਇਲਾਕੇ ’ਚ ਛੱਡ ਗਿਆ ਤਬਾਹੀ ਦੇ ਨਿਸ਼ਾਨ
Saturday, Jul 22, 2023 - 05:56 PM (IST)

ਗੁਰਦਾਸਪੁਰ/ਬਹਿਰਾਮਪੁਰ (ਵਿਨੋਦ, ਗੋਰਾਇਆ)- ਰਾਵੀ ਦਰਿਆ ’ਚ ਆਏ ਉੱਜ ਦਰਿਆ ਦੇ ਪਾਣੀ ਸਮੇਤ ਰਣਜੀਤ ਸਾਗਰ ਡੈਮ ਤੋਂ ਛੱਡੇ ਪਾਣੀ ਕਾਰਨ ਹੜ੍ਹ ਦੀ ਸਥਿਤੀ ਬਣੀ ਸੀ। ਹੜ੍ਹ ਦੇ ਪਾਣੀ ਕਾਰਨ ਜਿੱਥੇ ਰਾਵੀ ਦਰਿਆ ਦੇ ਪਾਰ ਦੇ ਪਿੰਡਾਂ ਤੋਂ ਦੇਸ਼ ਦਾ ਸੰਪਰਕ ਟੁੱਟ ਗਿਆ ਸੀ, ਉਥੇ ਹੀ ਸ੍ਰੀ ਕਰਤਾਰਪੁਰ ਕਾਰੀਡੋਰ ਤੋਂ ਪਾਕਿਸਤਾਨ ਜਾਣ ਵਾਲੀ ਯਾਤਰਾ ਵੀ ਬੰਦ ਕਰਨੀ ਪਈ। ਬੇਸ਼ੱਕ ਇਸ ਸਮੇਂ ਇਹ ਹੜ੍ਹ ਦਾ ਖਤਰਾ ਤਾਂ ਅਸਥਾਈ ਰੂਪ ਵਿਚ ਟਲ ਗਿਆ ਹੈ ਪਰ ਹੜ੍ਹ ਦਾ ਪਾਣੀ ਰਾਵੀ ਦਰਿਆ ਦੇ ਪਾਰ ਦੇ ਇਲਾਕਿਆਂ ਵਿਚ ਆਪਣੀ ਤਬਾਹੀ ਦੇ ਨਿਸ਼ਾਨ ਛੱਡ ਗਿਆ ਹੈ।
ਇਹ ਵੀ ਪੜ੍ਹੋ- ਜਾਅਲੀ ਸ਼ਨਾਖ਼ਤੀ ਕਾਰਡ ਤੇ ਪੁਲਸ ਦੀ ਵਰਦੀ ਰਾਹੀਂ ਵਿਅਕਤੀ ਨੇ ਕੀਤੀ ਜਾਲਸਾਜ਼ੀ, ਪਤਨੀ ਦੇ ਬਿਆਨਾਂ ’ਤੇ ਮਾਮਲਾ ਦਰਜ
ਜਾਣਕਾਰੀ ਅਨੁਸਾਰ ਹੜ੍ਹ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਅਤੇ ਜ਼ਿਲ੍ਹਾ ਪੁਲਸ ਮੁਖੀ ਹਰੀਸ਼ ਕੁਮਾਰ ਦੀ ਅਗਵਾਈ ’ਚ ਬਹੁਤ ਚੌਕਸੀ ਨਾਲ ਕੰਮ ਕੀਤਾ ਅਤੇ ਸਮਾਂ ਰਹਿੰਦੇ ਰਾਵੀ ਦਰਿਆ ਅਤੇ ਧੁੱਸੀ ਬੰਨ੍ਹ ਵਿਚਾਲੇ ਪੈਂਦੀ ਜ਼ਮੀਨ ਤੋਂ ਲੋਕਾਂ ਨੂੰ ਕੱਢਣ ’ਚ ਸਫ਼ਲਤਾ ਪ੍ਰਾਪਤ ਕੀਤੀ। ਇਸ ਨਾਲ ਹੜ੍ਹ ਤੋਂ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ, ਜਿਸ ਦੇ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਵਧਾਈ ਦਾ ਪਾਤਰ ਹੈ ਪਰ ਰਾਵੀ ਦਰਿਆ ਜੋ ਹਰ ਸਾਲ ਮੀਂਹ ਦੇ ਦਿਨਾਂ ’ਚ ਤਬਾਹੀ ਮਚਾਉਂਦਾ ਹੈ ਅਤੇ ਲੋਕਾਂ ਨੂੰ ਘਰ ਤੋਂ ਬੇਘਰ ਕਰ ਦਿੰਦਾ ਹੈ, ਉਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੇ ਸਮਾਂ ਰਹਿੰਦੇ ਹੜ੍ਹ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨ, ਨਵੇਂ ਸਟੱਡ ਤੇ ਸਪਰ ਬਣਾਉਣ ਸਮੇਤ ਹੋਰ ਜ਼ਰੂਰੀ ਹੜ੍ਹ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਜੋ ਹੁਣ ਦਰਿਆ ਪਾਰ ਦੇ ਲੋਕਾਂ ਲਈ ਮੁਸੀਬਤ ਦਾ ਕਾਰਨ ਬਣ ਗਏ ਹਨ।
ਫੌਜ ਵੱਲੋਂ ਬਣਾਏ ਮੋਰਚਿਆਂ ’ਚ ਵੀ ਭਰਿਆ ਪਾਣੀ
ਰਾਵੀ ਦਰਿਆ ਦੇ ਪਾਣੀ ਨੂੰ ਜ਼ਿਲ੍ਹਾ ਹੈੱਡਕੁਆਰਟਰ ਵੱਲ ਰੋਕਣ ਲਈ ਇਕ ਵੱਡਾ ਧੁੱਸੀ ਬੰਨ੍ਹ ਬਣਾਇਆ ਹੈ। ਇਸ ਧੁੱਸੀ ਬੰਨ ਦੇ ਨਾਲ-ਨਾਲ ਫੌਜ ਨੇ ਨਦੀ ਵੱਲ ਮਜ਼ਬੂਤ ਮੋਰਚੇ ਬਣਾਏ ਹੋਏ ਹਨ। ਇਨ੍ਹਾਂ ਮੋਰਚਿਆਂ ’ਚ 8 ਤੋਂ 10 ਜਵਾਨਾਂ ਦੇ ਬੈਠਣ ਲਈ ਥਾਂ ਹੈ ਪਰ ਜ਼ਿਆਦਾਤਰ ਮੋਰਚਿਆਂ ’ਚ ਪਾਣੀ ਅਤੇ ਮਿੱਟੀ ਭਰ ਗਈ ਹੈ, ਜਿਨ੍ਹਾਂ ਨੂੰ ਸਾਫ਼ ਕਰਨ ਵਿੱਚ ਲੰਮਾ ਸਮਾਂ ਲੱਗੇਗਾ।
ਇਹ ਵੀ ਪੜ੍ਹੋ- ਦਾਰੂ ਪੀਣੀ ਪੈ ਗਈ ਭਾਰੀ, ਖੋਖੇ ’ਤੇ ਬੇਸੁੱਧ ਪਿਆ ਸੀ ਖ਼ਜ਼ਾਨਾ ਅਧਿਕਾਰੀ, ਹੋਈ ਵੱਡੀ ਕਾਰਵਾਈ
ਦੇ ਪਾਰ ਦੇ ਇਲਾਕਿਆਂ ’ਚ ਭੂਮੀ ਕਟਾਅ ਜਾਰੀ
ਰਾਵੀ ਦਰਿਆ ਦੇ ਪਾਰ ਦੇ ਇਲਾਕੇ ਤੂਰ ਨੇੜੇ ਦਰਿਆ ਦੇ ਪਾਣੀ ਨਾਲ ਕਰੀਬ 1000 ਤੋਂ 1200 ਫੁੱਟ ਲੰਬਾ ਅਤੇ ਕਰੀਬ 20 ਫੁੱਟ ਡੂੰਘਾ ਭੂਮੀ ਕਟਾਅ ਹੋ ਗਿਆ ਹੈ ਅਤੇ ਇਹ ਭੂਮੀ ਕਟਾਅ ਅਜੇ ਵੀ ਜਾਰੀ ਹੈ। ਇਸੇ ਤਰ੍ਹਾਂ ਮਕੌੜਾ ਪੱਤਣ ਦੇ ਸਾਹਮਣੇ ਕਾਜਲੇ ਝੂੰਮਰ ਕੋਲ ਕਰੀਬ 700-800 ਫੁੱਟ ਲੰਮਾ ਭੂਮੀ ਕਟਾਅ ਗਿਆ ਹੈ ਅਤੇ ਇਹ ਪਾੜ ਅਜੇ ਵੀ ਜਾਰੀ ਹੈ। ਉਥੇ ਹੀ ਦਰਿਆ ਦਾ ਪਾਣੀ ਰਾਵੀ ਦਰਿਆ ਪਾਰ ਸਾਰੇ ਪਿੰਡਾਂ ’ਚ ਦਾਖਲ ਹੋ ਕਾਰਨ ਭਾਰੀ ਨੁਕਸਾਨ ਹੋਇਆ।
ਦਰਿਆ ਦਾ ਪਾਣੀ ਘੱਟ ਹੋਣ ’ਤੇ ਕਿਸ਼ਤੀ ਹੋਈ ਚਾਲੂ
ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਘੱਟ ਹੋਣ ਨਾਲ ਲੋਕਾਂ ਦੀ ਸਹੂਲਤ ਦੇ ਲਈ ਅਤੇ ਦਰਿਆ ਦੇ ਪਾਰ ਪਿੰਡਾਂ ਵਿਚ ਆਉਣ ਜਾਣ ਦੇ ਲਈ ਕਿਸ਼ਤੀ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। ਲੋਕਾਂ ਦੇ ਲਈ ਇਸ ਮਕੌੜਾ ਪੱਤਣ ’ਤੇ ਦੋ ਕਿਸ਼ਤੀਆਂ ਦਾ ਪ੍ਰਬੰਧ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਅਜਨਾਲਾ ਦੀ ਦਾਣਾ ਮੰਡੀ 'ਚ ਮਿਲੀ ਨੌਜਵਾਨ ਦੀ ਲਾਸ਼, ਪਰਿਵਾਰ ਨੇ ਲਾਇਆ ਕਤਲ ਦਾ ਇਲਜ਼ਾਮ
ਖੇਤਾਂ ’ਚ ਪਾਣੀ ਨਾਲ ਮਿੱਟੀ ਆਉਣ ਨਾਲ ਫ਼ਸਲਾਂ ਤਬਾਹ
ਹੜ੍ਹ ਦੇ ਪਾਣੀ ਨਾਲ ਧੁੱਸੀ ਬੰਨ੍ਹ ਅਤੇ ਦਰਿਆ ਦੇ ਵਿਚਾਲੇ ਪੈਂਦੀ ਜ਼ਮੀਨ ਸਮੇਤ ਦਰਿਆ ਦੇ ਪਾਰ ਜ਼ਮੀਨ ਦਰਿਆ ਦੀ ਜ਼ਮੀਨ ’ਚ ਪਾਣੀ ਗਿਆ ਹੈ। ਇਸ ਪਾਣੀ ਨਾਲ ਮਿੱਟੀ ਆਉਣ ਕਾਰਨ ਫ਼ਸਲ ਪੂਰੀ ਤਰਾਂ ਤਬਾਹ ਹੋ ਗਈ ਹੈ। ਇਸ ਸਬੰਧੀ ਦਰਿਆ ਪਾਰਲੇ ਪਿੰਡਾਂ ਦੇ ਸਰਪੰਚਾਂ-ਪੰਚਾਂ ਸਮੇਤ ਲੋਕਾਂ ਨੇ ਦੱਸਿਆ ਕਿ ਸਾਡੀਆਂ ਫ਼ਸਲਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਸਾਰੀਆਂ ਸੜਕਾਂ ’ਤੇ ਦਲਦਲ ਹੈ ਅਤੇ ਸੜਕਾਂ ਟੁੱਟ ਚੁੱਕੀਆਂ ਹਨ। ਇਸੇ ਤਰ੍ਹਾਂ ਹੋਰ ਘਰਾਂ ’ਚ ਪਾਣੀ ਕਾਰਨ ਕਾਫ਼ੀ ਨੁਕਸਾਨ ਹੋਇਆ ਹੈ। ਪਿੰਡ ਭਰਿਆਲ ਦੇ ਮਿਡਲ ਸਕੂਲ ’ਚ ਅਜੇ ਵੀ ਪਾਣੀ ਖੜ੍ਹਾ ਹੈ। ਸਰਕਾਰੀ ਮੁਲਾਜ਼ਮ ਕਈ ਦਿਨਾਂ ਤੋਂ ਇਲਾਕੇ ਵਿੱਚ ਨਹੀਂ ਆਏ, ਜਦੋਂ ਕਿ ਕਈ ਪ੍ਰਾਜੈਕਟ ਮਨਜ਼ੂਰ ਹੋਣ ਦੇ ਬਾਵਜੂਦ ਲਾਗੂ ਨਹੀਂ ਕੀਤੇ ਗਏ। ਪਿੰਡ ਤੂਰ-ਮੰਮੀ ਚੱਕਰੰਗਾ ਨੇੜੇ 1000 ਫੁੱਟ ਲੰਬਾ ਸਪਰ ਬਣਾਉਣ ਲਈ ਟੈਂਡਰ ਕੱਢਿਆ ਗਿਆ ਸੀ ਪਰ ਠੇਕੇਦਾਰ ਨੇ ਕੰਮ ਸ਼ੁਰੂ ਨਹੀਂ ਕੀਤਾ। ਲੋਕਾਂ ਨੇ ਮੰਗ ਕੀਤੀ ਹੈ ਕਿ ਆਰਜ਼ੀ ਤੌਰ ’ਤੇ ਬਾਂਸ ਆਦਿ ਲਗਾ ਕੇ ਭੂਮੀ ਕਟਾਅ ਨੂੰ ਰੋਕਿਆ ਜਾਵੇ।
ਕੀ ਕਹਿਣਾ ਹੈ ਹਲਕਾ ਵਿਧਾਇਕ ਦਾ
ਦੀਨਾਨਗਰ ਵਿਧਾਨ ਸਭਾ ਹਲਕਾ ਹੜ੍ਹ ਨਾਲ ਜ਼ਿਆਦਾ ਪ੍ਰਭਾਵਿਤ ਹੋਣ ਸਬੰਧੀ ਜਦੋਂ ਹਲਕਾ ਵਿਧਾਇਕਾ ਸ੍ਰੀਮਤੀ ਅਰੁਣਾ ਚੌਧਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਸਮਾਂ ਸਿਆਸਤ ਕਰਨ ਦਾ ਨਹੀਂ, ਸਗੋਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਰਲ ਕੇ ਮਦਦ ਕਰਨ ਦਾ ਹੈ।
ਰਾਵੀ ਦਰਿਆ ਕਾਰਨ ਕਈ ਕਿਸਾਨਾਂ ਦੀਆਂ ਜ਼ਮੀਨਾਂ ਬੰਜਰ ਹੋ ਗਈਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਰਾਵੀ ਦਰਿਆ ਦੇ ਪਾਣੀ ਕਾਰਨ ਭੂਮੀ ਕਟਾਅ ਨੂੰ ਰੋਕਣ ਲਈ ਲੋੜੀਂਦੇ ਸਟੱਡ ਅਤੇ ਸਪਰ ਬਣਾਏ ਜਾਣ । ਉਨ੍ਹਾਂ ਕਿਹਾ ਕਿ ਉਹ ਕੱਲ ਮੁੜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ ਅਤੇ ਉਸ ਤੋਂ ਬਾਅਦ ਸਰਕਾਰ ਨੂੰ ਰਿਪੋਰਟ ਭੇਜ ਕੇ ਹੜ੍ਹ ਰੋਕੂ ਪ੍ਰਬੰਧਾਂ ਦੀ ਮੰਗ ਕਰਾਂਗੀ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8