ਪਾਕਿਸਤਾਨ ’ਚ ਹਿੰਦੂ ਅਤੇ ਸਿੱਖਾਂ ਦੀ ਧਾਰਮਿਕ ਆਜ਼ਾਦੀ ਖ਼ਤਰੇ ’ਚ : ਪ੍ਰੋ: ਸਰਚਾਂਦ ਖਿਆਲਾ
Tuesday, Oct 11, 2022 - 03:36 PM (IST)

ਅੰਮ੍ਰਿਤਸਰ - ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਨੇ ਪਾਕਿ ਗੁਰਦੁਆਰਿਆਂ ’ਤੇ ਕੀਤੇ ਜਾ ਰਹੇ ਨਜਾਇਜ਼ ਕਬਜ਼ਿਆਂ ਨੂੰ ਨਹਿਰੂ-ਲਿਆਕਤ ਸਮਝੌਤਾ (1950) ਅਤੇ ਪੰਤ ਮਿਰਜ਼ਾ ਸਮਝੌਤੇ (1955) ਦੀ ਉਲੰਘਣਾ ਕਰਾਰ ਦਿੰਦਿਆਂ ਪੀ.ਐੱਮ. ਮੋਦੀ, ਵਿਦੇਸ਼ ਮੰਤਰੀ ਐੱਸ. ਜੈ ਸ਼ੰਕਰ ਅਤੇ ਭਾਰਤੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸ: ਇਕਬਾਲ ਸਿੰਘ ਲਾਲਪੁਰਾ ਨੂੰ ਉੱਥੇ ਰਹਿੰਦੇ ਹਿੰਦੂ ਅਤੇ ਸਿੱਖਾਂ ਦੇ ਅਧਿਕਾਰਾਂ ਦੀ ਰਾਖੀ ਲਈ ਪਾਕਿ ਸਰਕਾਰ ’ਤੇ ਕੂਟਨੀਤਕ ਠੋਸ ਦਬਾਅ ਪਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਲਾਹੌਰ ਸਥਿਤ ਇਤਿਹਾਸਕ ਗੁਰਦੁਆਰਾ ਭਾਈ ਮਨੀ ਸਿੰਘ, ਗੁ: ਭਾਈ ਤਾਰੂ ਸਿੰਘ ਅਤੇ ਗੁ: ਖਾਸਾ ’ਤੇ ਨਜਾਇਜ਼ ਕਬਜ਼ਿਆਂ ਬਾਰੇ ਖ਼ੁਲਾਸੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਨ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਅਤੇ ਉੱਥੋਂ ਦੀ ਮੀਡੀਆ ਵੱਲੋਂ ਕੀਤੇ ਜਾ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ : ਬਿਜਲੀ ਬੰਦ ਹੋਣ ਤੋਂ ਪਹਿਲਾਂ ਫੋਨ 'ਤੇ ਆਵੇਗਾ SMS, ਪੰਜਾਬ ਦੇ ਇਸ ਸ਼ਹਿਰ 'ਚ ਸ਼ੁਰੂ ਹੋਇਆ ਪ੍ਰੋਜੈਕਟ
ਉਨ੍ਹਾਂ ਨੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਬੰਧੀ ਲਿਖਤੀ ਸ਼ਿਕਾਇਤਾਂ ਵੱਖ-ਵੱਖ ਪੁਲਸ ਥਾਣਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਪੁੱਜਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਉਨ੍ਹਾਂ ਨੇ ਪਾਕਿਸਤਾਨ ’ਚ ਅੰਦਰ ਘੱਟਗਿਣਤੀ ਭਾਈਚਾਰੇ ਉੱਤੇ ਲਗਾਤਾਰ ਵਧ ਰਹੇ ਹਮਲਿਆਂ ਪ੍ਰਤੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸੂਬਾ ਸਿੰਧ ਦੇ ਲਰਕਾਨਾ ਦੇ ਘਾਸਪੀੜ੍ਹੀ ਇਲਾਕੇ ’ਚ ਇਕ ਪੁਰਾਤਨ ਵਾਲਮੀਕਿ ਮੰਦਰ ਦਾ ਮੁਰੰਮਤ ਕਾਰਜ ਕੱਟੜਪੰਥੀਆਂ ਵੱਲੋਂ ਰੋਕਿਆ ਗਿਆ ਅਤੇ ਵਾਲਮੀਕਿ ਭਾਈਚਾਰੇ ਨੂੰ ਪੂਜਾ ਪਾਠ ਵੀ ਨਹੀਂ ਕਰਨ ਦਿੱਤਾ ਗਿਆ। ਇਸ ਵਿਤਕਰੇ ਵਿਰੁੱਧ ਭਾਈਚਾਰੇ ਨੂੰ ਸੜਕਾਂ ’ਤੇ ਉਤਰ ਕੇ ਮੁਜ਼ਾਹਰਾ ਕਰਦਿਆਂ ਪਾਕਿਸਤਾਨ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨੀ ਪਈ ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ’ਚ ਸੈਲਫੀ ਲੈ ਰਿਹਾ ਸੀ ਲਾੜਾ, ਗੋਲ਼ੀਆਂ ਚਲਾਉਂਦਾ ਪ੍ਰੇਮੀ ਪਹੁੰਚਿਆ ਚੁੱਕ ਕੇ ਲੈ ਗਿਆ ਲਾੜੀ
ਪ੍ਰੋ: ਸਰਚਾਂਦ ਨੇ ਕਿਹਾ ਕਿ ਪਾਕਿਸਤਾਨ ’ਚ ਹਿੰਦੂ ਕੁੜੀਆਂ ’ਤੇ ਅੱਤਿਆਚਾਰ ਜਾਰੀ ਹਨ। ਦੋ ਹਫ਼ਤਿਆਂ ’ਚ ਚੌਥੀ ਹਿੰਦੂ ਕੁੜੀ ਨੂੰ ਅਗਵਾ ਕਰਕੇ ਜ਼ਬਰਦਸਤੀ ਉਸ ਦਾ ਧਰਮ ਪਰਿਵਰਤਨ ਕਰਵਾਇਆ ਗਿਆ ਹੈ। ਇਨ੍ਹਾਂ ’ਚੋਂ ਮੀਰਪੁਰਖਾਸ ਦੀ ਹਿੰਦੂ ਕੁੜੀ ਨੂੰ ਅਗਵਾ ਕਰਨ ਉਪਰੰਤ ਇਸਲਾਮ ਕਬੂਲ ਕਰਾਉਂਦਿਆਂ ਉਸ ਦਾ ਵਿਆਹ ਇਕ ਮੁਸਲਮਾਨ ਨਾਲ ਜਬਰੀ ਕਰ ਦਿੱਤਾ ਗਿਆ। ਨਾਸਰਪੁਰ ਦੀ ਅਗਵਾ ਹੋਈ ਕੁੜੀ 14 ਸਾਲ ਦੀ ਸੀ। ਇਕ ਘਟਨਾ ਦੌਰਾਨ ਸਿੰਧ ਦੇ ਥਾਰਪਰਕਾਰ ਦੇ ਕਸਬਾ ਛਛਰੇ ਦੇ ਨੇੜਲੇ ਪਿੰਡ ਚੱਪਰ ਦੀਨ ਸ਼ਾਹ ’ਚ ਇਕ ਹਿੰਦੂ ਕੁੜੀ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ ਗਿਆ, ਜਿਸ ਦਾ ਗੰਭੀਰ ਨੋਟਿਸ ਸਿੰਧ ਹਾਈਕੋਰਟ ਦੇ ਮੁੱਖ ਜੱਜ ਅਹਿਮਦ ਅਲੀ ਸ਼ੇਖ ਨੇ ਵੀ ਲਿਆ।
ਪੜ੍ਹੋ ਇਹ ਵੀ ਖ਼ਬਰ : ਸਰਹੱਦ ਪਾਰ : 2 ਧੀਆਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਮਗਰੋਂ ਮਾਂ ਨੇ ਕੀਤੀ ਖ਼ੁਦਕੁਸ਼ੀ
ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਖੈਬਰ ਪਖਤੂਨਖਵਾ ਸੂਬੇ ਦੇ ਬੁਨੇਰ ਜ਼ਿਲ੍ਹੇ 'ਚ ਸਿੱਖ ਅਧਿਆਪਕਾ ਨੂੰ ਅਗਵਾ ਕਰਕੇ ਜ਼ਬਰਦਸਤੀ ਇਸਲਾਮ ਕਬੂਲ ਕਰਵਾਉਂਦੇ ਉਸ ਦਾ ਕਿਸੇ ਮੁਸਲਮਾਨ ਨਾਲ ਨਿਕਾਹ ਕੀਤੇ ਜਾਣ ਦਾ ਮਾਮਲਾ ਸਾਹਮਣੇ ਆ ਚੁੱਕਾ ਹੈ। ਪ੍ਰੋ. ਸਰਚਾਂਦ ਨੇ ਕਿਹਾ ਕਿ ਪਾਕਿਸਤਾਨ ਵਿੱਚ ਤਰੱਕੀ ਅਤੇ ਆਰਥਿਕ ਖ਼ੁਸ਼ਹਾਲੀ ਲਈ ਹਰ ਸੰਭਵ ਯਤਨ ਕਰਨ ਦੇ ਬਾਵਜੂਦ ਜ਼ਾਲਮ ਨਿਜ਼ਾਮ ਕਾਰਨ ਹਿੰਦੂ ਤੇ ਸਿੱਖ ਭਾਈਚਾਰਾ ਕਦੇ ਸੁਖਾਵੀਂ ਸਥਿਤੀ ਵਿੱਚ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਕੱਟੜਪੰਥੀਆਂ ’ਤੇ ਸਰਕਾਰ ਦਾ ਕੋਈ ਨਿਯੰਤਰਨ ਨਹੀਂ ਹੈ। ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਨਹੀਂ ਕੀਤਾ ਜਾਂਦਾ, ਜਿਸ ਕਰਕੇ ਹਿੰਦੂ ਤੇ ਸਿੱਖਾਂ ਵਿਰੁੱਧ ਅਜਿਹੀਆਂ ਹਰਕਤਾਂ ਲਗਾਤਾਰ ਜਾਰੀ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਘੱਟਗਿਣਤੀਆਂ ਵਿਰੁੱਧ ਕਾਰੇ ’ਚ ਸ਼ਾਮਲ ਕੱਟੜਪੰਥੀਆਂ ’ਤੇ ਸਖ਼ਤ ਕਾਰਵਾਈ ਨਾ ਕਰਕੇ ਉਨ੍ਹਾਂ ਦੀ ਫ਼ਿਰਕੂ ਸੋਚ ਨੂੰ ਉਤਸ਼ਾਹਿਤ ਕਰਨ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ : ਦੁਬਈ ਤੋਂ ਅੰਮ੍ਰਿਤਸਰ ਪੁੱਜੀ ਸਪਾਈਸ ਜੈੱਟ ਦੀ ਫਲਾਈਟ 'ਚੋਂ ਕਈ ਯਾਤਰੀਆਂ ਦਾ ਸਾਮਾਨ ਗਾਇਬ, ਹੋਇਆ ਹੰਗਾਮਾ
ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਘੱਟ ਗਿਣਤੀ ਸਿੱਖ, ਹਿੰਦੂ ਅਤੇ ਹੋਰ ਭਾਈਚਾਰੇ ਦੀਆਂ ਕੁੜੀਆਂ ਨੂੰ ਅਗਵਾ ਕਰ, ਧਰਮ ਪਰਿਵਰਤਨ ਅਤੇ ਫਿਰ ਅਗਵਾਕਾਰਾਂ ਨਾਲ ਵਿਆਹ ਕਰਨਾ ਆਮ ਵਰਤਾਰਾ ਹੋ ਚੁੱਕਿਆ ਹੈ। ਬਹੁਤੇ ਮਾਮਲਿਆਂ ’ਚ ਕੁੜੀਆਂ ਦੇ ਪਰਿਵਾਰਾਂ ਨੂੰ ਚੁੱਪ ਰਹਿਣ ਲਈ ਦਬਾਅ ਪਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੀ ਪੈਨਲ ਅਤੇ ਗਲੋਬਲ ਸਟ੍ਰੈਟ ਵਿਊ ਨੇ ਵੀ ਆਪਣੀਆਂ ਰਿਪੋਰਟਾਂ ਵਿੱਚ ਕਿਹਾ ਹੈ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਧਾਰਮਿਕ ਆਜ਼ਾਦੀ ਖਤਰੇ ਵਿੱਚ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੇ ਹਿੰਦੂ ਤੇ ਸਿੱਖਾਂ ਦੀ ਜਾਨ ਮਾਲ ਦੀ ਰਾਖੀ ਲਈ ਸਮੇਂ ਸਿਰ ਠੋਸ ਕਦਮ ਨਾ ਚੁੱਕਿਆ ਤਾਂ ਘੱਟਗਿਣਤੀ ਲੋਕਾਂ ਵਿਚ ਅਸੁਰੱਖਿਆ ਦੀ ਭਾਵਨਾ ਵਧੇਗੀ। ਇਸ ਨਾਲ ਪਾਕਿਸਤਾਨ ਨੂੰ ਵਿਸ਼ਵ ਭਾਈਚਾਰੇ ’ਚ ਬਦਨਾਮੀ ਤੇ ਨਮੋਸ਼ੀ ਝੱਲਣੀ ਪਵੇਗੀ।