NRI ਭਰਾਵਾਂ ਕੋਲੋਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਂ ’ਤੇ ਮੰਗੀ 75 ਲੱਖ ਦੀ ਫਿਰੌਤੀ
Friday, Dec 20, 2024 - 01:03 PM (IST)
ਗੁਰਦਾਸਪੁਰ (ਹਰਮਨ)- ਔਜੀ ਹੱਬ ਇਮੀਗ੍ਰੇਸ਼ਨ ਦੇ ਮਾਲਕ ਸੰਦੀਪ ਸਿੰਘ ਕੰਗ ਅਤੇ ਹਰਮਨਜੀਤ ਸਿੰਘ ਕੰਗ ਕੋਲੋਂ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਮ ਹੇਠ 75 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਇਕ ਦੋਸ਼ੀ ਨੂੰ ਪੁਲਸ ਨੇ ਟਰੈਪ ਲਾ ਕੇ ਕਾਬੂ ਕੀਤਾ ਹੈ। ਇਸ ਸਬੰਧ ਵਿਚ ਐੱਸ. ਐੱਸ. ਪੀ. ਗੁਰਦਾਸਪੁਰ ਹਰੀਸ਼ ਦਯਾਮਾ ਨੇ ਦੱਸਿਆ ਕਿ ਤਿੱਬੜ ਪੁਲਸ ਥਾਣੇ ਨਾਲ ਸਬੰਧਤ ਪਿੰਡ ਭੰਗਵਾਂ ਦੇ ਸੰਦੀਪ ਸਿੰਘ ਕੰਗ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਸੀ 8 ਦਸੰਬਰ ਨੂੰ ਰਾਤ ਸਵਾ 9 ਵਜੇ ਦੇ ਕਰੀਬ ਉਸ ਨੂੰ ਵਿਦੇਸ਼ ਦੇ ਨੰਬਰ ਤੋਂ ਫੋਨ ਆਇਆ ਅਤੇ ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਉਹ ਲਾਰੈਂਸ ਬਿਸ਼ਨੋਈ ਗਰੁੱਪ ਦਾ ਬੰਦਾ ਹੈ ਅਤੇ ਉਕਤ ਵਿਅਕਤੀ ਨੇ ਆਪਣਾ ਨਾਮ ਯਾਸੀਨ ਅਖਤਰ ਦੱਸਦਿਆਂ 75 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਨਾਲ ਹੀ ਧਮਕੀ ਦਿੱਤੀ ਕਿ ਜੇਕਰ ਫਿਰੌਤੀ ਨਾਂ ਦਿੱਤੀ ਤਾਂ ਉਸ ਅਤੇ ਉਸਦੇ ਭਰਾ ਨੂੰ ਜਾਨੋ ਮਾਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- 31 ਦਸੰਬਰ ਤੋਂ ਪਹਿਲਾਂ ਕਰਾਓ ਇਹ ਕੰਮ, ਨਹੀਂ ਤਾਂ ਆਵੇਗੀ ਮੁਸ਼ਕਿਲ
ਫਿਰੌਤੀ ਮੰਗਣ ਵਾਲੇ ਨੇ ਇਥੋਂ ਤੱਕ ਕਿਹਾ ਕਿ ਉਨ੍ਹਾਂ ਦੇ ਗਰੁੱਪ ਨੇ ਉਸ ਦੇ ਪਰਿਵਾਰ ਬਾਰੇ ਸਾਰੀ ਜਾਣਕਾਰੀ ਇਕੱਤਰ ਕਰ ਲਈ ਹੈ ਅਤੇ ਜੇਕਰ 12 ਘੰਟਿਆਂ ਵਿਚ 75 ਲੱਖ ਰੁਪਏ ਨਾ ਦਿੱਤੇ ਤਾਂ ਉਸ ਦੀ ਉੱਪਰ ਦੀ ਟਿਕਟ ਕਟਵਾ ਦਿੱਤੀ ਜਾਵੇਗੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਲਈ ਉਨ੍ਹਾਂ ਨੇ ਡੀ. ਐੱਸ. ਪੀ. (ਡੀ) ਅਮੋਲਕ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕੀਤਾ ਸੀ। ਇਸ ਤੋਂ ਬਾਅਦ ਟੀਮ ਨੇ ਪੂਰੀ ਡੂੰਘਾਈ ਅਤੇ ਸੰਜੀਦਗੀ ਨਾਲ ਉਕਤ ਮੁਲਜ਼ਮ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕੀਤੀ। ਇਸ ਉਪਰੰਤ ਇਹ ਵਿਅਕਤੀ ਕਈ ਵਾਰ ਫੋਨ ਕਰ ਕੇ ਫਿਰੌਤੀ ਦੀ ਮੰਗ ਕਰਦਾ ਰਿਹਾ।
ਇਹ ਵੀ ਪੜ੍ਹੋ- 21 ਨੂੰ ਵੋਟਾਂ ਵਾਲੇ ਦਿਨ ਰਜਿਸਟਰਡ ਫੈਕਟਰੀਆਂ ’ਚ ਕੰਮ ਕਰਦੇ ਵੋਟਰ ਕਾਮਿਆਂ ਲਈ ਛੁੱਟੀ ਦਾ ਐਲਾਨ
ਇਸ ਤੋਂ ਬਾਅਦ ਪੁਲਸ ਦੇ ਕਹਿਣ ’ਤੇ ਕੰਗ ਪਰਿਵਾਰ ਨੇ ਉਕਤ ਦੋਸ਼ੀ ਨੂੰ ਕਿਸ਼ਤਾਂ ’ਚ ਪੈਸੇ ਦੇਣ ਲਈ ਮਨਾ ਲਿਆ ਅਤੇ ਜਦੋਂ ਪੁਲਸ ਨੇ ਟਰੈਪ ਲਾ ਕੇ ਮੁਲਜ਼ਮ ਨੂੰ ਫਿਰੌਤੀ ਦੀ 2 ਲੱਖ ਰੁਪਏ ਦੀ ਰਕਮ ਦੀ ਪਹਿਲੀ ਕਿਸ਼ਤ ਲੈਣ ਲਈ ਬੁਲਾਇਆ ਤਾਂ ਰੋਹਿਤ ਉਰਫ ਵਿੱਕੀ ਪੁੱਤਰ ਬਲਵਿੰਦਰ ਕੁਮਾਰ ਵਾਸੀ ਗਾਹਲੜੀ ਪਲਸਰ ਮੋਟਰਸਾਈਕਲ ’ਤੇ ਪੈਸੇ ਲੈਣ ਆਇਆ, ਜਿਸ ਨੂੰ ਪੁਲਸ ਦੀ ਟੀਮ ਨੇ ਬਹੁਤ ਹੁਸ਼ਿਆਰੀ ਨਾਲ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਕੀਤੀ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਦੀ ਭੂਆ ਦਾ ਪੁੱਤਰ ਸ਼ੈਲੀ ਪੁਰਤਗਾਲ ’ਚ ਰਹਿੰਦਾ ਹੈ, ਜੋ ਵਿਦੇਸ਼ ਤੋਂ ਹੀ ਫਿਰੌਤੀ ਲੈਣ ਲਈ ਫੋਨ ਕਰ ਰਿਹਾ ਸੀ ਅਤੇ ਇਥੇ ਮੌਜੂਦ ਉਸ ਦੇ ਮਾਮੇ ਦਾ ਮੁੰਡਾ ਉਕਤ ਰੋਹਿਤ ਉਸ ਨੂੰ ਸਾਰੀ ਜਾਣਕਾਰੀ ਇਕੱਤਰ ਕਰ ਕੇ ਦੇ ਰਿਹਾ ਸੀ। ਇਨ੍ਹਾਂ ਦੋਵਾਂ ਵੱਲੋਂ ਰਲ ਕੇ ਫਿਰੌਤੀਆਂ ਮੰਗਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਅੱਜ ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਖ਼ਬਰ, ਪੰਜਾਬ ਭਰ 'ਚ ਹੋ ਗਿਆ ਵੱਡਾ ਐਲਾਨ
ਡੀ. ਐੱਸ. ਪੀ. ਅਮੋਲਕ ਸਿੰਘ ਅਤੇ ਥਾਣਾ ਤਿੱਬੜ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਇਸ ਮਾਮਲੇ ਦੀ ਹੋਰ ਵੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਦੋਵਾਂ ਦੋਸ਼ੀਆਂ ਦੇ ਹੋਰ ਕਿਹੜੇ ਕਿਹੜੇ ਸਾਥੀ ਇਸ ਕੰਮ ਵਿਚ ਸ਼ਾਮਲ ਹਨ ਅਤੇ ਇਹਨਾਂ ਵੱਲੋਂ ਹੁਣ ਤੱਕ ਕਿਹੜੀਆਂ ਵਾਰਦਾਤਾਂ ਕੀਤੀਆਂ ਗਈਆਂ ਹਨ। ਦੱਸਣਯੋਗ ਹੈ ਕਿ ਸੰਦੀਪ ਸਿੰਘ ਅਤੇ ਹਰਮਨਜੀਤ ਸਿੰਘ ਕੰਗ ਦਾ ਪਰਿਵਾਰ ਆਸਟ੍ਰੇਲੀਆ ਦਾ ਸਿਟੀਜ਼ਨ ਹੈ ਅਤੇ ਉਹ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿਚ ਇੰਮੀਗ੍ਰੇਸ਼ਨ ਸਲਾਹਕਾਰ ਦਾ ਬਿਜਨੈੱਸ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8