ਪੰਜਾਬ ਪੁਲਸ ਨੂੰ ਵੱਡੀ ਸਫਲਤਾ, ਵਪਾਰੀ ਕੋਲੋਂ 90 ਲੱਖ ਮੰਗਣ ਵਾਲਾ ਕਾਬੂ
Sunday, Jun 18, 2023 - 09:37 AM (IST)

ਬਟਾਲਾ (ਸਾਹਿਲ, ਬੇਰੀ, ਯੋਗੀ, ਅਸ਼ਵਨੀ)- ਥਾਣਾ ਸਿਵਲ ਲਾਈਨ ਦੀ ਪੁਲਸ ਨੇ ਬਟਾਲਾ ਦੇ ਇਕ ਵਪਾਰੀ ਕੋਲੋਂ ਖੁਦ ਨੂੰ ਜੱਗੂ ਭਗਵਾਨਪੁਰੀਆ ਦੱਸ ਕੇ 90 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧੀ ਆਪਣੇ ਦਫਤਰ ’ਚ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਇਨਵੈੱਸਟੀਗੇਸ਼ਨ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਬਟਾਲਾ ਸ਼ਹਿਰ ਦੇ ਇਕ ਵਪਾਰੀ ਕੋਲੋਂ ਇਕ ਵਿਅਕਤੀ ਵਲੋਂ ਵਟਸਐਪ ਕਾਲ ਕਰ ਕੇ ਆਪਣੇ-ਆਪ ਨੂੰ ਜੱਗੂ ਭਗਵਾਨਪੁਰੀਆ ਦੱਸਦੇ ਹੋਏ 90 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਅਤੇ ਪੈਸੇ ਨਾ ਦੇਣ ’ਤੇ ਵਪਾਰੀ ਅਤੇ ਉਸਦੇ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ।
ਇਸ ਸਬੰਧੀ ਸ਼ਿਕਾਇਤ ਮਿਲਣ ’ਤੇ ਬਟਾਲਾ ਪੁਲਸ ਨੇ ਤੁਰੰਤ ਐਕਸ਼ਨ ਲੈਂਦਿਆ ਮੁਕੱਦਮਾ ਦਰਜ ਕੀਤਾ ਅਤੇ ਉਨ੍ਹਾਂ ਦੀ ਅਗਵਾਈ ਹੇਠ ਡੀ. ਐੱਸ. ਪੀ. ਸਿਟੀ ਬਟਾਲਾ ਲਲਿਤ ਕੁਮਾਰ, ਥਾਣਾ ਸਿਵਲ ਲਾਈਨ ਦੇ ਐੱਸ. ਐੱਚ. ਓ. ਕੁਲਵੰਤ ਸਿੰਘ ਮਾਨ, ਇੰਚਾਰਜ ਸੀ. ਆਈ. ਏ. ਸਟਾਫ ਐੱਸ. ਆਈ. ਦਲਜੀਤ ਸਿੰਘ ਪੱਡਾ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਸਬੰਧਤ ਵਿਅਕਤੀ ਨੂੰ ਟਰੇਸ ਕੀਤਾ ਅਤੇ ਫਿਰੌਤੀ ਮੰਗਣ ਵਾਲੇ ਵਿਅਕਤੀ ਮਲਕੀਅਤ ਸਿੰਘ ਪੁੱਤਰ ਅਤਰ ਸਿੰਘ ਵਾਸੀ ਦੀਵਾਨੀਵਾਲ ਕਲਾ ਨੂੰ 8 ਘੰਟਿਆਂ ’ਚ ਗ੍ਰਿਫਤਾਰ ਕੀਤਾ। ਉਕਤ ਮੁਲਜ਼ਮ ਖਿਲਾਫ ਥਾਣਾ ਸਿਵਲ ਲਾਈਨ ਵਿਖੇ ਧਾਰਾ 387, 506 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਦਿੱਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟੇਨ 'ਚ ਭਾਰਤੀ ਮੂਲ ਦੇ ਇਕ ਹੋਰ ਵਿਅਕਤੀ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ
ਐੱਸ. ਪੀ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਦਾ ਕਾਦੀਆਂ ਰੋਡ ’ਤੇ ਸੁੱਖ ਮੈਡੀਕਲ ਸਟੋਰ ਵੀ ਹੈ, ਜਿਸ ’ਤੇ ਉਸ ਨੇ ਆਪਣਾ ਜੁਰਮ ਕਬੂਲ ਕਰਦਿਆਂ ਦੱਸਿਆ ਕਿ ਉਸ ਨੇ ਲਾਲਚਵੱਸ ਆ ਕੇ ਜੱਗੂ ਭਗਵਾਨਪੁਰੀਆ ਦਾ ਨਾਮ ਲੈ ਕੇ ਆਪ ਖੁਦ ਧਮਕੀ ਦਿੰਦਿਆਂ ਫਿਰੌਤੀ ਦੀ ਮੰਗ ਕੀਤੀ ਸੀ। ਮਲਕੀਅਤ ਸਿੰਘ ਕੋਲੋਂ ਧਮਕੀ ਦੇਣ ਲਈ ਵਰਤਿਆ ਮੋਬਾਇਲ ਵੀਵੋ-ਵਾਈ-20 ਵੀ ਬਰਾਮਦ ਕਰ ਲਿਆ ਹੈ ਅਤੇ ਇਸ ਵਿਰੁੱਧ ਪਹਿਲਾਂ ਵੀ 2 ਮੁਕੱਦਮੇ ਸਨੈਚਿੰਗ ਅਤੇ ਫਿਰੌਤੀ ਮੰਗਣ ਦੇ ਥਾਣਾ ਸਿਵਲ ਲਾਈਨ ਵਿਖੇ ਦਰਜ ਹਨ। ਉਕਤ ਮੁਲਜ਼ਮ ਨੂੰ ਅਦਾਲਤ ’ਚ ਪੇਸ਼ ਕਰ ਕੇ ਇਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।