ਪਾਕਿ ’ਚ ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਅਤੇ ਗੁਰਦੁਆਰਿਆਂ ਦੀ ਖਸਤਾ ਹਾਲਤ ਚਿੰਤਾ ਦਾ ਵਿਸ਼ਾ: ਪ੍ਰੋ. ਸਰਚਾਂਦ ਸਿੰਘ
05/28/2023 9:48:09 PM

ਅੰਮ੍ਰਿਤਸਰ: ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਕਾਰਜਕਾਰਣੀ ਮੈਂਬਰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਪਾਕਿਸਤਾਨ ਵਿਚ ਹਿੰਦੂਆਂ ਦਾ ਜਬਰੀ ਧਰਮ ਪਰਿਵਰਤਨ ਅਤੇ ਸਿੱਖਾਂ ਦੇ ਗੁਰਦੁਆਰਿਆਂ ਦੀ ਖਸਤਾ ਹਾਲਤ ’ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਪਾਕਿਸਤਾਨ ’ਚ ਸਮਾਜਿਕ, ਧਾਰਮਿਕ ਅਤੇ ਸਮੁੱਚਾ ਸਿਆਸੀ ਨਿਜ਼ਾਮ ਦਾ ਹਿੰਦੂ ਅਤੇ ਸਿੱਖਾਂ ਲਈ ਦਮਨਕਾਰੀ ਹੋ ਜਾਣ ’ਤੇ ਉਨ੍ਹਾਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਿਸ਼ੇਸ਼ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪਹਿਲਵਾਨਾਂ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਦਿੱਲੀ ਮਹਿਲਾ ਕਮਿਸ਼ਨ ਦਾ CP ਨੂੰ ਪੱਤਰ, ਲਿਖੀ ਇਹ ਗੱਲ
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪਾਕਿਸਤਾਨ ਦੇ ਸੂਬਾ ਸਿੰਧ ਵਿਚ ਸਰਕਾਰੀ ਪੁਸ਼ਤ ਪਨਾਹੀ ਹਾਸਲ ਕੱਟੜਪੰਥੀਆਂ ਵੱਲੋਂ ਹਿੰਦੂਆਂ ਦਾ ਧਰਮ ਪਰਿਵਰਤਨ ਰੁਕਣ ਦ ਨਾਮ ਨਹੀਂ ਲੈ ਰਿਹਾ। ਜੇਕਰ ਇਹ ਸਿਲਸਿਲਾ ਇਸੇ ਰਫਤਾਰ ਨਾਲ ਚਲਦਾ ਰਿਹਾ ਤਾਂ ਇਕ ਦਿਨ ਪਾਕਿਸਤਾਨ ਵਿਚੋਂ ਹਿੰਦੂ ਅਤੇ ਸਿੱਖਾਂ ਦਾ ਵਜੂਦ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਸੂਬਾ ਸਿੰਧ ਦੇ ਜ਼ਿਲ੍ਹਾ ਬਦੀਨ ਦੀ ਤਹਿਸੀਲ ਸਜਾਵਲ ਦੇ ਨਜ਼ਦੀਕ ਗੌਸੇ ਆਜ਼ਮ ਦਰਬਾਰ ਦੇ ਮੁਖੀ ਹਾਫ਼ਿਜ਼ ਗ਼ੁਲਾਮ ਮੁਹੰਮਦ ਸੂਹ ਮਹਿਮੂਦ ਉਰਫ਼ ਬਾਬਾ ਕਾਦਰੀ ਵੱਲੋਂ ਪਿੰਡ ਦੇ 250 ਹਿੰਦੂਆਂ ਤੋਂ ਕਲਮਾ ਪੜ੍ਹਵਾ ਕੇ ਇਸਲਾਮ ਕਬੂਲ ਕਰਵਾ ਲਿਆ ਗਿਆ ਹੈ। ਜਿਸ ਵਿਚ ਨਾਬਾਲਗ ਬੱਚੇ ਵੀ ਸ਼ਾਮਲ ਹਨ। ਬਾਬਾ ਕਾਦਰੀ ਨੇ ਹੁਣ ਤਕ 10 ਹਜ਼ਾਰ ਤੋਂ ਵਧੇਰੇ ਹਿੰਦੂਆਂ ਦਾ ਧਰਮ ਪਰਿਵਰਤਨ ਕਰਨ ਦਾ ਦਾਅਵਾ ਕੀਤਾ ਹੈ। ਇਸੇ ਤਰਾਂ ਪਿਛਲੇ ਹਫ਼ਤੇ ਉਮਰਕੋਟ ਦੀ ਤਹਿਸੀਲ ਸਾਮਰੋ 'ਚ ਸਾਮਰੋ ਸ਼ਰੀਫ਼ ਦਰਗਾਹ ਵਿਖੇ ਗੁਲਜ਼ਾਰ-ਏ-ਖ਼ਲੀਲ ਸੂਫ਼ੀ ਪੀਰ ਜਾਨ ਆਗਾ ਜਾਨ ਸਰਹੰਦੀ ਵੱਲੋਂ ਇਲਾਕੇ ਦੇ 162 ਹਿੰਦੂਆਂ ਨੂੰ ਮੁਸਲਮਾਨ ਬਣਾਇਆ ਗਿਆ ਹੈ। ਕੁਝ ਦਿਨ ਪਹਿਲਾਂ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਤਲਹਾ ਮਹਿਮੂਦ ਦੇ ਪੁੱਤਰ ਸ਼ਮਰੋਜ਼ ਖ਼ਾਨ ਦੀ ਮੌਜੂਦਗੀ ਵਿਚ ਸਿੰਧ ਦੇ ਜ਼ਿਲ੍ਹਾ ਮੀਰਪੁਰ ਖ਼ਾਸ ਦੀ ਤਹਿਸੀਲ ਨੌਕੋਟ ਦੀ ਬੈਤੁਲ ਇਮਾਨ ਨਿਊ ਮੁਸਲਿਮ ਕਾਲੋਨੀ 'ਚ ਲਗਭਗ 50 ਹਿੰਦੂਆਂ ਨੂੰ ਇਸਲਾਮ ਕਬੂਲ ਕਰਵਾਇਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਪਹਿਲਵਾਨਾਂ ਦੇ ਪ੍ਰਦਰਸ਼ਨ 'ਤੇ ਯੋਗ ਗੁਰੂ ਬਾਬਾ ਰਾਮਦੇਵ ਦਾ ਬਿਆਨ, ਬ੍ਰਿਜਭੂਸ਼ਣ ਬਾਰੇ ਕਹਿ ਇਹ ਗੱਲ
ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ 'ਚ ਹਿੰਦੂ, ਸਿੱਖਾਂ ਅਤੇ ਹੋਰ ਘੱਟ ਗਿਣਤੀ ਧਰਮਾਂ ਦੇ ਲੋਕਾਂ ਖ਼ਿਲਾਫ਼ ਨਫ਼ਰਤ ਲਈ ਨਿਸ਼ਾਨਾ ਬਣਾਏ ਜਾ ਰਹੇ ਹਨ। ਸੂਬਾ ਸਿੰਧ ਵਿਚ ਕੁਝ ਦਿਨਾਂ ਪਹਿਲਾਂ ਪੋਸਟਰ ਲਗਾਉਂਦਿਆਂ ਹਿੰਦੂਆਂ ਨੂੰ ਇਕ ਮਹੀਨੇ ਦੇ ਅੰਦਰ ਆਪਣਾ ਧਰਮ ਛੱਡਣ ਜਾਂ ਪਾਕਿਸਤਾਨ ਛੱਡ ਜਾਣ ਲਈ ਕਿਹਾ ਗਿਆ ਸੀ। ਜਿਸ ਨਾਲ ਹਿੰਦੂਆਂ ਨੂੰ ਡਰ ਦੇ ਮਾਹੌਲ ’ਚ ਰਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਹਿੰਦੂ ਅਤੇ ਸਿੱਖਾਂ ਖ਼ਿਲਾਫ਼ ਅਪਰਾਧ ਵੱਧ ਰਹੇ ਹਨ ਅਤੇ ਹਿੰਦੂ ਕੁੜੀਆਂ ਨੂੰ ਜਬਰੀ ਇਸਲਾਮ ਕਬੂਲ ਕਰਾਉਣ ’ਚ ਕਾਫ਼ੀ ਤੇਜ਼ੀ ਆਈ ਹੈ। ਇੱਥੋਂ ਤਕ ਕਿ ਸਰਕਾਰੀ ਮਸ਼ੀਨਰੀ ਦਾ ਵੀ ਮੰਨਣਾ ਹੈ ਕਿ ਇਸਲਾਮ ’ਚ ਧਰਮ ਪਰਵਰਤਨ ਕਰਾਉਣਾ ਗੁਨਾਹ ਨਹੀਂ ਸਗੋਂ ਸਵਾਬ (ਪੁੰਨ) ਦਾ ਕੰਮ ਹੈ ।
ਇਹ ਖ਼ਬਰ ਵੀ ਪੜ੍ਹੋ - ਕੁੜੀ ਨਾਲ ਘਰੋਂ ਭੱਜੇ ਨੌਜਵਾਨ ਨੂੰ ਪੁਲਸ ਨੇ ਕੀਤਾ ਕਾਬੂ, ਹਿਰਾਸਤ ਦੌਰਾਨ ਹੋਈ ਮੌਤ; 5 ਮੁਲਾਜ਼ਮ ਮੁਅੱਤਲ
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿਚ ਗੈਰ ਇਸਲਾਮਿਕ ਧਾਰਮਿਕ ਸਥਾਨਾਂ ਦੀ ਹਾਲਤ ਵੀ ਖਸਤਾ ਹੁੰਦੀ ਜਾ ਰਹੀ ਹੈ। ਕਈ ਇਤਿਹਾਸਕ ਮੰਦਰਾਂ ਅਤੇ ਗੁਰਦੁਆਰਿਆਂ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਉਹ ਆਪਣੀ ਹੋਂਦ ਗੁਆਉਂਦੇ ਨਜ਼ਰ ਆ ਰਹੇ ਹਨ। ਅਨੇਕਾਂ ਪੁਰਾਤਨ ਮੰਦਰਾਂ ਅਤੇ ਗੁਰਦੁਆਰਿਆਂ ਨੂੰ ਮੁਸਲਮਾਨਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਰੋੜੀ ਸਾਹਿਬ ਤੋਂ ਬਾਅਦ ਹੁਣ ਲਾਹੌਰ ਤੋਂ ਬਾਹਰ ਸਰਹੱਦ ਤੋਂ 5-6 ਕਿੱਲੋਮੀਟਰ ਦੂਰ ਪਿੰਡ ਮਾਣਕ ਵਿਚ ਸਥਿਤ ਪਵਿੱਤਰ ਗੁਰਦੁਆਰਾ ਬਾਬਾ ਮਾਣਕ ਸਿੰਘ ਦੀ ਦੁਰਦਸ਼ਾ ਦੀਆਂ ਤਸਵੀਰਾਂ ਅਤੇ ਵੀਡੀਉਜ਼ ਦੇ ਸਾਹਮਣੇ ਆਉਣ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ 3 ਮੰਜ਼ਿਲਾ ਸ਼ਾਨਦਾਰ ਗੁਰਦੁਆਰਾ ਸਾਹਿਬ ਖੰਡਰ ਵਿਚ ਤਬਦੀਲ ਹੋ ਚੁੱਕਾ ਹੈ। ਇਸ ਦੀ ਜ਼ਮੀਨ 'ਤੇ ਮੁਸਲਮਾਨਾਂ ਨੇ ਕਬਜ਼ਾ ਹੀ ਨਹੀਂ ਕਰ ਲਿਆ ਸਗੋਂ ਗੁਰਦੁਆਰਾ ਸਾਹਿਬ ਦੀ ਮੁਰੰਮਤ ਦਾ ਵੀ ਵਿਰੋਧ ਕਰਦੇ ਆ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।