ਪੰਜਾਬ ’ਚ ਆਪਣਾ ਹੱਕ ਜਮਾਉਣ ਲਈ ਜੋੜ-ਤੋੜ ’ਚ ਲੱਗੀਆਂ ਸਿਆਸੀ ਪਾਰਟੀਆਂ

4/10/2021 12:06:29 PM

ਮਜੀਠਾ (ਸਰਬਜੀਤ ਵਡਾਲਾ): ਦੇਸ਼ ਦੀਆਂ ਚਾਰ ਰਾਸ਼ਟਰੀ ਸਿਆਸੀ ਪਾਰਟੀਆਂ ਚਾਹੇ ਪੰਜਾਬ ਦੇ ਸਿਆਸੀ ਸਮੀਕਰਨਾਂ ਨੂੰ ਬਦਲਣ ਦਾ ਮਾਦਾ ਰੱਖਦੀਆਂ ਹੋਣਗੀਆਂ ਪਰ ਇਸ ਵੇਲੇ ਇਹ ਇਕ-ਦੂਜੇ ਨਾਲ ਸਿਆਸੀ ਗਠਜੋੜ ਕਰਕੇ ਪੰਜਾਬ ਦੀ ਸੱਤਾ ’ਤੇ ਕਾਬਜ਼ ਹੋਣ ਦੇ ਸੁਪਨੇ ਵੀ ਲੈ ਰਹੀਆਂ ਹਨ ਪਰ ਇਹ ਸਭ ਇੰਨਾ ਆਸਾਨ ਨਹੀਂ ਹੈ ਇਨਾਂ ਪਾਰਟੀਆਂ ਲਈ ਕਿਉਂਕਿ ਇਸ ਵੇਲੇ ਇਹ ਸਾਰੀਆਂ ਸਿਆਸੀ ਪਾਰਟੀਆਂ ‘ਹੱਥ ਨਾ ਪਹੁੰਚੇ ਥੂਹ ਕੌੜੀ, ਅੰਗਰੂ ਖੱਟੇ ਹੈਂ’ ਵਾਲੇ ਹਾਲਾਤ ਵਿਚੋਂ ਲੰਘਦੇ ਹੋਏ ਪੰਜਾਬ ਵਿਚ ਆਪਣਾ ਸਿੱਕਾ ਜਮਾਉਣ ਲਈ ਹਰ ਦਿਮਾਗੀ ਤੇ ਸਿਆਸੀ ਦਾਅ-ਪੇਚ ਚਲਾਉਣ ’ਚ ਰਤੀ ਭਰ ਵੀ ਸੰਕੋਚ ਨਹੀਂ ਕਰ ਰਹੀਆਂ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਸਿਆਸਤ ਕਿਸ ਪਾਸੇ ਕਰਵਟ ਲਵੇਗੀ, ਇਹ ਤਾਂ ਹੁਣ ਸਮੇਂ ’ਤੇ ਡਿਪੈਂਡ ਕਰਦਾ ਹੈ।

ਜੀ ਹਾਂ! ਆਓ ਅਸੀਂ ਅੱਜ ਗੱਲ ਕਰੀਏ, ਉਨਾਂ ਚਾਰ ਸਿਆਸੀ ਰਾਸ਼ਟਰੀ ਪਾਰਟੀਆਂ ਦੀ ਜਿੰਨਾਂ ਨੇ ਇਸ ਵੇਲੇ ਫਿਲਹਾਲ ਅੰਦਰ ਖਾਤੇ ਦੇ ਸੂਬਾ ਪੰਜਾਬ ਦੀ ਸਿਆਸਤ ਨੂੰ ਗਰਮਾ ਕੇ ਰੱਖਿਆ ਹੋਇਆ ਹੈ ਅਤੇ ਇਹ ਚਾਰ ਪਾਰਟੀਆਂ ਹਨ ਅਕਾਲੀ ਦਲ ਬਾਦਲ, ਬਹੁਜਨ ਸਮਾਜ ਪਾਰਟੀ, ਅਕਾਲੀ ਦਲ ਡੈਮੋਕ੍ਰੇਟਿਕ ਅਤੇ ਆਮ ਆਦਮੀ ਪਾਰਟੀ ਜੋ ਇਸ ਵੇਲੇ ਆਪਣੇ-ਆਪਣੇ ਸਿਆਸੀ ਦਿਮਾਗ ਦੇ ਘੋੜੇ ਦੌੜਾਉਂਦੀਆਂ ਹੋਈਆਂ ਕਿਸੇ ਨਾ ਕਿਸੇ ਹੀਲੇ 2022 ਦਾ ਕਿਲਾ ਫਤਿਹ ਕਰਕੇ ਪੰਜਾਬ ’ਚ ਆਪਣੀ ਸਲਤਨਤ ਕਾਇਮ ਕਰਨਾ ਚਾਹੁੰਦੀਆਂ ਹਨ।

ਇਥੇ ਇਹ ਜ਼ਿਕਰ ਕਰਨਾ ਬਣਦਾ ਹੈ ਕਿ ਸ਼ੋ੍ਰਮਣੀ ਅਕਾਲੀ ਦਲ (ਬ) ਤੋਂ ਉਪਜੇ ਸ਼ੋ੍ਰਮਣੀ ਅਕਾਲੀ ਦਲ ਡੈਮੋਕ੍ਰਟਿਕ ਦੀ ਗੱਲ ਕਰੀਏ ਤਾਂ ਸਹਿਜੇ ਹੀ ਸਾਹਮਣੇ ਆਉਂਦਿਆਂ ਹੀ ਚਾਹੇ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਉਨਾਂ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਪੰਜਾਬ ਵਿਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਚਾਹੇ ਬਾਦਲਕਿਆਂ ਤੋਂ ਖੁਦ ਨੂੰ ਵੱਖਰਾ ਕਰਕੇ ਆਪਣੀ ਇਕ ਅਲੱਗ ਸਿਆਸੀ ਪਾਰਟੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਰੂਪ ਵਿਚ ਬਣਾ ਲਈ ਸੀ ਪਰ ਇਹ ਪਾਰਟੀ ਪੰਜਾਬ ਵਿਚ ਕਿਸੇ ਵੀ ਤਰਾਂ ਨਾਲ ਆਪਣਾ ਜ਼ਿਆਦਾ ਆਧਾਰ ਚਾਹੇ ਫਿਲਹਾਲ ਬਣਾਉਣ ਵਿਚ ਕਾਮਯਾਬ ਨਹੀਂ ਹੋ ਸਕੀ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਮੁਖ ਰੱਖਦਿਆਂ ਗੱਠਜੋੜ ਕਰਨ ਦੇ ਉਦੇਸ਼ ਨਾਲ ਇਸ ਪਾਰਟੀ ਵਲੋਂ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਬੀਰ ਸਿੰਘ ਗੜੀ ਨਾਲ ਗੁਪਤ ਮੀਟਿੰਗਾਂ ਕਰ ਲਈਆਂ ਗਈਆਂ ਹਨ ਪਰ ਦੂਜੇ ਪਾਸੇ ਜੇਕਰ ਬਸਪਾ ਦੀ ਗੱਲ ਕਰੀਏ ਤਾਂ ਬਸਪਾ ਦਾ ਵੀ ਪੰਜਾਬ ਵਿਚ ਕੋਈ ਜ਼ਿਆਦਾ ਸਿਆਸੀ ਆਧਾਰ ਜਿਆਦਾ ਨਾ ਹੋਣ ਦੇ ਚਲਦਿਆਂ ਇਹ ਦੋਵੇਂ ਪਾਰਟੀਆਂ ਭਵਿੱਖੀ ਚੋਣਾਂ ਦੇ ਮੱਦੇਨਜ਼ਰ ਆਪਸੀ ਗੱਠਜੋੜ ਕਰ ਲੈਂਦੀਆਂ ਹਨ ਤਾਂ ਇਸ ਨਾਲ ਅਕਾਲੀ ਦਲ ਬਾਦਲ ਤੇ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਨੁਕਸਾਨ ਤਾਂ ਜਰੂਰ ਪਹੁੰਚਾ ਸਕਦੀਆਂ ਹਨ।

PunjabKesari

ਓਧਰ ਦੂਜੇ ਪਾਸੇ ਜੇਕਰ ਬਸਪਾ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਬਸਪਾ ਵਾਲੇ ਚਾਹੇ ਆਪਣਾ ਗੱਠਜੋੜ ਕਾਇਮ ਕਰਨ ਲਈ ਅਕਾਲੀ ਦਲ ਬਾਦਲ, ਅਕਾਲੀ ਦਲ ਡੈਮੋਕ੍ਰਟਿਕ ਤੇ ਆਮ ਆਦਮੀ ਪਾਰਟੀ ਨਾਲ ਵੀ ਮੀਟਿੰਗਾਂ ਕਰ ਰਹੇ ਹਨ ਪਰ ਲੱਗਦਾ ਹੈ ਕਿ ਇਹ ਬਸਪਾ ਵਾਲੇ ਸਿਰਫ ਤੇ ਸਿਰਫ ਸਵਾਦ ਚੱਖਣ ਦੀ ਖਾਤਿਰ ਉਕਤ ਤਿੰਨਾਂ ਸਿਆਸੀ ਪਾਰਟੀਆਂ ਦੀ ਨਬਜ਼ ਟਟੋਲਦੇ ਦਿਖਾਂਈ ਦੇ ਰਹੇ ਹਨ ਕਿ ਇਹ ਪਾਰਟੀਆਂ ਆਖਿਰਕਾਰ ਕਿਥੋਂ ਤੱਕ ਸਟੈਂਡ ਕਰਦੀਆਂ ਹਨ ਅਤੇ ਉਨਾਂ ਵਲੋਂ ਸੀਟਾਂ ਦੀ ਵੰਡ ਨੂੰ ਲੈ ਕੇ ਰੱਖੀਆਂ ਜਾਣ ਵਾਲੀਆਂ ਸ਼ਰਤਾਂ ਨੂੰ ਮੰਨਦੀਆਂ ਹਨ।
ਇਸੇ ਤਰ੍ਹਾਂ ਜੇਕਰ ਆਮ ਆਦਮੀ ਪਾਰਟੀ ਦਾ ਸਿਆਸੀ ਖਾਤਾ ਖੋਲਿਆ ਜਾਵੇ ਤਾਂ ਸਿਆਸੀ ਗਲਿਆਰਿਆਂ ਵਿਚ ਇਹ ਚਰਚਾ ਆਮ ਸੁਣਨ ਵਿਚ ਆ ਰਹੀ ਹੈ ਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਫਾਊਂਡਰ ਅਤੇ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਇਸ ਵਾਰ 2022 ਵਿਚ ਹਰ ਹੀਲੇ ਪੰਜਾਬ ਵਿਚ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ ਵਿਚ ਲਿਆਉਣਾ ਚਾਹੁੰਦੇ ਤਾਂ ਜੋ ਉਹ ਦਿੱਲੀ ਦੇ ਨਾਲ ਨਾਲ ਪੰਜਾਬ ਵਿਚ ਵੀ ਆਪਣਾ ਸਿੱਕਾ ਜਮਾ ਸਕਣ ਪਰ ਸੁਣਨ ਵਿਚ ਆ ਰਿਹਾ ਹੈ ਕਿ ਇਸ ਪਾਰਟੀ ਨਾਲ ਵੀ ਬਸਪਾ ਗੱਠਜੋੜ ਕਰਨ ਦੀ ਤਿਆਰੀ ਕਰ ਰਹੀ ਹੈ ਅਤੇ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਪੰਜਾਬ ਵਿਚੋਂ ਕੁਝ ਸੀਟਾਂ ਇਹ ਗੱਠਜੋੜ ਜ਼ਰੂਰ ਜਿੱਤ ਦੇ ਰੂਪ ਵਿਚ ਹਾਸਲ ਕਰ ਲਵੇਗਾ ਪਰ ਇਨਾਂ ਦੋਵਾਂ ਪਾਰਟੀ ਦਾ ਗੱਠਜੋੜ ਦੇ ਬਾਵਜੂਦ ਸੂਬੇ ਵਿਚ ਇਨਾਂ ਦੀ ਸਰਕਾਰ ਬਣਦੀ ਦਿਖਾਈ ਨਹੀਂ ਦਿੰਦੀ।

ਕਿਉਂਕਿ ਇਸ ਵੇਲੇ ਉਸਤਾਦਾਂ ਦੇ ਉਸਤਾਦ ਅਤੇ ਆਪਣੀ ਸਿਆਸਤ ਦੀ ਫਿਰਕੀ ’ਚ ਹਰੇਕ ਰਾਜਨੇਤਾ ਨੂੰ ਉਲਝਾ ਕੇ ਰੱਖਣ ਵਾਲੇ ਸਿਆਸਤ ਦੇ ਮਹਾਰਾਥੀ ਅਤੇ ਸਾਬਕਾ ਮੁਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੇ ਹੋਣਹਾਰ ਸਪੁੱਤਰ ਸੁਖਬੀਰ ਸਿੰਘ ਬਾਦਲ ਅੱਗੇ ਹਰੇਕ ਸਿਆਸੀ ਪਾਰਟੀ ਦਾ ਦਾਅ ਨਹੀਂ ਚੱਲ ਸਕਦਾ। ਪਰ ਦੂਜੇ ਪਾਸੇ ਬਸਪਾ ਤੇ ਅਕਾਲੀ ਦਲ ਬਾਦਲ ਦਰਮਿਆਨ ਗੱਠਜੋੜ ਹੋਣ ਦੀ ਸੁਣਨ ਨੂੰ ਮਿਲ ਰਹੀ ਚਰਚਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਅਤੇ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਆਪਸ ਵਿਚ ਗੱਠਜੋੜ ਕਰ ਲੈਣ ਅਤੇ ਬਾਕੀ ਸਿਆਸੀ ਵਿਰੋਧੀ ਮੂੰਹ ਤੱਕਦੇ ਰਹਿ ਜਾਣ ਅਤੇ ਜੇਕਰ ਅਜਿਹਾ ਹੋ ਗਿਆ ਤਾਂ ਫਿਰ ਆਪ ਅਤੇ ਅਕਾਲੀ ਦਲ (ਡੀ) ਸਿਰਫ ਤੇ ਸਿਰਫ ਇਸ ਗੱਠਜੋੜ ਨੂੰ ਹਰਾਉਣ ਵਿਚ ਆਪਣਾ ਸਾਰਾ ਜ਼ੋਰ ਲਗਾ ਸਕਦਾ ਹੈ ਜਿਸਦਾ ਸਿੱਧਾ ਲਾਭ ਮੁੜ ਕਾਂਗਰਸ ਪਾਰਟੀ ਨੂੰ ਮਿਲਣਾ ਤੈਅ ਹੋਵੇਗਾ। ਇੰਝ ਹੋਣ ਨਾਲ ਮੁੜ ਪੰਜਾਬ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਦੂਜੀ ਵਾਰ ਰਪੀਟ ਹੋ ਜਾਵੇਗੀ। ਚੱਲੋ, ਬਾਕੀ ਹੁਣ ਸਭ ਸਮੇਂ ’ਤੇ ਹੀ ਛੱਡ ਦਿੰਦੇ ਹਾਂ।


Shyna

Content Editor Shyna