ਗੰਨ ਕਲਚਰ ਖ਼ਿਲਾਫ਼ ਗੁਰਦਾਸਪੁਰ ਪੁਲਸ ਦੀ ਸਖ਼ਤੀ, 23 ਲਾਈਸੈਂਸ ਕੀਤੇ ਰੱਦ, 13 ਲੋਕਾਂ ਖ਼ਿਲਾਫ਼ ਮਾਮਲਾ ਦਰਜ
Thursday, Nov 24, 2022 - 02:05 PM (IST)
ਗੁਰਦਾਸਪੁਰ (ਅਵਤਾਰ ਸਿੰਘ)- ਪੰਜਾਬ ਸਰਕਾਰ ਦੀ ਤਰਫ਼ੋਂ ਅਮਨ-ਕਾਨੂੰਨ ਨੂੰ ਸੁਧਾਰਨ ਅਤੇ ਗੈਰ-ਕਾਨੂੰਨੀ ਹਥਿਆਰਾਂ ਅਤੇ ਗੰਨ ਕਲਚਰ ਨੂੰ ਨੱਥ ਪਾਉਣ ਦੇ ਮਕਸਦ ਨਾਲ ਪੂਰੇ ਪੰਜਾਬ ’ਚ ਲਾਇਸੈਂਸੀ ਹਥਿਆਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਗੁਰਦਾਸਪੁਰ ਪੁਲਸ ਵੱਲੋਂ ਜ਼ਿਲ੍ਹੇ ਵਿੱਚ ਲਾਇਸੈਂਸੀ ਹਥਿਆਰਾਂ ਦੀ ਚੈਕਿੰਗ ਦੌਰਾਨ 23 ਲਾਈਸੈਂਸ ਰੱਦ ਕਰ ਦਿੱਤੇ ਗਏ ਹਨ ਅਤੇ ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਵੀਡੀਓ ਪੋਸਟ ਕਰਨ ਵਾਲੇ 13 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਚਿੱਟੇ ਦੀ ਹੋਮ ਡਿਲਿਵਰੀ! ਤਰਨਤਾਰਨ ਵਾਸੀਆਂ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਨਸ਼ਾ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਪੀ ਨਵਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਨਾਜਾਇਜ਼ ਹਥਿਆਰਾਂ 'ਤੇ ਪਾਬੰਦੀ ਅਤੇ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਪੁਲਸ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਅਤੇ ਹਥੀਆਰਾਂ ਦੀ ਪ੍ਰਦਰਸ਼ਨੀ ਲਗਾਉਣ ਵਾਲੇ 13 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। 23 ਵਿਅਕਤੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਹਨ, ਜਿਨ੍ਹਾਂ ’ਚੋਂ ਥਾਣਾ ਸਿਟੀ ਗੁਰਦਾਸਪੁਰ ’ਚ 2, ਸਦਰ ਗੁਰਦਾਸਪੁਰ ਥਾਣੇ ’ਚ 2, ਧਾਰੀਵਾਲ ਥਾਣੇ ’ਚ 2, ਕਾਹਨੂੰਵਾਨ ਥਾਣੇ ਵਿਚ 3, ਕਲਾਨੌਰ ਵਿਚ 6, ਘੁਮਾਣਕਲਾਂ ਥਾਣੇ ’ਚ 8 ਦੇ ਲਾਇਸੈਂਸ ਰੱਦ ਕੀਤੇ ਗਏ ਹਨ। ਇਸ ਦੇ ਨਾਲ ਉਨ੍ਹਾਂ ਦੇ ਹਥਿਆਰ ਜ਼ਬਤ ਕਰ ਲਏ ਗਏ ਹਨ।