ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਨੇ ਕੱਢਿਆ ਜਨ ਜਾਗ੍ਰਤੀ ਮਾਰਚ

11/15/2018 2:51:25 PM

ਪੱਟੀ (ਸੌਰਭ, ਸੌਢੀ) : ਕੇਂਦਰ ਤੇ ਰਾਜ ਸਰਕਾਰਾਂ ਦੀਆਂ ਜਨ ਸਾਧਾਰਨ ਵਿਰੋਧੀ ਸਰਮਾਏਦਾਰ ਪੱਖੀ ਨੀਤੀਆਂ, ਮਹਿੰਗਾਈ, ਬੇਰੁਜ਼ਗਾਰੀ ਅਤੇ ਪ੍ਰਾਈਵੇਟਾਈਜੇਸ਼ਨ ਦੇ ਲੋਕ ਵਿਰੋਧੀ ਰਵੱਈਏ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਣ ਲਈ ਜਨ ਜਾਗ੍ਰਤੀ ਮਾਰਚ ਕੱਢਿਆ ਗਿਆ। ਇਹ ਮਾਰਚ ਪੱਟੀ ਤਹਿਸੀਲ ਦੇ ਦਿਆਲਪੁਰਾ, ਕੱਚਾ ਪੱਕਾ, ਚੂਸਲੇਵੜ, ਭੱਗੂਪੁਰ, ਕਿਰਤੋਵਾਲ, ਬੂਹ ਆਦਿ ਪਿੰਡਾਂ ਤੋਂ ਹੁੰਦਾ ਹੋਇਆ ਹਰੀਕੇ ਵਿਖੇ ਸਮਾਪਤ ਹੋਇਆ। ਇਸ 'ਚ ਕਾਮਰੇਡ ਗੁਰਨਾਮ ਸਿੰਘ ਦਾਊਦ, ਪ੍ਰਗਟ ਸਿੰਘ ਜਾਮਾਰਾਏ, ਦਲਜੀਤ ਸਿੰਘ ਦਿਆਲਪੁਰਾ ਤੇ ਚਮਨ ਲਾਲ ਦਰਾਜਕੇ ਦੀ ਅਗਵਾਈ ਹੇਠ ਆਪਣੇ ਸਰਗਰਮ ਸਾਥੀ ਹਰਭਜਨ ਸਿੰਘ ਸੰਧੂ, ਜਗਤਾਰ ਸਿੰਘ ਆਸਲ ਅਤੇ ਜਸਬੀਰ ਸਿੰਘ ਧਾਮੀ ਸਮੇਤ ਵੱਡੀ ਗਿਣਤੀ 'ਚ ਸ਼ਾਮਲ ਹੋਏ। 

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਾਮਰੇਡ ਦਾਊਦਪੁਰਾ ਨੇ ਦੱਸਿਆ ਕਿ ਇਹ ਜਨ ਜਾਗ੍ਰਤੀ ਮਾਰਚ 10 ਦਸੰਬਰ 2018 ਦੀ ਅਧਿਕਾਰ ਰੈਲੀ ਲਈ ਇਕ ਲੱਖ ਤੋਂ ਵਧੇਰੇ ਲੋਕਾਂ ਨੂੰ ਜਲੰਧਰ 'ਚ ਇਕੱਠੇ ਕਰਨ ਲਈ ਸਾਰੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨਾਲ ਸੰਪਰਕ ਬਣਾਉਣ ਅਤੇ ਉਨ੍ਹਾਂ ਨੂੰ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਬਾਰੇ ਸਮਝਾਉਣ ਲਈ ਕੀਤਾ ਜਾ ਰਿਹਾ ਹੈ। ਇਸ ਮੌਕੇ ਗੁਰਨਾਮ ਸਿੰਘ ਦਾਊਦਪੁਰਾ ਨੇ ਦੱਸਿਆ ਕਿ ਅਸੀਂ ਜਮਾਤ ਰਹਿਤ, ਜਾਤ ਰਹਿਤ, ਭਿੰਨ ਭੇਦ ਮੁਕਤ ਸੈਕੂਲਰ ਸਮਾਜ ਦੀ ਸਿਰਜਣਾ ਲਈ ਵਿਆਪਕ ਸੰਘਰਸ਼ ਵਿੱਢ ਦਿੱਤਾ ਹੈ, ਜਿਸ ਦਾ ਮਿਸ਼ਨ ਸਰਕਾਰ ਦੀਆਂ ਦਮਨਕਾਰੀ, ਲੋਟੂ, ਲੋਕ ਵਿਰੋਧੀ ਅਤੇ ਨਿੱਜੀਕਰਨ ਦੀਆਂ ਨੀਤੀਆਂ ਦੀ ਥਾਂ ਸਹੀ ਅਰਥਾਂ 'ਚ ਲੋਕਤੰਤਰੀ ਲੀਹਾਂ 'ਤੇ ਚੱਲਣਾ ਅਤੇ ਬਰਾਬਰੀ ਦਾ ਸਿਧਾਂਤ ਲਾਗੂ ਕਰਵਾਉਣਾ ਹੈ। 


Related News