ਪਠਾਨਕੋਟ-ਕੁੱਲੂ ਨੈਸ਼ਨਲ ਹਾਈਵੇ 5 ਮਹੀਨੇ ਬਾਅਦ ਵੀ ਭਾਰੀ ਵਾਹਨਾਂ ਲਈ ਬੰਦ

Tuesday, Jan 10, 2023 - 10:59 AM (IST)

ਪਠਾਨਕੋਟ-ਕੁੱਲੂ ਨੈਸ਼ਨਲ ਹਾਈਵੇ 5 ਮਹੀਨੇ ਬਾਅਦ ਵੀ ਭਾਰੀ ਵਾਹਨਾਂ ਲਈ ਬੰਦ

ਪਠਾਨਕੋਟ (ਕੰਵਲ)- ਕਰੀਬ 5 ਮਹੀਨੇ ਪਹਿਲਾਂ 2 ਸੂਬਿਆਂ ਨੂੰ ਪਠਾਨਕੋਟ-ਜੋਗਿੰਦਰਨਗਰ ਰੇਲ ਮਾਰਗ ਨਾਲ ਜੋੜਨ ਵਾਲਾ ਰੇਲਵੇ ਟਰੈਕ ਪੁਲ ਹੜ੍ਹਾਂ ਕਾਰਨ ਤਬਾਹ ਹੋ ਗਿਆ ਸੀ। ਉਸ ਸਮੇਂ ਪਠਾਨਕੋਟ-ਕੁੱਲੂ ਨੈਸ਼ਨਲ ਹਾਈਵੇ ’ਤੇ ਚੱਕੀ ਨਦੀ ਦੇ ਪੁਲ ਨੂੰ ਖਤਰੇ ਵਜੋਂ ਦੇਖਦੇ ਹੋਏ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ ਪਰ ਕੁਝ ਦਿਨਾਂ ਬਾਅਦ ਹੀ ਇਹ ਰਸਤਾ ਛੋਟੇ ਵਾਹਨਾਂ ਲਈ ਖੋਲ੍ਹ ਦਿੱਤਾ ਗਿਆ, ਜਦੋਂਕਿ ਇਸ ਪੁਲ ਤੋਂ ਬੱਸਾਂ ਅਤੇ ਟਰੱਕਾਂ ਦੇ ਲੰਘਣ ’ਤੇ ਪਾਬੰਦੀ ਲਗਾ ਦਿੱਤੀ ਗਈ, ਜਿਸਨੂੰ ਹੁਣ ਤੱਕ ਨਹੀਂ ਹਟਾਇਆ ਗਿਆ। ਇਸ ਕਾਰਨ ਜਿੱਥੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਦੋਨੋਂ ਪਾਸੇ ਦੇ ਦੁਕਾਨਦਾਰ ਤੇ ਹੋਰ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ।

PunjabKesari

ਇਹ ਵੀ ਪੜ੍ਹੋ- 31 ਕਿਲੋ ਹੈਰੋਇਨ ਸਮੇਤ ਫੌਜੀ ਚੜ੍ਹਿਆ ਫਾਜ਼ਿਲਕਾ ਪੁਲਸ ਹੱਥੇ, ਰਾਤੋਂ ਰਾਤ ਅਮੀਰ ਹੋਣ ਦੇ ਵੇਖਦਾ ਸੀ ਸੁਫ਼ਨੇ

ਬੱਸਾਂ ਬੰਦ ਹੋਣ ਕਾਰਨ ਯਾਤਰੀਆਂ ਦੀ ਹੋਈ ਆਰਥਿਕ ਲੁੱਟ

ਇਸ ਸਬੰਧੀ ਕਾਰੋਬਾਰੀ ਠਾਕੁਰ ਅਰਵਿੰਦ ਸਿੰਘ ਹੈਪੀ, ਐੱਸ. ਕੇ. ਸ਼ੇਰੂ, ਵਿਕਰਮ ਸਿੰਘ, ਸਾਬਕਾ ਸਰਪੰਚ ਹਰਿਆਲ ਰਾਜੀਵ ਸ਼ਰਮਾ ਨੇ ਦੱਸਿਆ ਕਿ ਪਿਛਲੇ 5 ਮਹੀਨਿਆਂ ਤੋਂ ਪਠਾਨਕੋਟ-ਕੁੱਲੂ ਨੈਸ਼ਨਲ ਹਾਈਵੇ ’ਤੇ ਚੱਕੀ ਪੁਲ ਤੋਂ ਵੱਡੇ ਵਾਹਨਾਂ ਦੇ ਆਉਣ-ਜਾਣ ’ਤੇ ਪੂਰਨ ਪਾਬੰਦੀ ਲੱਗੀ ਹੋਈ ਹੈ। ਜਿਸ ਕਾਰਨ ਦੋਵਾਂ ਸੂਬਿਆਂ ਵਿਚ ਇਸ ਰੂਟ ’ਤੇ ਕਾਰੋਬਾਰੀਆਂ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਉਥੇ ਹੀ ਇਸ ਪੁਲ ਤੋਂ ਬੱਸਾਂ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਨੂੰ 25-30 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰ ਕੇ ਪੁੱਜਣਾ ਪੈਂਦਾ ਹੈ।

ਇਹ ਵੀ ਪੜ੍ਹੋ- ਪਾਕਿ 'ਚ ਹਿੰਦੂ ਮਹਿਲਾ ਦੇ ਕਤਲ ਦਾ ਮਾਮਲਾ:  4 ਹਿੰਦੂ ਭਾਈਚਾਰੇ ਦੇ ਲੋਕ ਗ੍ਰਿਫ਼ਤਾਰ

ਕੰਢਵਾਲ ਬੈਰੀਅਰ ਤੋਂ ਹਰਿਆਲ ਤੱਕ ਦੀ ਦੂਰੀ ਇਕ ਕਿਲੋਮੀਟਰ ਤੋਂ ਵੀ ਘੱਟ ਹੈ ਪਰ ਇੱਥੇ ਪਹੁੰਚਣ ਲਈ ਆਮ ਲੋਕਾਂ ਨੂੰ ਬੱਸ ਰਾਹੀਂ ਜਲੰਧਰ-ਪਠਾਨਕੋਟ ਚੌਕ ਜਾਣਾ ਪੈਂਦਾ ਹੈ ਅਤੇ ਆਟੋ ਰਾਹੀਂ ਸਿੰਬਲ ਚੌਕ ਪਹੁੰਚਣਾ ਪੈਂਦਾ ਹੈ। ਉਥੋਂ ਮੁੜ ਲੋਕਲ ਜਾਂ ਚੰਬਾ ਬੱਸ ਰਾਹੀਂ ਚੱਕੀ ਪੜਾਵ ਤੱਕ ਪਹੁੰਚਕੇ ਉਥੋਂ ਪੈਦਲ ਆਉਣਾ ਪੈਂਦਾ ਹੈ, ਜਿਥੇ ਇਸ ’ਚ ਕਾਫੀ ਸਮਾਂ ਲੱਗਦਾ ਹੈ। ਉੱਥੇ ਹੀ ਭਾਰੀ ਵਿੱਤੀ ਬੋਝ ਵੀ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲ ਤੋਂ ਵੱਡੀਆਂ ਬੱਸਾਂ ਨਹੀਂ ਚੱਲ ਰਹੀਆਂ ਤਾਂ ਲੋਕਾਂ ਦੀਆਂ ਮੁਸ਼ਕਲਾਂ ਦੇ ਮੱਦੇਨਜ਼ਰ ਕੰਢਵਾਲ ਤੋਂ ਹਰਿਆਲ ਵਿਚਕਾਰਲੇ ਚੱਕੀ ਪੁਲ ’ਤੇ ਵਿਸ਼ੇਸ਼ ਮਿੰਨੀ ਬੱਸਾਂ ਚਲਾਈਆਂ ਜਾਣ ਤਾਂ ਜੋ ਲੋਕਾਂ ਤੇ ਦੁਕਾਨਦਾਰਾਂ ਨੂੰ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News