ਗਰਮੀ ਤੇ ਬਰਸਾਤ ਦੇ ਮੌਸਮ ’ਚ ਪਸ਼ੂਆਂ ਲਈ ਬੇਹੱਦ ਨੁਕਸਾਨਦੇਹ ਹੁੰਦੇ ਹਨ ‘ਪਰਜੀਵੀ’, ਇਸ ਤਰ੍ਹਾਂ ਕਰੋ ਬਚਾਅ

09/03/2023 1:18:33 PM

ਗੁਰਦਾਸਪੁਰ (ਹਰਮਨ)- ਗਰਮੀ ਅਤੇ ਬਰਸਾਤਾਂ ਦੇ ਮੌਜੂਦਾ ਮੌਸਮ ਵਿਚ ਪਸ਼ੂਆਂ ਲਈ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਸ ਮੌਸਮ ਵਿਚ ਅਕਸਰ ਪਸ਼ੂਆਂ ਵਿਚ ਬਾਹਰੀ ਪਰਜੀਵੀਆਂ ਦੀ ਸਮੱਸਿਆ ਬਹੁਤ ਵੱਧ ਜਾਂਦੀ ਹੈ। ਇਹ ਪਰਜੀਵੀ ਪਸ਼ੂਆਂ ਨੂੰ ਨਾ ਸਿਰਫ਼ ਤੰਗ ਕਰਦੇ ਹਨ, ਸਗੋਂ ਕਈ ਤਰ੍ਹਾਂ ਦੀਆਂ ਬੀਮਾਰੀਆਂ ਫ਼ੈਲਾਉਣ ਦਾ ਕਾਰਨ ਵੀ ਬਣਦੇ ਹਨ। ਖਾਸ ਤੌਰ ’ਤੇ ਚਿੱਚੜ, ਮੱਖੀਆਂ, ਮੱਛਰ, ਜੂੰਆਂ, ਪਿੱਸੂ ਅਤੇ ਚੰਮਜੂੰਆਂ ਆਦਿ ਪਸ਼ੂ ਪਾਲਕਾਂ ਦਾ ਕਾਫ਼ੀ ਆਰਥਿਕ ਨੁਕਸਾਨ ਕਰਦੇ ਹਨ।

ਪੀ. ਏ. ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸਬੰਧਤ ਕੰਵਰਪਾਲ ਸਿੰਘ ਢਿੱਲੋਂ, ਤੇਜਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਪਰਜੀਵੀਆਂ ਵੱਲੋਂ ਪਸ਼ੂਆਂ ਦੇ ਖੂਨ ਚੂਸਣ ਕਾਰਨ ਪਸ਼ੂਆਂ ਨੂੰ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਮੁੱਖ ਤੌਰ ’ਤੇ ਅਨੀਮੀਆ (ਖੂਨ ਦੀ ਘਾਟ), ਤੱਤਾਂ ਦੀ ਘਾਟ, ਦੁੱਧ ਦਾ ਘਟਣਾ, ਪਸ਼ੂਆਂ ਦਾ ਹੇਹੇ ’ਚ ਨਾ ਆਉਣਾ ਅਤੇ ਗਰਭ ਦਾ ਨਾ ਠਹਿਰਣ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਬਾਹਰੀ ਪਰਜੀਵੀ ਪਸ਼ੂਆਂ ਨੂੰ ਕੱਟਦੇ-ਵੱਢਦੇ ਹਨ, ਜਿਸ ਕਾਰਨ ਪਸ਼ੂਆਂ ’ਚ ਚਿੜਚਿੜਾਹਟ ਜਾਂ ਉਨੀਂਦਰਾਪਨ ਪੈਦਾ ਹੋ ਜਾਂਦਾ ਹੈ। ਇਸ ਕਰ ਕੇ ਪਸ਼ੂ ਵਾਰ-ਵਾਰ ਆਪਣੇ ਪੈਰ ਜ਼ਮੀਨ ’ਤੇ ਪਟਕਦਾ ਹੈ ਤੇ ਮੱਖੀਆਂ/ਮੱਛਰ ਤੋਂ ਬਚਾਓ ਲਈ ਆਪਣੀ ਪੂੰਛ ਨੂੰ ਹਿਲਾਉਂਦਾ ਰਹਿੰਦਾ ਹੈ। ਇਸ ਕਰ ਕੇ ਪਸ਼ੂ ਰੱਜਵੀਂ ਖੁਰਾਕ ਨਹੀਂ ਲੈ ਪਾਂਦਾ, ਜਿਸ ਕਾਰਨ ਉਸਦਾ ਸਰੀਰਕ ਭਾਰ ਘੱਟ ਜਾਂਦਾ ਹੈ ਅਤੇ ਉਤਪਾਦਨ ਸਮਰੱਥਾ ਘੱਟਣੀ ਸ਼ੁਰੂ ਹੋ ਜਾਂਦੀ ਹੈ।

PunjabKesari

ਇਹ ਵੀ ਪੜ੍ਹੋ-  ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਪਿਓ ਨੇ ਕਿਹਾ ਮੇਰੀ ਪਤਨੀ ਨੇ ਭਾਬੀਆਂ ਨਾਲ ਮਿਲ ਕੀਤਾ ਕਤਲ

ਕੁਝ ਮੱਖੀਆਂ ਪਸ਼ੂਆਂ ਨੂੰ ਇਨ੍ਹੀਂ ਜ਼ੋਰ ਨਾਲ ਕੱਟਦੀਆਂ ਹਨ ਕਿ ਪਸ਼ੂ ਇਨ੍ਹਾਂ ਤੋਂ ਬਚਾਅ ਕਰਨ ਲਈ ਇੱਧਰ-ਉੱਧਰ ਦੌੜਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਹੋਰ ਤਾਂ ਹੋਰ ਜੇ ਪਸ਼ੂ ਗੱਭਣ ਹੋਵੇ ਤਾਂ ਅਜਿਹੀ ਹਾਲਤ ’ਚ ਪਸ਼ੂ ਬੱਚਾ ਵੀ ਸੁੱਟ ਸਕਦਾ ਹੈ। ਇਹ ਬਾਹਰੀ ਪਰਜੀਵੀ ਪਸ਼ੂਆਂ ’ਚ ਚਮੜੀ ਰੋਗ ਵੀ ਕਰ ਦਿੰਦੇ ਹਨ। ਮੱਛਰ ਆਮ ਕਰ ਕੇ ਖੜ੍ਹੇ ਪਾਣੀ ਦੇ ਸਰੋਤਾਂ ਕੋਲ ਵਧਦੇ ਫੁੱਲਦੇ ਹਨ ਜੋ ਕਿ ਇਨ੍ਹਾਂ ਦੇ ਜੀਵਨਕਾਲ ਨੂੰ ਪੂਰਾ ਕਰਨ ਲਈ ਜ਼ਰੂਰੀ ਹੁੰਦਾ ਹੈ। ਬਰਸਾਤੀ ਰੁੱਤ ਵਿੱਚ ਸਹੀ ਜਲਵਾਯੂ (ਉਚਿਤ ਨਮੀ ਤੇ ਤਾਪਮਾਨ) ਮਿਲਣ ਕਰਕੇ ਇੰਨ੍ਹਾਂ ਦੀ ਪਸ਼ੂਆਂ ਤੇ ਭਰਮਾਰ ਹੋ ਜਾਂਦੀ ਹੈ।

ਕੀ ਹਨ ਬਚਾਅ ਦੇ ਤਰੀਕੇ?

ਪੀ.ਏ.ਯੂ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸਬੰਧਤ ਕੰਵਰਪਾਲ ਸਿੰਘ ਢਿੱਲੋਂ, ਤੇਜਬੀਰ ਸਿੰਘ ਨੇ ਦੱਸਿਆ ਕਿ ਪਸ਼ੂਆਂ ’ਚ ਚਿੱਚੜਾਂ ਤੋਂ ਬਚਾਅ ਲਈ ਵੈਟਰਨਰੀ ਡਾਕਟਰ ਦੀ ਸਲਾਹ ਨਾਲ ਟੀਕੇ ਜਾਂ ਸਰੀਰ ਤੇ ਮੱਲਣ ਵਾਲੀਆਂ ਦਵਾਈਆਂ ਲਗਾਉਣੀਆਂ ਚਾਹੀਦੀਆਂ ਹਨ। ਦਵਾਈ ਦੀ ਵਰਤੋਂ ਘੱਟੋ-ਘੱਟ 10 ਦਿਨਾਂ ਦੇ ਅੰਤਰਾਲ ਤੇ 3-4 ਵਾਰ ਕਰਨਾ ਚਾਹੀਦਾ ਹੈ। ਦਵਾਈ ਨੂੰ ਪਸ਼ੂ ਦੇ ਸਰੀਰ ਤੇ ਚਿੱਚੜ ਦੇ ਲੁਕਣ ਵਾਲੀਆਂ ਥਾਵਾਂ ਜਿਵੇਂ ਕਿ ਕੰਨ ਦੇ ਥੱਲੇ, ਚੱਡੇ ਦੇ ਉੱਪਰ, ਪੂੰਛ ਦੇ ਥੱਲੇ ਆਦਿ ਲਗਵਾਉਣਾ ਚਾਹੀਦਾ ਹੈ। ਦਵਾਈ ਦੀ ਸਪਰੇਅ ਪਸ਼ੂ ਫਾਰਮ ਦੇ ’ਚ ਹੋਰ ਲੁਕਵੀਆਂ ਥਾਵਾਂ ਤਰੇੜਾਂ, ਵਿੱਥਾਂ, ਖੁੰਜਿਆਂ ’ਚ ਵੀ ਕਰਨਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ- ਡੇਢ ਦਹਾਕਾ ਸਿਡਨੀ ਤੋਂ ਪਿੰਡ ਆਉਣ ਨੂੰ ਤਰਸਦਾ ਰਿਹਾ ਨੌਜਵਾਨ, ਇਕੋ ਝਟਕੇ ਸਭ ਕੁਝ ਹੋ ਗਿਆ ਖ਼ਤਮ

ਮੱਖੀਆਂ ਨੂੰ ਵੱਧਣ ਫੁੱਲਣ ਤੋਂ ਰੋਕਣ ਲਈ ਸਭ ਤੋਂ ਅਹਿਮ ਗੱਲ ਇਹ ਹੈ ਕਿ ਪਸ਼ੂ ਪਾਲਕਾਂ ਨੂੰ ਆਪਣੇ ਸ਼ੈੱਡਾਂ ਤੇ ਆਲੇ ਦੁਆਲੇ ਦੀ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਪਸ਼ੂਆਂ ਦੇ ਮਲਮੂਤਰ ਦੀ ਸਹੀ ਨਿਕਾਸੀ ਦੇ ਲੋੜੀਂਦੇ ਪ੍ਰਬੰਧ ਕਰਨੇ ਚਾਹੀਦੇ ਹਨ। ਸ਼ੈੱਡ ’ਚ ਪਸ਼ੂਆਂ ਦੇ ਗੋਹੇ ਨੂੰ ਦੇਰ ਤੱਕ ਨਹੀਂ ਪਿਆ ਰਹਿਣ ਦੇਣਾ ਚਾਹੀਦਾ ਤੇ ਸਮੇਂ-ਸਮੇਂ ਤੇ ਗੋਹੇ ਨੂੰ ਇਕੱਠਾ ਕਰ ਕੇ ਕਿਸੇ ਡੂੰਘੇ ਟੋਏ ’ਚ ਪਾ ਕੇ ਦੱਬ ਦੇਣਾ ਜਾਂ ਢੱਕ ਦੇਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਮੱਛਰਾਂ ਦੀ ਰੋਕਥਾਮ ਲਈ ਮੱਛਰਾਂ ਦੀਆਂ ਪ੍ਰਜਨਣ ਥਾਵਾਂ ’ਤੇ ਮਿੱਟੀ ਦੇ ਤੇਲ ਦਾ ਛਿੜਕਾਅ, ਕੀਟਨਾਸ਼ਕਾਂ ਦਾ ਸਪਰੇਅ, ਪਾਣੀ ਖੜ੍ਹਾ ਨਾ ਹੋਣ ਦੇਣਾ, ਛੋਟੇ ਮੋਟੇ ਟੋਏ ਟਿੱਬਿਆਂ ਨੂੰ ਮਿੱਟੀ ਨਾਲ ਭਰ ਦੇਣਾ, ਛੱਪੜਾਂ ਜਾਂ ਉੱਬਲੇ ਪਾਣੀ ਦੀਆਂ ਥਾਵਾਂ ਤੇ ਬੂਟੀ ਨਾ ਉੱਗਣ ਦੇਣਾ ਤੇ ਝੀਲਾਂ, ਛੱਪੜਾਂ, ਝੋਨੇ ਦੇ ਖੇਤਾਂ ’ਚ ਮੱਛੀ ਪਾਲਣ ਦੀ ਅਪਨਾਇਆ ਜਾ ਸਕਦਾ ਹੈ। ਸ਼ੈੱਡ ’ਚ ਜਾਲੀਆਂ ਦੀ ਵਰਤੋਂ ਕਰ ਕੇ ਵੀ ਮੱਖੀਆਂ/ਮੱਛਰਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।

ਖ਼ਾਸ ਕਰ ਕੇ ਜਿਸ ਸ਼ੈੱਡ ’ਚ ਮਿਲਕ ਪਾਰਲਰ (ਚੁਆਈ ਦਾ ਕਮਰਾ) ਅਲੱਗ ਹੋਵੇ ਉੱਥੇ ਇਸ ਕਮਰੇ ਦੀ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਬਿਜਲੀ ਨਾਲ ਚੱਲਣ ਵਾਲੀਆਂ ਨੀਲੀਆਂ ਟਿਊਬ ਲਾਈਟਾਂ ਅਤੇ ਤੇਜ਼ ਹਵਾ ਵਾਲੇ ਪੱਖਿਆਂ (ਫਰਾਟੇ) ਦੀ ਵਰਤੋਂ ਕਰ ਕੇ ਵੀ ਮੱਖੀਆਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਬਹੁਤ ਮਾਤਰਾ ’ਚ ਹੋਣ ’ਤੇ ਕੀਟਨਾਸ਼ਕ ਦਵਾਈਆਂ ਅੰਮਿਤ ਰਾਜ, ਡੈਲਟਾਮੈਥਰਿਨ, ਸਾਈਪਰਮੈਥਰਿਨ ਦਾ ਛਿੜਕਾਅ ਕਰਨਾ ਚਾਹੀਦਾ ਹੈ ਤੇ ਜ਼ਰੂਰਤ ਪੈਣ ਤੇ 10-14 ਦਿਨ ਬਾਅਦ ਰੀਪੀਟ ਵੀ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਸੁਰੱਖਿਆ ਏਜੰਸੀਆਂ ਆਈਆਂ ਹਰਕਤ 'ਚ, ਸਰਹੱਦੀ ਖ਼ੇਤਰ 'ਚੋਂ ਬਰਾਮਦ ਹੋਈਆਂ ਇਹ ਵਸਤੂਆਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News