ਪੁਰਾਣਾ ਸ਼ਾਲਾ ਵਿਖੇ ਡਿਵਾਈਡਰ ਨਾਲ ਟਕਰਾ ਕੇ ਤੇਲ ਦਾ ਟੈਂਕਰ ਹਾਦਸਾਗ੍ਰਸਤ, ਵਾਲ-ਵਾਲ ਬਚੀ ਡਰਾਈਵਰ ਦੀ ਜਾਨ
Thursday, May 28, 2026 - 11:31 AM (IST)
ਗੁਰਦਾਸਪੁਰ (ਹਰਮਨ)– ਗੁਰਦਾਸਪੁਰ-ਮੁਕੇਰੀਆਂ ਮਾਰਗ ‘ਤੇ ਵੱਧ ਰਹੀ ਆਵਾਜਾਈ ਅਤੇ ਸੜਕ ਦੀ ਘੱਟ ਚੌੜਾਈ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਇਸੇ ਤਹਿਤ ਬੀਤੀ ਰਾਤ ਕਸਬਾ ਪੁਰਾਣਾ ਸ਼ਾਲਾ ਵਿਖੇ ਸੜਕ ਵਿਚਕਾਰ ਬਣੇ ਡਿਵਾਈਡਰ ਨਾਲ ਟਕਰਾ ਕੇ ਇੱਕ ਤੇਲ ਦਾ ਟੈਂਕਰ ਬੁਰੀ ਤਰ੍ਹਾਂ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੌਰਾਨ ਟੈਂਕਰ ਨੂੰ ਭਾਰੀ ਨੁਕਸਾਨ ਪਹੁੰਚਿਆ, ਜਦਕਿ ਡਰਾਈਵਰ ਦੀ ਜਾਨ ਵਾਲ-ਵਾਲ ਬਚ ਗਈ।
ਇਹ ਵੀ ਪੜ੍ਹੋ- ਰੇਗਿਸਤਾਨ ਤੋਂ ਵੱਧ ਤਪ ਰਿਹਾ ਪੰਜਾਬ, ਚਿੰਤਾਨਜਨਕ ਬਣੀ ਸਥਿਤੀ
ਟੈਂਕਰ ਚਾਲਕ ਨੇ ਦੱਸਿਆ ਕਿ ਉਹ ਜਲੰਧਰ ਤੋਂ ਤੇਲ ਲੋਡ ਕਰਕੇ ਦੀਨਾਨਗਰ ਗਿਆ ਸੀ। ਉੱਥੇ ਟੈਂਕਰ ਖਾਲੀ ਕਰਨ ਤੋਂ ਬਾਅਦ ਜਦੋਂ ਉਹ ਵਾਪਸ ਜਲੰਧਰ ਜਾ ਰਿਹਾ ਸੀ ਤਾਂ ਪੁਰਾਣਾ ਸ਼ਾਲਾ ਵਿਖੇ ਸਾਹਮਣੇ ਤੋਂ ਆ ਰਹੇ ਵਾਹਨ ਦੀਆਂ ਤਿੱਖੀਆਂ ਲਾਈਟਾਂ ਕਾਰਨ ਉਸ ਨੂੰ ਸੜਕ ਵਿਚਕਾਰ ਬਣਿਆ ਡਿਵਾਈਡਰ ਨਜ਼ਰ ਨਾ ਆਇਆ। ਇਸ ਕਾਰਨ ਟੈਂਕਰ ਸਿੱਧਾ ਡਿਵਾਈਡਰ ਨਾਲ ਟਕਰਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਟੈਂਕਰ ਦੇ ਕਈ ਹਿੱਸੇ ਨੁਕਸਾਨੇ ਗਏ। ਚਾਲਕ ਨੇ ਦੱਸਿਆ ਕਿ ਉਸ ਨੂੰ ਵੀ ਸੱਟਾਂ ਲੱਗੀਆਂ ਹਨ, ਪਰ ਖੁਸ਼ਕਿਸਮਤੀ ਨਾਲ ਉਹ ਬਚ ਗਿਆ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਵਿਭਾਗ ਵੱਲੋਂ 26 ਮਈ...
ਮੌਕੇ ‘ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਗੁਰਦਾਸਪੁਰ-ਮੁਕੇਰੀਆਂ ਰੋਡ ਜ਼ਿਲ੍ਹੇ ਨੂੰ ਜਲੰਧਰ ਅਤੇ ਹੁਸ਼ਿਆਰਪੁਰ ਨਾਲ ਜੋੜਨ ਵਾਲਾ ਅਹਿਮ ਮਾਰਗ ਹੈ, ਜਿਸ ਕਾਰਨ ਇੱਥੇ ਦਿਨ ਭਰ ਭਾਰੀ ਆਵਾਜਾਈ ਰਹਿੰਦੀ ਹੈ। ਲੋਕਾਂ ਨੇ ਕਿਹਾ ਕਿ ਉਹ ਕਈ ਵਾਰ ਇਸ ਸੜਕ ਨੂੰ ਚੌੜਾ ਕਰਨ ਅਤੇ ਪੁਰਾਣਾ ਸ਼ਾਲਾ ਵਿੱਚ ਬਣੇ ਡਿਵਾਈਡਰਾਂ ਨੂੰ ਹਟਾ ਕੇ ਸੁਚੱਜੀ ਯੋਜਨਾਬੰਦੀ ਕਰਨ ਦੀ ਮੰਗ ਕਰ ਚੁੱਕੇ ਹਨ, ਪਰ ਸੰਬੰਧਿਤ ਵਿਭਾਗ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਖਾਸ ਕਰਕੇ ਧੁੰਦ ਵਾਲੇ ਦਿਨਾਂ ਵਿੱਚ ਇਹ ਡਿਵਾਈਡਰ ਹਾਦਸਿਆਂ ਦਾ ਕਾਰਨ ਬਣਦੇ ਹਨ ਅਤੇ ਇੱਥੇ ਅਕਸਰ ਭਿਆਨਕ ਹਾਦਸੇ ਵਾਪਰਦੇ ਰਹਿੰਦੇ ਹਨ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਹਨਾਂ ਡਿਵਾਈਡਰਾਂ ਨੂੰ ਹਟਾ ਕੇ ਇੱਥੇ ਢੁੱਕਵੀਆਂ ਸਟਰੀਟ ਲਾਈਟਾਂ ਲਗਾਈਆਂ ਜਾਣ ਅਤੇ ਗੁਰਦਾਸਪੁਰ-ਮੁਕੇਰੀਆਂ ਮਾਰਗ ਦੀ ਚੌੜਾਈ ਵਧਾਈ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
