1 ਕਰੋੜ ਦੀ ਰਾਸ਼ੀ ਦਾਨ ਕਰ ਪ੍ਰਵਾਸੀ ਭਾਰਤੀ ਅਮਰਜੀਤ ਕੰਗ ਨੇ ਹਿਊਮੈਨਿਟੀ ਹਸਪਤਾਲ ਦਾ ਰੱਖਿਆ ਨੀਂਹ ਪੱਥਰ

05/10/2022 6:00:11 PM

ਬਟਾਲਾ (ਮਠਾਰੂ) - ਗਰੀਬਾਂ, ਦੀਨ ਦੁਨੀਆਂ ਅਤੇ ਦੱਬੇ-ਕੁਚਲੇ ਲੋੜਵੰਦ ਬੇਸਹਾਰਾ ਪਰਿਵਾਰਾਂ ਦੀ ਸਾਰ ਲੈਣ ਵਾਲੇ ਸਭ ਦਾ ਭਲਾ ਹਿਊਮੈਨਿਟੀ ਕਲੱਬ ਤੇ ਨਵਤੇਜ਼ ਹਿਊਮੈਨਿਟੀ ਹਸਪਤਾਲ ਬਟਾਲਾ ਦੇ ਮੁੱਖ ਸੰਚਾਲਕ ਤੇ ਸਮਾਜਸੇਵੀ ਨੌਜਵਾਨ ਨਵਤੇਜ ਸਿੰਘ ਗੁੱਗੂ ਵੱਲੋਂ ਬਟਾਲਾ ’ਚ ਗਰੀਬਾਂ ਲੋੜਵੰਦਾਂ ਦਾ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਦੇ ਅੰਦਰ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਦੁੱਖ-ਸੁੱਖ ਦੀ ਘੜੀ ਵਿਚ ਇਨ੍ਹਾਂ ਗਰੀਬ ਪਰਿਵਾਰਾਂ ਦੇ ਨਾਲ ਖੜਦਿਆਂ ਨਵਤੇਜ ਗੁੱਗੂ ਵੱਲੋਂ ਸਮਾਜ ਸੇਵੀ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ। ਨਿਸ਼ਕਾਮ ਭਾਵਨਾ ਦੇ ਨਾਲ ਸਮਾਜ ਸੇਵਾ ਨੂੰ ਇਕ ਮਿਸ਼ਨ ਦੇ ਤੌਰ ’ਤੇ ਅੱਗੇ ਲੈ ਕੇ ਵੱਧਦੇ ਹੋਏ ਸਮਾਜਸੇਵੀ ਨਵਤੇਜ਼ ਸਿੰਘ ਗੁੱਗੂ ਵੱਲੋਂ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਵਿਖੇ ਵੀ ਪਹਿਲਕਦਮੀ ਕਰਦਿਆਂ ਗਰੀਬਾਂ, ਲੋੜਵੰਦਾਂ ਲਈ ਮੁਫ਼ਤ ਇਲਾਜ ਵਾਸਤੇ ਇਕ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ।

ਇਸ ਨੇਕ ਕਾਰਜ ਨੂੰ ਅੰਜਾਮ ਦੇਣ ਲਈ ਅਮਰੀਕਾ ਤੋਂ ਵਿਸ਼ੇਸ਼ ਤੌਰ ’ਤੇ ਇੱਕ ਪਰਿਵਾਰਕ ਮੈਂਬਰ ਦੇ ਨਾਤੇ ਨਵਤੇਜ਼ ਗੁੱਗੂ ਕੋਲ ਪੁੱਜੇ ਸਮਾਜਸੇਵੀ ਅਮਰਜੀਤ ਕੰਗ ਵੱਲੋਂ ਜਿੱਥੇ ਅੰਮ੍ਰਿਤਸਰ ਦੇ ਹਸਪਤਾਲ ਦੇ ਨਿਰਮਾਣ ਵਾਸਤੇ ਆਪਣੀ ਨੇਕ ਕਿਰਤ ਕਮਾਈ ਵਿਚੋ 1 ਕਰੋੜ ਰੁਪਏ ਦੀ ਰਾਸ਼ੀ ਨਵਤੇਜ਼ ਗੁੱਗੂ ਦੀ ਝੋਲੀ ਵਿਚ ਪਾਈ ਗਈ, ਉਥੇ ਪਰਮਾਤਮਾ ਦਾ ਓਟ-ਆਸਰਾ ਲੈ ਕੇ ਅਰਦਾਸ ਬੇਨਤੀ ਕਰਨ ਤੋਂ ਬਾਅਦ ਸਮਾਜਸੇਵੀ ਸ਼ਖਸੀਅਤ ਅਮਰਜੀਤ ਸਿੰਘ ਕੰਗ ਵੱਲੋਂ ਹਸਪਤਾਲ ਦੀ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ ਗਿਆ। ਬੇਹੱਦ ਭਾਵੁਕ ਹੁੰਦਿਆਂ ਸਮਾਜਸੇਵੀ ਅਮਰਜੀਤ ਸਿੰਘ ਕੰਗ ਨੇ ਕਿਹਾ ਕਿ ਨਵਤੇਜ ਸਿੰਘ ਗੁੱਗੂ ਦੀ ਗਰੀਬਾਂ ਪ੍ਰਤੀ ਤੜਫ ਅਤੇ ਜਜਬੇ ਨੂੰ ਵੇਖਦਿਆਂ ਹੋਇਆਂ ਅੱਜ ਹਰ ਇਕ ਇਨਸਾਨ ਇਸ ਸੇਵਾ ਦੇ ਕੁੰਭ ਦੇ ਵਿਚ ਵਧ ਚੜ੍ਹ ਕੇ ਯੋਗਦਾਨ ਪਾ ਰਿਹਾ ਹੈ। 

ਉਨ੍ਹਾਂ ਕਿਹਾ ਕਿ ਗਰੀਬ ਪਰਿਵਾਰਾਂ ਨੂੰ ਇਲਾਜ ਕਰਵਾਉਣਾ ਬੇਹੱਦ ਔਖਾ ਹੋਇਆ ਪਿਆ ਹੈ, ਜਦ ਕਿ ਇੱਕੋ ਛੱਤ ਦੇ ਹੇਠਾਂ ਆਧੁਨਿਕ ਸਹੂਲਤਾਂ ਨਾਲ ਲੈਸ ਮਾਹਿਰ ਡਾਕਟਰਾਂ ਤੇ ਮੈਡੀਕਲ ਟੀਮਾਂ ਦੇ ਨਾਲ ਨਵਤੇਜ ਗੁੱਗੂ ਵੱਲੋਂ ਸਿਹਤ ਦੇ ਖੇਤਰ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕਰਦਿਆਂ ਸੇਵਾ ਦੇ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਫ਼ਤ ਆਪ੍ਰੇਸ਼ਨ ਕਰਨੇ, ਦਵਾਈਆਂ ਦੇਣੀਆਂ ਅਤੇ ਹਰ ਸੰਕਟ ਦੀ ਘੜੀ ਵਿੱਚ ਗਰੀਬ ਪਰਿਵਾਰਾਂ ਦੇ ਨਾਲ ਅੱਗੇ ਹੋ ਕੇ ਮਦਦ ਕਰਨੀ ਸਮਾਜਸੇਵੀ ਨਵਤੇਜ਼ ਗੁੱਗੂ ਦੇ ਹਿੱਸੇ ਆਉਂਦੀ ਹੈ। ਸਮਾਜਸੇਵੀ ਅਮਰਜੀਤ ਕੰਗ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਇਸ ਨੇਕ ਕਾਰਜ਼ ਲਈ ਦਾਨ ਕਰਕੇ ਅਤੇ ਹਸਪਤਾਲ ਦਾ ਨੀਂਹ ਪੱਥਰ ਰੱਖ ਕੇ ਬਹੁਤ ਸਕੂਨ ਮਿਲਿਆ ਹੈ। 

ਇਸ ਮੌਕੇ ਮੁੱਖ ਸੰਚਾਲਕ ਨਵਤੇਜ ਸਿੰਘ ਗੁੱਗੂ ਨੇ ਕਿਹਾ ਕਿ ਪੰਜਾਬ ਸਮੇਤ ਗਵਾਂਢੀ ਰਾਜਾਂ ਤੋਂ ਵੀ ਵੱਡੀ ਗਿਣਤੀ ਵਿਚ ਗਰੀਬ, ਲੋੜਵੰਦ ਪਰਿਵਾਰ ਹਿਊਮੈਨਿਟੀ ਹਸਪਤਾਲ ਦੇ ਅੰਦਰ ਇਲਾਜ ਕਰਵਾਉਣ ਲਈ ਆ ਰਹੇ ਹਨ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਅੰਮ੍ਰਿਤਸਰ ਦੇ ਬਾਈਪਾਸ ਵਿਖੇ ਇਕ ਆਧੁਨਿਕ ਸਹੂਲਤਾਂ ਨਾਲ ਲੈਸ ਹਸਪਤਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਤਾਂ ਜੋ ਗਰੀਬ, ਲੋੜਵੰਦ ਪਰਿਵਾਰਾਂ ਦੀ ਸੇਵਾ ਕਰਦਿਆਂ ਉਨ੍ਹਾਂ ਨੂੰ ਬੇਹਤਰ ਢੰਗ ਨਾਲ ਮੁਫ਼ਤ ਮੈਡੀਕਲ ਸੇਵਾਵਾਂ ਦਿੱਤੀਆਂ ਜਾ ਸਕਣ। ਇਸ ਮੌਕੇ ਹੋਰ ਵੀ ਪਤਵੰਤੇ ਤੇ ਆਗੂ ਹਾਜ਼ਰ ਸਨ।


rajwinder kaur

Content Editor

Related News