ਗੈਰ-ਮਿਆਰੀ ਸੋਡਾ ਕਰ ਰਿਹੈ ਸਿਹਤ ਨਾਲ ਖਿਲਵਾਡ਼ ਮਾਪਦੰਡਾਂ ’ਤੇ ਖਰੀ ਨਾ ਉਤਰਨ ਵਾਲੀ ਸੋਡਾ ਫੈਕਟਰੀ ਸੀਲ
Sunday, Oct 14, 2018 - 01:49 AM (IST)

ਅੰਮ੍ਰਿਤਸਰ, (ਦਲਜੀਤ)- ਸੋਡਾ ਪੀਣ ਦੇ ਸ਼ੌਕੀਨ ਲੋਕਾਂ ਲਈ ਇਹ ਖਬਰ ਬਹੁਤ ਮਹੱਤਵਪੂਰਨ ਹੈ। ਕੁਝ ਵਪਾਰੀ ਆਪਣੇ ਨਿੱਜੀ ਸਵਾਰਥਾਂ ਖਾਤਿਰ ਕੀਮਤੀ ਜਾਨਾਂ ਨਾਲ ਖਿਲਵਾਡ਼ ਕਰਦਿਆਂ ਧਡ਼ੱਲੇ ਨਾਲ ਗੈਰ-ਮਿਆਰੀ ਸੋਡਾ ਬਣਾ ਕੇ ਜ਼ਿਲੇ ’ਚ ਵੇਚ ਰਹੇ ਹਨ। ਸਿਹਤ ਵਿਭਾਗ ਵੱਲੋਂ ਅੰਨਗਡ਼੍ਹ ਰੋਡ ’ਤੇ ਸਥਿਤ ਅਜਿਹੀ ਹੀ ਬੀ. ਡੀ. ਐੱਸ. ਇੰਟਰਪ੍ਰਾਈਜ਼ਜ਼ ਫੈਕਟਰੀ ’ਚ ਛਾਪੇਮਾਰੀ ਕਰ ਕੇ ਵੱਖ-ਵੱਖ ਤਰ੍ਹਾਂ ਦਾ ਵੱਡੀ ਮਾਤਰਾ ’ਚ ਗੈਰ-ਮਿਆਰੀ ਸੋਡਾ ਤੇ ਪਾਣੀ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਅਾਂ। ਵਿਭਾਗ ਨੇ ਮਾਪਦੰਡਾਂ ’ਤੇ ਖਰ੍ਹਾ ਨਾ ਉਤਰਨ ਵਾਲੀ ਇਸ ਫੈਕਟਰੀ ਦੀਆਂ ਕਈ ਤਰ੍ਹਾਂ ਦੀਆਂ 11 ਹਜ਼ਾਰ ਬੋਤਲਾਂ ਕਬਜ਼ੇ ਵਿਚ ਲੈ ਕੇ ਫੈਕਟਰੀ ਸੀਲ ਕਰ ਦਿੱਤੀ ਹੈ।
ਜ਼ਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਜ਼ਿਲੇ ’ਚ ਮਿਲਾਵਟਖੋਰੀ ਖਿਲਾਫ ਵਿਸ਼ੇਸ਼ ਮੁਹਿੰਮ ਵਿੱਢੀ ਹੋਈ ਹੈ। ਕੁਝ ਦਿਨ ਪਹਿਲਾਂ ਵੀ ਉਕਤ ਫੈਕਟਰੀ ’ਤੇ ਛਾਪੇਮਾਰੀ ਕੀਤੀ ਗਈ ਸੀ ਪਰ ਫੈਕਟਰੀ ਮਾਲਕ ਟੀਮ ਦੇ ਆਉਣ ਦੀ ਭਿਣਕ ਲੱਗਦਿਆਂ ਫੈਕਟਰੀ ਬੰਦ ਕਰ ਕੇ ਚਲਾ ਗਿਆ ਸੀ। ਅੱਜ ਜਦੋਂ ਦੁਬਾਰਾ ਅਚਨਚੇਤ ਛਾਪੇਮਾਰੀ ਕੀਤੀ ਗਈ ਤਾਂ ਦੇਖਿਆ ਕਿ ਬੀ. ਡੀ. ਐੱਸ. ਇੰਟਰਪ੍ਰਾਈਜ਼ਜ਼ ਦੇ ਨਾਂ ਹੇਠ ਚੱਲਣ ਵਾਲੀ ਫੈਕਟਰੀ ਬਿਨਾਂ ਲਾਇਸੈਂਸ ਤੋਂ ਚੱਲ ਰਹੀ ਸੀ। ਫੈਕਟਰੀ ’ਚ ਫਾਈਨ ਕਲੱਬ ਸੋਡਾ, ਬਲੱਡਰ ਪ੍ਰਾਈਮ ਸੋਡਾ, ਵੀ ਜੋਸ਼ ਲੈਮਨ, ਐਕਵਾਲਾਈਫ ਵਾਟਰ ਬਣਾਇਆ ਜਾ ਰਿਹਾ ਸੀ। ਫੈਕਟਰੀ ਵਿਚ ਕੰਮ ਕਰਨ ਵਾਲੇ ਮੁਲਾਜ਼ਮਾਂ ਦੇ ਨਾ ਤਾਂ ਮੈਡੀਕਲ ਹੋਏ ਸਨ ਤੇ ਨਾ ਹੀ ਉਥੇ ਸਾਫ-ਸਫਾਈ ਦੇ ਢੁੱਕਵੇਂ ਪ੍ਰਬੰਧ ਸਨ। ਪਾਣੀ ਦੀ ਜਾਂਚ ਲਈ ਫੈਕਟਰੀ ’ਚ ਲੈਬ ਵੀ ਨਹੀਂ ਬਣਾਈ ਗਈ ਸੀ। ਫੈਕਟਰੀ ਪੂਰੀ ਤਰ੍ਹਾਂ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ। 11 ਹਜ਼ਾਰ ਬੋਤਲਾਂ ਕਬਜ਼ੇ ਵਿਚ ਲੈ ਕੇ ਫੈਕਟਰੀ ਸੀਲ ਕਰ ਦਿੱਤੀ ਗਈ ਹੈ। 4 ਤਰ੍ਹਾਂ ਦੇ ਸੈਂਪਲ ਲੈ ਕੇ ਜਾਂਚ ਲਈ ਖਰਡ਼ ਲੈਬਾਰਟਰੀ ਭੇਜ ਦਿੱਤੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
ਗਿਆਨੀ ਟੀ ਸਟਾਲ ’ਤੇ ਗੰਦਗੀ ਦੀ ਭਰਮਾਰ
ਵੀ. ਵੀ. ਆਈ. ਪੀ. ਲੀਡਰਾਂ ਲਈ ਚਾਹ ਲਈ ਮਸ਼ਹੂਰ ਗਿਆਨੀ ਟੀ ਸਟਾਲ ’ਤੇ ਗੰਦਗੀ ਦੀ ਭਰਮਾਰ ਹੇਠ ਖਾਣ ਯੋਗ ਸਾਮਾਨ ਤਿਆਰ ਹੋ ਰਿਹਾ ਹੈ। ਸਿਹਤ ਵਿਭਾਗ ਵੱਲੋਂ ਮਾਰੀ ਗਈ ਛਾਪੇਮਾਰੀ ਦੌਰਾਨ ਉਕਤ ਦੁਕਾਨ ਦੀ ਰਸੋਈ ’ਚ ਕਈ ਹੈਰਾਨੀਜਨਕ ਪਹਿਲੂ ਦੇਖਣ ਨੂੰ ਮਿਲੇ। ਜ਼ਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਦੁਕਾਨ ਵਿਚ ਖਾਧ ਪਦਾਰਥ ਸਾਫ-ਸਫਾਈ ਵਿਚ ਨਹੀਂ ਬਣਾਏ ਜਾ ਰਹੇ, ਜਦੋਂ ਦੁਕਾਨ ਦੀ ਰਸੋਈ ਵਿਚ ਜਾਂਚ ਕੀਤੀ ਗਈ ਤਾਂ ਉਥੇ ਕਾਫੀ ਗੰਦਗੀ ਸੀ। ਗੰਦਾ ਪਾਣੀ ਇਧਰ-ਉਧਰ ਵਹਿ ਰਿਹਾ ਸੀ। ਘਿਉ, ਮਿਰਚਾ, ਲੂਣ, ਮਸਾਲੇ ਆਦਿ ਖੁੱਲ੍ਹੇ ਹੀ ਵਰਤੇ ਜਾ ਰਹੇ ਸਨ। 6 ਤਰ੍ਹਾਂ ਦੇ ਸੈਂਪਲ ਭਰ ਲਏ ਗਏ ਹਨ।
ਮਿਲਾਵਟਖੋਰਾਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ
ਫੂਡ ਅਤੇ ਡਰੱਗ ਵਿਭਾਗ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਮਿਲਾਵਟਖੋਰੀ ਕਿਸੇ ਵੀ ਹਾਲਤ ’ਚ ਬਰੀਂ ਕੀਤੀ ਜਾਵੇਗੀ। ਮਿਲਾਵਟਖੋਰਾਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਅੰਮ੍ਰਿਤਸਰ ’ਚ ਕੁਝ ਲੋਕ ਮਿਲਾਵਟਖੋਰੀ ਕਰ ਕੇ ਆਪਣੀਆਂ ਜੇਬਾਂ ਗਰਮ ਕਰਦਿਆਂ ਮਨੁੱਖੀ ਜਾਨਾਂ ਨਾਲ ਖਿਲਵਾਡ਼ ਕਰ ਰਹੇ ਹਨ। ਅਜਿਹੇ ਹੀ ਲੋਕਾਂ ’ਤੇ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਆਮ ਲੋਕਾਂ ਨੂੰ ਅਪੀਲ ਹੈ ਕਿ ਉਹ ਵਿਭਾਗ ਵੱਲੋਂ ਵਿੱਢੀ ਮੁਹਿੰਮ ’ਚ ਮਿਲਾਵਟਖੋਰਾਂ ਦੇ ਨਾਂ ਉਜਾਗਰ ਕਰਨ ਤਾਂ ਜੋ ਮਿਲਾਵਟਖੋਰੀ ਨੂੰ ਮਿਲ ਕੇ ਖਤਮ ਕੀਤਾ ਜਾ ਸਕੇ।