ਡਾਕਟਰਾਂ ਦੀ ਲਾਪਰਵਾਹੀ ਨਾਲ ਨਵਜੰਮੇ ਬੱਚੇ ਦੀ ਮੌਤ

08/23/2019 10:57:20 PM

ਲੋਪੋਕੇ (ਸਤਨਾਮ)— ਸੀ. ਐੱਚ. ਸੀ. ਲੋਪੋਕੇ 'ਚ ਡਲਿਵਰੀ ਕੇਸ ਦੌਰਾਨ ਡਾਕਟਰਾਂ ਦੀ ਲਾਪਰਵਾਹੀ ਨਾਲ ਇਕ ਨਵਜੰਮੇ ਬੱਚੇ ਲੜਕੇ ਦੀ ਮੌਤ ਹੋਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਜਗਤ ਸਿੰਘ ਪਿੰਡ ਸੈਦਪੁਰਾ ਨੇ ਹਸਪਤਾਲ ਦੇ ਡਾਕਟਰਾਂ ਤੇ ਸਟਾਫ 'ਤੇ ਦੋਸ਼ ਲਾਉਂਦਿਆਂ ਦੱਸਿਆ ਕਿ ਉਹ ਬੀਤੀ ਰਾਤ ਆਪਣੀ ਪਤਨੀ ਸਰਬਜੀਤ ਕੌਰ ਦਾ ਡਲਿਵਰੀ ਕੇਸ ਕਰਵਾਉਣ ਲਈ ਲੋਪੋਕੇ ਦੇ ਸਰਕਾਰੀ ਹਸਪਤਾਲ ਆਏ ਤੇ ਉਸ ਨੂੰ ਇਥੇ ਦਾਖਲ ਕਰਵਾਇਆ, ਰਾਤ ਸਮੇਂ ਮੇਰੀ ਪਤਨੀ ਨੂੰ ਦਰਦਾਂ ਸ਼ੁਰੂ ਹੋ ਗਈਆਂ।
ਇਸ ਸਬੰਧੀ ਡਿਊਟੀ ਡਾਕਟਰਾਂ ਨੂੰ ਕਿਹਾ ਕਿ ਉਸ ਦੀ ਪਤਨੀ ਦੀ ਹਾਲਤ ਬਹੁਤ ਖਰਾਬ ਹੈ। ਉਸ ਦਾ ਕੇਸ ਕਰ ਦਿੱਤਾ ਜਾਵੇ। ਅੱਗੋਂ ਡਾਕਟਰਾਂ ਨੇ ਕਿਹਾ ਕਿ ਤੁਸੀਂ ਜਾ ਕੇ ਸੌਂ ਜਾਓ, ਅਜੇ ਉਸ ਦਾ ਕੇਸ ਨਹੀਂ ਹੋਣਾ। ਉਸ ਦੀ ਪਤਨੀ ਸਾਰੀ ਰਾਤ ਹਸਪਤਾਲ 'ਚ ਤੜਫਦੀ ਰਹੀ ਪਰ ਕਿਸੇ ਡਾਕਟਰ ਅਤੇ ਸਟਾਫ ਨੇ ਉਸ ਦੀ ਸਾਰ ਨਹੀਂ ਲਈ। ਸਵੇਰੇ ਉਨ੍ਹਾਂ ਨੇ ਮੇਰੀ ਪਤਨੀ ਦਾ ਡਲਿਵਰੀ ਕੇਸ ਕੀਤਾ, ਇਸ ਦੌਰਾਨ ਬੱਚੇ ਦੀ ਮੌਤ ਹੋ ਗਈ ਤੇ ਕੇਸ ਕਰਨ ਵਾਲੀ ਡਾਕਟਰ ਮੌਕੇ ਤੋਂ ਖਿਸਕ ਗਈ। ਉਨ੍ਹਾਂ ਨੂੰ ਦਰਜਾ-4 ਮੁਲਾਜ਼ਮ ਨੇ ਦੱਸਿਆ ਕਿ ਤੁਹਾਡੇ ਘਰ ਬੇਟੇ ਨੇ ਜਨਮ ਲਿਆ ਸੀ, ਜਿਸ ਦੀ ਮੌਤ ਹੋ ਗਈ ਹੈ।
ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਦੀ ਵੱਡੀ ਲਾਪਰਵਾਹੀ ਨਾਲ ਹੋਈ ਲੜਕੇ ਦੀ ਮੌਤ ਦੇ ਜ਼ਿੰਮੇਵਾਰ ਹਸਪਤਾਲ ਦੇ ਡਾਕਟਰਾਂ ਤੇ ਸਟਾਫ ਖਿਲਾਫ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਸਮਾਜ ਸੇਵਕ ਸ਼ਾਮ ਸਿੰਘ ਭੰਗਵਾਂ, ਕਿਸਾਨ ਸੰਘਰਸ਼ ਕਮੇਟੀ ਦੇ ਦਿਲਬਾਗ ਸਿੰਘ ਚੱਕ ਮਿਸ਼ਰੀ ਖਾਂ ਤੇ ਸ੍ਰੀ ਗੁਰੂ ਹਰਗੋਬਿੰਦ ਸੰਘਰਸ਼ ਕਮੇਟੀ ਦੇ ਪ੍ਰਧਾਨ ਸਾਹਿਬ ਸਿੰਘ ਨੇ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਕਿਹਾ ਕਿ ਜੇਕਰ ਇਸ ਗਰੀਬ ਪਰਿਵਾਰ ਨੂੰ ਇਨਸਾਫ ਨਾ ਮਿਲਿਆ ਤਾਂ ਇਸ ਹਸਪਤਾਲ ਦਾ ਘਿਰਾਓ ਕੀਤਾ ਜਾਵੇਗਾ। ਮੁਜ਼ਾਹਰਾਕਾਰੀਆਂ ਨੂੰ ਪੁਲਸ ਥਾਣਾ ਲੋਪੋਕੇ ਦੀ ਪੁਲਸ ਨੇ ਸ਼ਾਂਤ ਕਰਵਾਇਆ।
ਇਸ ਸਬੰਧੀ ਡਾ. ਬ੍ਰਿਜ ਭੂਸ਼ਣ ਸਹਿਗਲ ਐੱਸ. ਐੱਮ. ਓ. ਲੋਪੋਕੇ ਨੇ ਸੰਪਰਕ ਕਰਨ 'ਤੇ ਕਿਹਾ ਕਿ ਹਸਪਤਾਲ 'ਚ ਨਵਜੰਮੇ ਬੱਚੇ ਦੀ ਮੌਤ ਹੋਈ ਹੈ, ਇਸ ਸਬੰਧੀ ਹਸਪਤਾਲ 'ਚ 3 ਸੀਨੀਅਰ ਡਾਕਟਰਾਂ ਦੀ ਕਮੇਟੀ ਬਣਾਈ ਗਈ ਹੈ, ਜੋ ਇਸ ਕੇਸ ਦੀ ਜਾਂਚ ਕਰਨਗੇ, ਜੇਕਰ ਇਸ ਕੇਸ 'ਚ ਕਿਸੇ ਵੀ ਮੁਲਾਜ਼ਮ ਨੇ ਕੋਈ ਵੀ ਲਾਪ੍ਰਵਾਹੀ ਵਰਤੀ ਹੈ, ਉਸ ਵਿਰੁੱਧ ਬਣਦੀ ਪੂਰੀ ਕਾਰਵਾਈ ਕੀਤੀ ਜਾਵੇਗੀ।
 

 


KamalJeet Singh

Content Editor

Related News