ਬੱਚਿਆਂ ਦੀ ਜਾਨ ਨਾਲ ਖਿਲਵਾੜ: ਜ਼ਿਲ੍ਹੇ ਦੇ 300 ਤੋਂ ਵੱਧ ਸਕੂਲਾਂ ’ਚ ਨਹੀਂ ਲੱਗੇ ਅੱਗ ਬੁਝਾਊ ਯੰਤਰ

Friday, Apr 15, 2022 - 03:38 PM (IST)

ਬੱਚਿਆਂ ਦੀ ਜਾਨ ਨਾਲ ਖਿਲਵਾੜ: ਜ਼ਿਲ੍ਹੇ ਦੇ 300 ਤੋਂ ਵੱਧ ਸਕੂਲਾਂ ’ਚ ਨਹੀਂ ਲੱਗੇ ਅੱਗ ਬੁਝਾਊ ਯੰਤਰ

ਅੰਮ੍ਰਿਤਸਰ (ਦਲਜੀਤ) : ਸਿੱਖਿਆ ਵਿਭਾਗ ਸਰਕਾਰੀ ਐਲੀਮੈਂਟਰੀ ਸਕੂਲਾਂ 'ਚ ਪੜ੍ਹਦੇ ਛੋਟੇ ਬੱਚਿਆਂ ਦੀ ਜਾਨ ਨਾਲ ਖਿਲਵਾੜ ਕਰ ਰਿਹਾ ਹੈ। ਵਿਭਾਗ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਤਾਂ ਅੱਗ ਬੁਝਾਊ ਯੰਤਰ ਲਾਉਣ ਦੇ ਹੁਕਮ ਦਿੱਤੇ ਜਾਂਦੇ ਹਨ ਪਰ ਵਿਭਾਗ ਦੇ ਆਪਣੇ ਸਰਕਾਰੀ ਸਕੂਲਾਂ ਵਿਚ ਅਜੇ ਤੱਕ ਕੋਈ ਵੀ ਅੱਗ ਬੁਝਾਊ ਯੰਤਰ ਨਹੀਂ ਲਾਇਆ ਗਿਆ। ਕਦੇ ਵੀ ਕਿਸੇ ਸਕੂਲ 'ਚ ਛੋਟੀ ਜਿਹੀ ਚਿੰਗਾਰੀ ਭਿਆਨਕ ਰੂਪ ਅਖਤਿਆਰ ਕਰਕੇ ਵਿਦਿਆਰਥੀਆਂ ਨੂੰ ਆਪਣੀ ਲਪੇਟ ਵਿਚ ਲੈ ਸਕਦੀ ਹੈ। ਵਿਭਾਗ ਦੇ ਅਧਿਕਾਰੀ ਵੀ ਇਸ ਮਾਮਲੇ ਵਿਚ ਚੁੱਪ ਵੱਟ ਰਹੇ ਹਨ ਅਤੇ ਸਭ ਕੁਝ ਜਾਣਦੇ ਹੋਏ ਵੀ ਅਣਜਾਣ ਬਣੇ ਹੋਏ ਹਨ।

ਇਹ ਵੀ ਪੜ੍ਹੋ : ਦਬੁਰਜੀ ਪੰਚਾਇਤ ਦੀ ਨੈਸ਼ਨਲ ਐਵਾਰਡ ਲਈ ਹੋਈ ਚੋਣ, 24 ਨੂੰ PM ਮੋਦੀ ਕਰਨਗੇ ਸਨਮਾਨਿਤ

ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਰੇਲਵੇ ਸਟੇਸ਼ਨ ਨੇੜੇ ਇਕ ਪ੍ਰਾਈਵੇਟ ਸਕੂਲ ਵਿਚ ਅੱਗ ਲੱਗ ਗਈ ਸੀ ਅਤੇ ਸਕੂਲ 'ਚ ਲੱਗੇ ਅੱਗ ਬੁਝਾਊ ਯੰਤਰ ਅਤੇ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਨੇ ਜਲਦ ਹੀ ਅੱਗ ’ਤੇ ਕਾਬੂ ਪਾ ਲਿਆ ਸੀ। ਸਿੱਖਿਆ ਵਿਭਾਗ ਵੱਲੋਂ ਕਿਸੇ ਵੀ ਸਕੂਲ ਨੂੰ ਐੱਨ. ਓ. ਸੀ. ਜਾਰੀ ਕਰਨ ਤੋਂ ਪਹਿਲਾਂ ਸਕੂਲ ਦੇ ਬਾਕਾਇਦਾ ਮਾਪਦੰਡ ਤੈਅ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਸਕੂਲ ਵਿਚ ਫਾਇਰ ਸੇਫਟੀ ਸਿਸਟਮ ਦੀ ਵੀ ਜਾਂਚ ਕੀਤੀ ਜਾਂਦੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਜ਼ਿਲ੍ਹੇ 'ਚ 824 ਐਲੀਮੈਂਟਰੀ ਸਕੂਲ ਹਨ, ਜਦਕਿ 100 ਤੋਂ ਵੱਧ ਗਲੀ-ਮੁਹੱਲਿਆਂ ਵਿਚ ਖੁੱਲ੍ਹੇ ਛੋਟੇ ਪ੍ਰਾਈਵੇਟ ਸਕੂਲ ਹਨ, ਜਿਨ੍ਹਾਂ 'ਚੋਂ ਕਰੀਬ 300 ਤੋਂ ਵੱਧ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਅੱਗ ਬੁਝਾਊ ਯੰਤਰ ਨਹੀਂ ਹਨ, ਜਦਕਿ ਗਲੀਆਂ ਤੇ ਮੁਹੱਲਿਆਂ ਵਿਚ ਖੁੱਲ੍ਹੇ ਪ੍ਰਾਈਵੇਟ ਛੋਟੇ ਸਕੂਲਾਂ ਵਿਚ ਵੀ ਜ਼ਿਆਦਾਤਰ ਯੰਤਰ ਨਹੀਂ ਲੱਗੇ, ਜੇਕਰ ਲੱਗੇ ਵੀ ਹਨ ਤਾਂ ਉਨ੍ਹਾਂ ਦੀ ਮਿਆਦ ਪੁੱਗ ਚੁੱਕੀ ਹੈ।

ਇਹ ਵੀ ਪੜ੍ਹੋ : ਤਰਨਤਾਰਨ ’ਚ ਵਿਸਾਖੀ ਵੇਖਣ ਗਏ ਚਾਚਾ-ਭਤੀਜਾ ਸਤਲੁਜ ਦਰਿਆ ’ਚ ਡੁੱਬੇ

ਰੱਬ ਨਾ ਕਰੇ, ਇਨ੍ਹਾਂ ਸਕੂਲਾਂ ਵਿਚ ਜੇਕਰ ਅੱਗ ਲੱਗ ਜਾਵੇ ਤਾਂ ਉੱਥੇ ਛੋਟੀ ਜਿਹੀ ਚਿੰਗਾਰੀ ਭਿਆਨਕ ਰੂਪ ਅਖਤਿਆਰ ਕਰਕੇ ਬੱਚਿਆਂ ਨੂੰ ਆਪਣੀ ਲਪੇਟ ਵਿਚ ਲੈ ਸਕਦੀ ਹੈ। ਇਨ੍ਹਾਂ ਸਕੂਲਾਂ ਵਿਚ ਅੱਗ ਬੁਝਾਉਣ ਦਾ ਕੋਈ ਵੀ ਸਾਧਨ ਨਹੀਂ ਹੈ, ਇੱਥੋਂ ਤੱਕ ਕਿ ਅੱਗ ਬੁਝਾਉਣ ਲਈ ਰੇਤ ਨਾਲ ਭਰੀਆਂ ਬਾਲਟੀਆਂ ਵੀ ਨਹੀਂ ਰੱਖੀਆਂ ਗਈਆਂ। ਸਕੂਲਾਂ 'ਚ ਮਿਡ-ਡੇ ਮੀਲ ਦਾ ਸਾਮਾਨ ਬਣਾਉਣ ਲਈ ਗੈਸ ਸਿਲੰਡਰ ਅਤੇ ਅੱਗ ਬੁਝਾਉਣ ਵਾਲੇ ਕਈ ਯੰਤਰ ਪਏ ਹੁੰਦੇ ਹਨ। ਕਦੇ ਵੀ ਛੋਟੀ ਜਿਹੀ ਚਿੰਗਾਰੀ ਵੱਡੀ ਸਮੱਸਿਆ ਖੜ੍ਹੀ ਕਰ ਸਕਦੀ ਹੈ। ਕਈ ਸਕੂਲ ਤਾਂ ਅਜਿਹੇ ਹਨ ਜਿਨ੍ਹਾਂ ਵਿਚ ਅਕਸਰ ਹੀ ਬਿਜਲੀ ਜਾਂ ਹੋਰ ਕਾਰਨਾਂ ਕਰਕੇ ਅੱਗ ਵੀ ਲੱਗ ਜਾਂਦੀ ਹੈ, ਭਾਰੀ ਮੁਸ਼ੱਕਤ ਤੋਂ ਬਾਅਦ ਅੱਗ ਨੂੰ ਬੁਝਾ ਲਿਆ ਜਾਂਦਾ ਹੈ। ਸ਼ਹਿਰ ਵਿਚ ਸਥਿਤ ਸਕੂਲਾਂ 'ਚ ਤਾਂ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਜੇਕਰ ਅੱਗ ਲੱਗ ਜਾਵੇ ਤਾਂ ਤੈਅ ਸਮੇਂ ’ਤੇ ਪਹੁੰਚ ਜਾਂਦੀਆਂ ਹਨ ਪਰ ਜੇਕਰ ਪੇਂਡੂ ਖੇਤਰ ਵਿਚ ਅਜਿਹੀ ਸਥਿਤੀ ਪੈਦੀ ਹੋਵੇ ਤਾਂ ਉੱਥੇ ਗੱਡੀਆਂ ਨੂੰ ਪੁੱਜਣ 'ਚ ਕਾਫ਼ੀ ਸਮਾਂ ਲੱਗੇਗਾ ਅਤੇ ਕਦੇ ਵੀ ਕੋਈ ਵੱਡਾ ਹਾਦਸਾ ਵੀ ਹੋ ਸਕਦਾ ਹੈ।

ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ CM ਮਾਨ ’ਤੇ ਵੱਡਾ ਇਲਜ਼ਾਮ, ਕਿਹਾ-ਸ਼ਰਾਬ ਪੀ ਕੇ ਗਏ ਤਖ਼ਤ ਸ੍ਰੀ ਦਮਦਮਾ ਸਾਹਿਬ

ਸਿੱਖਿਆ ਵਿਭਾਗ ਲੋਕਾਂ ਨੂੰ ਤਾਂ ਨਸੀਹਤ ਦਿੰਦਾ ਹੈ ਪਰ ਖੁਦ ਮੁਸੀਬਤ ਵਿਚ ਰਹਿੰਦਾ ਹੈ। ਵਿਭਾਗ ਵੱਲੋਂ ਨਾ ਤਾਂ ਫਾਇਰ ਸੇਫਟੀ ਸਿਸਟਮ ਲਈ ਸਕੂਲਾਂ ਨੂੰ ਲੋੜੀਂਦੇ ਫੰਡ ਦਿੱਤੇ ਜਾਂਦੇ ਹਨ ਤੇ ਨਾ ਹੀ ਉਨ੍ਹਾਂ ਨੂੰ ਇਹ ਸਿਸਟਮ ਲਾਉਣ ਲਈ ਕਿਹਾ ਜਾਂਦਾ ਹੈ। ਇਸ ਲਈ ਜ਼ਿਲ੍ਹੇ ਦੇ ਜ਼ਿਆਦਾਤਰ ਸਕੂਲਾਂ ਵਿਚ ਇਹ ਸਿਸਟਮ ਨਹੀਂ ਲੱਗਾ ਹੋਇਆ। 'ਆਪ' ਸਰਕਾਰ ਸਿੱਖਿਆ ਦਾ ਪੱਧਰ ਉੱਚਾ ਚੁੱਕਣ ’ਤੇ ਜ਼ੋਰ ਦੇ ਰਹੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਬੱਚਿਆਂ ਦੀ ਜਾਨ ਨਾਲ ਖਿਲਵਾੜ ਹੁੰਦੇ ਦੇਖ ਇਸ ਸਬੰਧੀ ਕੋਈ ਗੰਭੀਰ ਫੈਸਲਾ ਨਹੀਂ ਲਿਆ ਜਾ ਰਿਹਾ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Manoj

Content Editor

Related News