ਹੜ੍ਹਾਂ ਵਰਗੀ ਸਥਿਤੀ ਤੋਂ ਨਜਿੱਠਣ ਲਈ ਜਾਗਰੂਕਤਾ ਫੈਲਾਉਣ ਲਈ ਕਰਵਾਈ ਗਈ ਮੌਕ ਡਰਿੱਲ
Friday, Jul 12, 2024 - 12:50 AM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਸਰਹੱਦੀ ਖੇਤਰ ਅੰਦਰ ਕਿਸੇ ਵੀ ਮੁਸ਼ਕਿਲ ਦੇ ਨਾਲ ਨਜਿੱਠਣ ਦੇ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ, ਜਿਸ ਅਧੀਨ ਹੜ੍ਹ ਪ੍ਰਭਾਵਿਤ ਖੇਤਰਾਂ ਅੰਦਰ ਆਉਣ ਵਾਲੇ ਸੰਭਾਵਿਤ ਹੜ੍ਹਾਂ ਦੌਰਾਨ ਕੀਤੇ ਜਾਣ ਵਾਲੇ ਬਚਾਅ ਕਾਰਜਾਂ ਨੂੰ ਮੁਕੰਮਲ ਕਰ ਲਿਆ ਗਿਆ ਹੈ ਅਤੇ ਅਗੇਤੇ ਕੀਤੇ ਪ੍ਰਬੰਧਾਂ ਦਾ ਅਭਿਆਸ ਕਰਨ ਲਈ ਨਰੋਟ ਜੈਮਲ ਸਿੰਘ ਬਲਾਕ ਅਧੀਨ ਆਉਂਦੇ ਪਿੰਡ ਪਹਾੜੀਪੁਰ ਵਿਖੇ ਓਜ ਦਰਿਆ 'ਤੇ ਇੱਕ ਮੌਕ ਡਰਿੱਲ ਆਯੋਜਿਤ ਕੀਤੀ ਗਈ। ਇਹ ਪ੍ਰਗਟਾਵਾ ਮੇਜਰ ਡਾ. ਸੁਮਿਤ ਮੁਧ ਐੱਸ.ਡੀ.ਐੱਮ. ਪਠਾਨਕੋਟ ਨੇ ਪਿੰਡ ਪਹਾੜੀਪੁਰ ਵਿਖੇ ਮੌਕ ਡਰਿੱਲ ਦੋਰਾਨ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਪਵਨ ਕੁਮਾਰ ਜ਼ਿਲ੍ਹਾ ਮਾਲ ਅਫਸਰ ਪਠਾਨਕੋਟ, ਪਰਮਪ੍ਰੀਤ ਸਿੰਘ ਗੋਰਾਇਆ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਜ਼ਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਬੀ.ਐੱਸ.ਐੱਫ. ਅਤੇ ਐੱਨ.ਡੀ.ਆਰ.ਐੱਫ. ਦੇ ਅਧਿਕਾਰੀ, ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਹਾਜਰ ਸਨ।
ਜ਼ਿਕਰਯੋਗ ਹੈ ਕਿ ਬਾਰਿਸ਼ ਦੇ ਦਿਨ੍ਹਾਂ ਦੌਰਾਨ ਓਜ ਦਰਿਆ ਵਿੱਚ ਪਾਣੀ ਜਿਆਦਾ ਆਉਣ ਕਰਕੇ ਨਰੋਟ ਜੈਮਲ ਸਿੰਘ ਅਤੇ ਬਮਿਆਲ ਖੇਤਰ ਦੇ ਬਹੁਤ ਸਾਰੇ ਪਿੰਡ ਹੜ੍ਹਾਂ ਦੇ ਕਾਰਨ ਪ੍ਰਭਾਵਿਤ ਹੁੰਦੇ ਹਨ। ਇਸ ਦੌਰਾਨ ਮੌਕ ਡਰਿੱਲ ਕਰਵਾਈ ਗਈ, ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਮਾਲ ਵਿਭਾਗ ਅਤੇ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਵੱਲੋਂ ਬਚਾਅ ਕਾਰਜ ਸ਼ੁਰੂ ਕੀਤੇ ਗਏ ਅਤੇ ਬਚਾਅ ਕਾਰਜਾਂ ਦਾ ਅਭਿਆਸ ਕਰਦਿਆਂ ਕੀਤੇ ਜਾਣ ਵਾਲੇ ਵੱਖ-ਵੱਖ ਬਚਾਅ ਕਾਰਜਾਂ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਹੜ੍ਹਾਂ ਜਿਹੀ ਸਥਿਤੀ ਵਿੱਚ ਕਿਸ ਤਰ੍ਹਾਂ ਨਾਲ ਤੁਸੀਂ ਆਪਣੀ ਜਾਨ ਬਚਾ ਸਕਦੇ ਹੋ, ਹੜ੍ਹ ਪ੍ਰਭਾਵਿਤ ਖੇਤਰਾਂ ਅੰਦਰ ਫਸੇ ਲੋਕਾਂ ਦਾ ਕਿਸ ਤਰ੍ਹਾਂ ਬਚਾਅ ਕਰਨਾ ਹੈ, ਕਿਸ ਤਰ੍ਹਾਂ ਨਾਲ ਉਨ੍ਹਾਂ ਨੂੰ ਮੈਡੀਕਲ ਸਹਾਇਤਾ ਦਿੱਤੀ ਜਾਣੀ ਹੈ ਜਾਂ ਹੋਰ ਸਾਰੇ ਪ੍ਰਬੰਧ ਕਿਸ ਤਰ੍ਹਾਂ ਨਾਲ ਕੀਤੇ ਜਾਣੇ ਹਨ, ਅਜਿਹੇ ਪਹਿਲੂਆਂ 'ਤੇ ਵੀ ਰੌਸ਼ਨੀ ਪਾਈ ਗਈ ਅਤੇ ਵੱਖ-ਵੱਖ ਬਣਾਈਆਂ ਗਈਆਂ ਰਾਹਤ ਟੀਮਾਂ ਵੱਲੋਂ ਵੀ ਆਪਣਾ ਸਹਿਯੋਗ ਦਿੱਤਾ ਗਿਆ।
ਉਨ੍ਹਾਂ ਸੰਭਾਵਿਤ ਹੜ੍ਹ ਪ੍ਰਭਾਵਿਤ ਖੇਤਰਾਂ ਅਧੀਨ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਅਗਰ ਕਿਸੇ ਪਿੰਡਾਂ ਅੰਦਰ ਹੜ੍ਹਾਂ ਦੀ ਸਥਿਤੀ ਬਣ ਜਾਂਦੀ ਹੈ ਤਾਂ ਲੋਕ ਕਲੱਸਟਰ ਹੈੱਡ ਜੋ ਕਿ ਪਹਿਲਾ ਤੋਂ ਹੀ ਉਨ੍ਹਾਂ ਦੇ ਸੰਪਰਕ ਵਿੱਚ ਹਨ, ਉਨ੍ਹਾਂ ਨਾਲ ਤਾਲਮੇਲ ਰੱਖਣਗੇ ਅਤੇ ਜਿਸ ਤਰੀਕੇ ਨਾਲ ਕਲੱਸਟਰ ਹੈੱਡ ਲੋਕਾਂ ਨੂੰ ਜਾਗਰੂਕ ਕਰਨਗੇ। ਉਸੇ ਹੀ ਤਰ੍ਹਾਂ ਦੇ ਨਾਲ ਉਨ੍ਹਾਂ ਦਾ ਸਹਿਯੋਗ ਕਰਨਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀਂ ਆਪਦਾ ਦੌਰਾਨ ਸਥਿਤੀ ਨੂੰ ਕੰਟਰੋਲ ਕੀਤਾ ਜਾ ਸਕੇ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e