ਅੰਮ੍ਰਿਤਸਰ ਦੇ ਰਣਜੀਤ ਐਵੇਨਿਊ ’ਚ ਰੇਡੀਮੇਡ ਕਾਰੋਬਾਰੀ ’ਤੇ ਮੋਬਾਇਲ ਵਿੰਗ ਦਾ ਛਾਪਾ
Friday, Oct 14, 2022 - 03:25 PM (IST)

ਅੰਮ੍ਰਿਤਸਰ (ਇੰਦਰਜੀਤ) - ਆਬਕਾਰੀ ਤੇ ਕਰ ਵਿਭਾਗ ਦੇ ਮੋਬਾਇਲ ਵਿੰਗ ਨੇ ਰਣਜੀਤ ਐਵੇਨਿਊ ਦੇ ਬੀ ਬਲਾਕ ਸਥਿਤ ਰੈਡੀਮੇਡ ਕੱਪੜਿਆਂ ਦੇ ਇਕ ਵੱਡੇ ਵਪਾਰੀ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ। ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਰੈਡੀਮੇਡ ਕੱਪੜਿਆਂ ਦਾ ਵੱਡਾ ਕਾਰੋਬਾਰ ਚੱਲ ਰਿਹਾ ਹੈ। ਇਹ ਕਾਰੋਬਾਰ ਕਿਸੇ ਰਿਹਾਇਸ਼ੀ ਥਾਂ ’ਤੇ ਹੋ ਰਿਹਾ ਹੈ, ਜਿਥੋਂ ਰੈਡੀਮੇਲ ਕੱਪੜੇ ਦੇ ਮਾਲ ਦੀ ਸਪਲਾਈ ਵੱਡੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਥੋਕ ’ਤੇ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਕਾਰਵਾਈ ਮੋਬਾਇਲ ਵਿੰਗ ਦੇ ਸਹਾਇਕ ਕਮਿਸ਼ਨਰ ਸੰਦੀਪ ਗੁਪਤਾ ਦੀ ਅਗਵਾਈ ਹੇਠ ਸ਼ੁਰੂ ਹੋਈ, ਜਿਸ ’ਚ ਮੋਬਾਇਲ ਵਿੰਗ ਦੇ ਸੀਨੀਅਰ ਈ. ਟੀ. ਓ ਕੁਲਬੀਰ ਸਿੰਘ, ਪੰਡਿਤ ਰਮਨ ਕੁਮਾਰ ਸਰਮਾ, ਪਰਮਿੰਦਰ ਸਿੰਘ, ਦਵਿੰਦਰ ਸਿੰਘ ਸਮੇਤ ਇੰਸਪੈਕਟਰ ਹਰਪ੍ਰੀਤ ਸਿੰਘ, ਸੁਰਜੀਤ ਸਿੰਘ, ਦਿਨੇਸ਼ ਕੁਮਾਰ, ਸਰਵਨ ਢਿੱਲੋਂ ਅਤੇ ਸੁਰੱਖਿਆ ਕਰਮਚਾਰੀ ਸ਼ਾਮਲ ਸਨ। ਵਿਭਾਗ ਦੀ ਟੀਮ ਦੁਪਹਿਰ 12 ਵਜੇ ਦੇ ਕਰੀਬ ਨਿਰਧਾਰਤ ਸਥਾਨ ’ਤੇ ਪਹੁੰਚ ਗਈ। ਛਾਪੇਮਾਰੀ ਦੌਰਾਨ ਕਾਰੋਬਾਰੀ ਮਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਅਤੇ ਮੁਲਾਜ਼ਮਾਂ ਨੇ ਦੁਕਾਨ ’ਤੇ ਤਾਲੇ ਮਾਰ ਦਿੱਤੇ। ਕਰ ਵਿਭਾਗ ਦੇ ਅਧਿਕਾਰੀਆਂ ਵਲੋਂ ਕਾਫੀ ਗੱਲ ਕਰਨ ਤੋਂ ਬਾਅਦ ਜਦੋਂ ਮੌਜੂਦ ਵਪਾਰੀ ਦੇ ਕਰਮਚਾਰੀ ਕਿਸੇ ਤਰ੍ਹਾਂ ਦਾ ਸਹਿਯੋਗ ਦੇਣ ਨੂੰ ਤਿਆਰ ਨਾ ਹੋਏ ਤਾਂ ਵਿਭਾਗੀ ਟੀਮ ਨੇ ਦੋ ਕੌਂਸਲਰਾਂ ਨੂੰ ਉਥੇ ਬੁਲਾਇਆ।
ਵਿਭਾਗੀ ਅਧਿਕਾਰੀਆਂ ਦੀ ਸਖ਼ਤ ‘ਮਜਬੂਰੀ’ ਨੂੰ ਦੇਖਦਿਆਂ ਕਾਰੋਬਾਰੀਆਂ ਨੂੰ ਉਥੇ ਹਾਜ਼ਰ ਹੋਣ ਲਈ ਮਜ਼ਬੂਰ ਹੋਣਾ ਪਿਆ। ਮੋਬਾਇਲ ਟੀਮ ਦੇ ਅਧਿਕਾਰੀਆਂ ਨੂੰ ਚੈਕਿੰਗ ਦੌਰਾਨ ਸਬੰਧਤ ਅਧਿਕਾਰੀਆਂ ਦੇ ਕਈ ਕੱਚੇ ਦਸਤਾਵੇਜ਼ ਮਿਲੇ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਿਭਾਗ ਦੀ ਜਾਂਚ ਵਿੱਚ ਹਾਲੇ ਲੰਮਾ ਸਮਾਂ ਲੱਗ ਸਕਦਾ ਹੈ।