ਸਾਂਝੇ ਅਧਿਆਪਕ ਮੋਰਚੇ ਵੱਲੋਂ ਵਿਧਾਇਕ ਡਾ. ਅਗਨੀਹੋਤਰੀ ਦੇ ਘਰ ਦਾ ਘਿਰਾਓ
Thursday, Nov 15, 2018 - 02:08 AM (IST)

ਤਰਨਤਾਰਨ, (ਰਾਜੂ)- ਅੱਜ ਬਾਅਦ ਦੁਪਹਿਰ ਸਾਂਝਾ ਅਧਿਆਪਕ ਮੋਰਚਾ ਵੱਲੋਂ ਰਮਸਾ ਅਧਿਆਪਕਾਂ ਦੀ ਤਨਖਾਹ ਕਟੌਤੀ ਦੇ ਸਬੰਧ ਵਿਚ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਦੀ ਕੋਠੀ ਦਾ ਘਿਰਾਓ ਕੀਤਾ ਗਿਆ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਜਿਸ ਦੀ ਅਗਵਾਈ ਬਲਦੇਵ ਸਿੰਘ ਬਸਰਾ, ਸਰਬਜੀਤ ਸਿੰਘ ਵਰਿਆਂਹ, ਨਛੱਤਰ ਸਿੰਘ ਤਰਨਤਾਰਨ, ਕਾਰਜ ਸਿੰਘ ਕੈਰੋਂ, ਹਰਪ੍ਰੀਤ ਸਿੰਘ ਧੂੰਦਾ ਰੇਸ਼ਮ ਸਿੰਘ ਕਰ ਰਹੇ ਸਨ।
ਇਸ ਮੌਕੇ ਬੋਲਦਿਆਂ ਪੰਜਾਬ ਸਰਕਾਰ ਤੇ ਸਿੱਖਿਆ ਨੂੰ ਤਬਾਹ ਕਰਨ ਦਾ ਦੋਸ਼ ਲਾਇਆ ਗਿਆ। ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਸਕੱਤਰ ਵੱਲੋਂ ਤਾਨਾਸ਼ਾਹੀ ਤਰੀਕੇ ਨਾਲ ਐੱਸ.ਐੱਸ.ਏ., ਰਮਸਾ ਅਧਿਆਪਕਾਂ ਨੂੰ ਘੱਟ ਤਨਖਾਹਾਂ ਅਤੇ ਮਹਿਕਮੇ ਵਿਚ ਤਬਦੀਲ ਹੋਣ ਲਈ ਕਿਹਾ ਜਾ ਰਿਹਾ ਹੈ। ਆਪਣੇ ਸੰਵਿਧਾਨਕ ਹੱਕਾਂ ਅਨੁਸਾਰ ਅਧਿਆਪਕਾਂ ਵੱਲੋਂ ਸਰਕਾਰ ਦੀ ਤਾਨਾਸ਼ਾਹੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਬਦਲੇ ਸਰਕਾਰ ਵੱਲੋਂ ਜਬਰੀ ਬਦਲੀਆਂ ਅਤੇ ਮੁਅੱਤਲੀਆਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਇਸ ਮੌਕੇ ਆਗੂਆਂ ਨੇ ਕਿਹਾ ਕਿ 65 ਤੋਂ 70% ਤਨਖਾਹ ਕਟੌਤੀ ਰੱਦ ਕੀਤੀ ਜਾਵੇ, ਪੂਰੇ ਗਰੇਡਾਂ ’ਤੇ ਪੱਕਾ ਕੀਤਾ ਜਾਵੇ, ਸੰਘਰਸ਼ ਦੌਰਾਨ ਕੀਤੀਆਂ ਮੁਅੱਤਲੀਆਂ /ਬਦਲੀਆਂ ਰੱਦ ਕੀਤੀਆਂ ਜਾਣ, ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ, ਹਰ ਤਰ੍ਹਾਂ ਦੇ ਕੱਚੇ ਅਧਿਆਪਕ ਪੱਕੇ ਕੀਤੇ ਜਾਣ, ਤਿੰਨ ਸਾਲ ਪੂਰੇ ਕਰ ਚੁੱਕੇ 5178 ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਸਮੇਤ ਸਿੱਖਿਆ ਵਿਭਾਗ ਵਿਚ ਰੈਗੂਲਰ ਕੀਤਾ ਜਾਵੇ, ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਪੇ-ਕਮਿਸ਼ਨ ਦੀ ਰਿਪੋਰਟ ਜਾਰੀ ਕੀਤੀ ਜਾਵੇ ਆਦਿ। ਇਸ ਸਮੇਂ ਹੋਰਨਾਂ ਤੋਂ ਇਲਾਵਾ ਬਲਕਾਰ ਵਲਟੋਹਾ, ਗੁਰਵਿੰਦਰ ਸਿੰਘ ਤਰਨਤਾਰਨ, ਰਜਵੰਤ ਬਾਗਡ਼ੀਆਂ, ਸਰਬਜੀਤ ਸਿੰਘ ਪੱਟੀ, ਨਰਿੰਦਰ ਨੂਰ, ਕਰਮਜੀਤ ਕਲੇਰ, ਸ਼ਿੰਗਾਰਾ ਸਿੰਘ, ਗਰਮੀਤ ਸਿੰਘ, ਅਜਮੇਰ ਸਿੰਘ, ਗੁਰਪ੍ਰੀਤ ਸਿੰਘ ਗੰਡੀਵਿੰਡ, ਪ੍ਰਸ਼ੋਤਮ ਸਿੰਘ, ਜਸਵੰਤ ਸਿੰਘ, ਸਖਦੀਪ ਕੌਰ, ਸ਼ੀਤਲ ਸ਼ਰਮਾ, ਪ੍ਰਿਤਪਾਲ ਝਬਾਲ ਆਦਿ ਹਾਜ਼ਰ ਸਨ।