ਵਿਧਾਇਕ ਡਾ. ਨਿੱਝਰ ਨੇ ਛੁੱਟੀ ਵਾਲੇ ਦਿਨ ਨਿਗਮ ਅਧਿਕਾਰੀਆਂ ਦੀ ਬੁਲਾਈ ਮੀਟਿੰਗ
Friday, Mar 18, 2022 - 03:19 PM (IST)
ਅੰਮ੍ਰਿਤਸਰ (ਅਨਜਾਣ) : ਪੰਜਾਬ ਵਿਧਾਨ ਸਭਾ ਦੇ ਪ੍ਰੋਟੈਮ ਸਪੀਕਰ ਤੇ 'ਆਪ' ਦੇ ਹਲਕਾ ਦੱਖਣੀ ਦੇ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਅੱਜ ਹੋਲੀ ਦੀ ਛੁੱਟੀ ਹੋਣ ਦੇ ਬਾਵਜੂਦ ਨਗਰ ਨਿਗਮ ਅਧਿਕਾਰੀਆਂ ਦੀ ਮੀਟਿੰਗ ਬੁਲਾਈ। ਡਾ. ਨਿੱਝਰ ਨੇ ਜਿੱਥੇ ਨਗਰ ਕਮਿਸ਼ਨਰ ਸੰਦੀਪ ਰਿਸ਼ੀ ਨਾਲ ਸ਼ਹਿਰ ਦੇ ਸੁੰਦਰੀਕਰਨ ਅਤੇ ਵਿਕਾਸ ਕਾਰਜਾਂ 'ਤੇ ਵਿਚਾਰ ਚਰਚਾ ਕੀਤੀ, ਉਥੇ ਭਗਤਾਂਵਾਲਾ ਸਥਿਤ ਕੂੜੇ ਦੇ ਡੰਪ ਦਾ ਮਸਲਾ ਹੱਲ ਕਰਨ ਲਈ ਵੀ ਸੰਜੀਦਗੀ ਨਾਲ ਸਲਾਹ ਮਸ਼ਵਰਾ ਕੀਤਾ।
ਇਹ ਵੀ ਪੜ੍ਹੋ : ਕੀ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ ਨੂੰ ਰੋਕੇਗੀ 'ਆਪ' ਸਰਕਾਰ?
ਕਮਿਸ਼ਨਰ ਨਗਰ ਨਿਗਮ ਤੇ ਹੋਰ ਉੱਚ ਅਧਿਕਾਰੀਆਂ ਨਾਲ ਲੱਗਭਗ ਇਕ ਘੰਟਾ ਮੀਟਿੰਗ ਚੱਲਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾ. ਨਿੱਝਰ ਨੇ ਕਿਹਾ ਕਿ ਪੰਜਾਬ ਦੀ ਬਿਹਤਰੀ ਲਈ ਕੰਮ ਕਰਨ ਵਾਸਤੇ ਇਕ-ਇਕ ਦਿਨ ਹੀ ਨਹੀਂ ਬਲਕਿ ਇਕ-ਇਕ ਮਿੰਟ ਵੀ ਕੀਮਤੀ ਹੈ, ਜਿਸ ਕਾਰਨ ਉਨ੍ਹਾਂ ਛੁੱਟੀ ਵਾਲੇ ਦਿਨ ਵੀ ਨਿਗਮ ਦਫ਼ਤਰ ਵਿਖੇ ਵਿਸ਼ੇਸ਼ ਮੀਟਿੰਗ ਬੁਲਾਈ, ਜਿਸ ਦਾ ਅਧਿਕਾਰੀਆਂ ਵੱਲੋਂ ਚੰਗਾ ਸਹਿਯੋਗ ਮਿਲਿਆ।
ਇਹ ਵੀ ਪੜ੍ਹੋ : ਐਕਸ਼ਨ ’ਚ ਪਾਵਰਕਾਮ : ਨਵੀਂ ਕੰਪਨੀ ਬਣਾਏਗੀ ਬਿਜਲੀ ਬਿੱਲ, ਗਲਤੀ ਹੋਈ ਤਾਂ ‘ਡਿੱਗੇਗੀ ਗਾਜ’
ਉਨ੍ਹਾਂ ਕਿਹਾ ਉਮੀਦ ਹੈ ਕਿ ਇਕ ਸਾਲ ਦੇ ਅੰਦਰ ਅੰਮ੍ਰਿਤਸਰ ਸ਼ਹਿਰ ਹੋਰ ਜ਼ਿਆਦਾ ਸੁੰਦਰ ਦਿਖਾਈ ਦੇਵੇਗਾ। ਇਕ ਸਵਾਲ ਦੇ ਜਵਾਬ 'ਚ ਡਾ. ਨਿੱਝਰ ਨੇ ਕਿਹਾ ਕਿ ਸਭ ਦਾ ਸਾਥ ਤੇ ਸਭ ਦਾ ਵਿਕਾਸ ਅਤੇ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਅੱਗੇ ਵਧਿਆ ਜਾਵੇਗਾ। ਇਸ ਲਈ ਉਹ ਬਹੁਤ ਜਲਦੀ ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਵੀ ਮਿਲਣਗੇ। ਉਨ੍ਹਾਂ ਕਿਹਾ ਕਿ 'ਆਪ' ਵਾਸਤੇ ਕੋਈ ਵਿਰੋਧੀ ਨਹੀਂ। ਸਾਬਕਾ ਵਿਧਾਇਕ ਵੀ ਪੰਜਾਬ ਦੇ ਹਮਦਰਦ ਤੇ ਸੇਵਾ ਕਰਨ ਵਾਲੇ ਹਨ ਤੇ ਅਸੀਂ ਵੀ ਸੇਵਾ ਕਰਨ ਲਈ ਅੱਗੇ ਆਏ ਹਾਂ। ਇਸ ਲਈ ਸਭ ਮਿਲ ਕੇ ਪੰਜਾਬ ਦੀ ਬਿਹਤਰੀ ਲਈ ਸੋਚਣਗੇ ਤੇ ਜੋ ਕੰਮ ਪਿਛਲੀ ਸਰਕਾਰ ਵੱਲੋਂ ਅਧੂਰੇ ਰਹਿ ਗਏ ਹਨ, ਉਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਮੰਦਬੁੱਧੀ ਬੱਚੇ ਨਾਲ ਅਧਿਆਪਕ ਨੇ ਕੀਤੀ ਕੁੱਟਮਾਰ, ਮਾਪਿਆਂ ਨੇ ਪ੍ਰਸ਼ਾਸਨ ਤੋਂ ਕੀਤੀ ਇਹ ਮੰਗ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ