ਗੁਰਦਾਸਪੁਰ : ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਜੀਲੈਂਸ ਦਫ਼ਤਰ ਹੋਏ ਪੇਸ਼

Tuesday, Dec 06, 2022 - 12:57 PM (IST)

ਗੁਰਦਾਸਪੁਰ : ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਿਜੀਲੈਂਸ ਦਫ਼ਤਰ ਹੋਏ ਪੇਸ਼

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅੱਜ ਵਿਜੀਲੈਂਸ ਵੱਲੋਂ ਪੁੱਛ-ਗਿੱਛ ਲਈ ਦਿੱਤੇ ਗਏ ਸੱਦੇ ਦੇ ਚੱਲਦਿਆਂ ਆਪਣਾ ਪੱਖ ਰੱਖਣ ਲਈ ਵਿਜੀਲੈਂਸ ਦਫ਼ਤਰ ਗੁਰਦਾਸਪੁਰ ਵਿਖੇ ਪਹੁੰਚੇ। ਫ਼ਿਲਹਾਲ ਵਿਜੀਲੈਂਸ ਅਧਿਕਾਰੀਆਂ ਵੱਲੋਂ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ ਕਿ ਵਿਧਾਇਕ ਪਾਸੋਂ ਕਿਸ ਤਰ੍ਹਾਂ ਦੀ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਤੋਂ ਹੀ ਵਿਧਾਇਕ ਪਾਹੜਾ ਖ਼ਿਲਾਫ਼ ਵਿਜੀਲੈਂਸ ਦੀ ਕਾਰਵਾਈ ਦੀ ਚਰਚਾ ਛਿੜੀ ਸੀ। ਚਰਚਾ ਦਾ ਬਾਜ਼ਾਰ ਉਦੋਂ ਹੋਰ ਤੇਜ਼ ਹੋ ਗਿਆ ਸੀ ਜਦੋਂ 3 ਅਕਤੂਬਰ ਨੂੰ ਵਿਜੀਲੈਂਸ ਦੇ ਸਥਾਨਕ ਡੀ.ਐੱਸ.ਪੀ ਵੱਲੋਂ ਲੀਡ ਬੈਂਕ ਦੇ ਨਾਮ ਲਿਖਿਆ ਗਿਆ ਇਕ ਪੱਤਰ ਕਿਸੇ ਬੈਂਕ ਕਰਮਚਾਰੀ ਵੱਲੋਂ ਲੀਕ ਕਰ ਦਿੱਤਾ ਗਿਆ ਸੀ, ਜਿਸ 'ਚ ਵਿਜੀਲੈਂਸ ਅਧਿਕਾਰੀ ਵੱਲੋਂ ਵਿਧਾਇਕ ਪਾਹੜਾ ਦਾ ਨਾਂ ਲਿਖਿਆ ਹੋਇਆ ਸੀ ਅਤੇ ਉਨ੍ਹਾਂ 'ਤੇ ਕਾਰਵਾਈ ਸ਼ੁਰੂ ਕੀਤੀ ਗਈ।

ਇਹ ਵੀ ਪੜ੍ਹੋ- ਹੁਣ ਆਨਲਾਈਨ ਵੀ ਦੇਖ ਸਕੋਗੇ ਭਾਰਤ-ਪਾਕਿ ਦਾ ਰਿਟਰੀਟ ਸਮਾਰੋਹ, BSF ਨੇ ਕੀਤੀ ਬੁਕਿੰਗ ਸ਼ੁਰੂ

ਇਨਕੁਆਰੀ ਨੰਬਰ 3 ਮਿਤੀ 25 ਅਗਸਤ 2022 ਦਾ ਹਵਾਲਾ ਦਿੰਦੇ ਹੋਏ ਵੱਖ-ਵੱਖ ਬੈਂਕਾਂ ਪਾਸੋਂ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਉਨ੍ਹਾਂ ਦੇ ਪਿਤਾ, ਪਤਨੀ ਸਮੇਤ ਕੁੱਲ ਛੇ ਪਰਿਵਾਰਕ ਮੈਂਬਰਾਂ ਸਮੇਤ ਦੋ ਨਜ਼ਦੀਕੀਆਂ ਦੇ ਬੈਂਕ ਖ਼ਾਤਿਆਂ ਅਤੇ ਲੋਨ ਖ਼ਾਤਿਆਂ ਦਾ ਰਿਕਾਰਡ ਮੰਗਿਆ ਗਿਆ ਸੀ। ਇਸ ਦੇ ਇਕ ਮਹੀਨੇ ਬਾਅਦ ਵੀ ਵਿਧਾਇਕ ਪਾਹੜਾ ਨੂੰ ਵਿਜੀਲੈਂਸ ਵੱਲੋਂ ਬੁਲਾਏ ਜਾਣ ਦੀ ਖ਼ਬਰ ਸਾਹਮਣੇ ਆਈ, ਜਿਸ ਬਾਰੇ ਵਿਜੀਲੈਂਸ ਅਧਿਕਾਰੀ ਜ਼ਿਆਦਾ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕਰਦੇ ਆ ਰਹੇ ਹਨ। ਵਿਜੀਲੈਂਸ ਵੱਲੋਂ ਪੁਸ਼ਟੀ ਕੀਤੀ ਗਈ ਸੀ ਕਿ ਵਿਧਾਇਕ ਪਾਹੜਾ ਨੂੰ ਪੁੱਛਗਿੱਛ ਲਈ ਦਫ਼ਤਰ ਬੁਲਾਇਆ ਗਿਆ ਹੈ। ਅੱਜ 6 ਦਸੰਬਰ ਨੂੰ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵੀ ਗੁਰਦਾਸਪੁਰ ਦੇ ਵਿਜੀਲੈਂਸ ਦਫ਼ਤਰ ਪਹੁੰਚੇ ਸੀ, ਜਿੱਥੇ ਡੀ.ਐੱਸ.ਪੀ ਵਿਜੀਲੈਂਸ ਨਿਰਮਲ ਸਿੰਘ ਵੱਲੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  ਸਾਬਕਾ ਉਪ ਮੁੱਖ ਮੰਤਰੀ ਓ.ਪੀ ਸੋਨੀ ਦਾ ਭਤੀਜਾ ਵਿਜੀਲੈਂਸ ਦਫ਼ਤਰ ਹੋਇਆ ਪੇਸ਼, ਵਿਭਾਗ ਤੋਂ ਮੰਗਿਆ ਹੋਰ ਸਮਾਂ

ਇੱਥੇ ਇਹ ਵੀ ਦੱਸਣਯੋਗ ਹੈ ਕਿ ਵਿਧਾਇਕ ਪਾਹੜਾ ਕਾਂਗਰਸ ਵਿਅਕਤੀ ਤੇਜਤਰਾਰ ਆਗੂ ਹਨ ਅਤੇ ਲਗਾਤਾਰ ਸੂਬਾ ਪੱਧਰੀ ਡਿਬੇਟਸ ਆਦਿ ਵਿਚ ਪੰਜਾਬ ਦੀ ਆਪ ਸਰਕਾਰ ਦੇ ਖਿਲਾਫ਼ ਬੋਲਦੇ ਰਹੇ ਹਨ। ਹਾਈਕਮਾਨ ਵੱਲੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੂੰ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਵੀ ਥਾਪਿਆ ਗਿਆ ਹੈ। ਜ਼ਾਹਿਰ ਹੈ ਵਿਰੋਧੀ ਮਾਹੌਲ ਦੇ ਬਾਵਜੂਦ ਭਾਰੀ ਗਿਣਤੀ 'ਚ ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕਰਨ ਵਾਲੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦਾ ਕੱਦ ਪਾਰਟੀ ਵਿਚ ਕਾਫ਼ੀ ਉੱਚਾ ਹੈ। ਉਨ੍ਹਾਂ ਵਿਰੁੱਧ ਜੇਕਰ ਕੋਈ ਕਾਰਵਾਈ ਹੁੰਦੀ ਹੈ ਤਾਂ ਇਸ 'ਤੇ ਕਾਂਗਰਸ ਪਾਰਟੀ ਹਾਈਕਮਾਨ ਦਾ ਕੀ ਸਟੈਂਡ ਹੋਵੇਗਾ, ਇਹ ਵੀ ਦੇਖਣ ਯੋਗ ਹੋਵੇਗਾ।


 


author

Shivani Bassan

Content Editor

Related News