ਮਿੰਨੀ ਬੱਸ ਆਪ੍ਰੇਟਰਾਂ ਵੱਲੋਂ ਪੰਜਾਬ ’ਚ ਚੱਕਾ ਜਾਮ ਕਰਨ ਦੀ ਚਿਤਾਵਨੀ, ਜਾਣੋ ਕੀ ਰਹੀ ਵਜ੍ਹਾ
Sunday, May 10, 2026 - 01:53 PM (IST)
ਅੰਮ੍ਰਿਤਸਰ (ਛੀਨਾ)- ਇਕ ਪੁਲਸ ਮੁਲਾਜ਼ਮ ਵੱਲੋਂ ਮਿੰਨੀ ਬਸ ਆਪ੍ਰੇਟਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਬਲਦੇਵ ਸਿੰਘ ਬੱਬੂ ਨੂੰ ਆਪਣੇ ਕੈਨੇਡਾ ਬੈਠੇ ਦੋਸਤ ਰਾਹੀਂ ਇਕ ਗੈਂਗਸਟਰ ਗਰੁੱਪ ਦਾ ਨਾਮ ਵਰਤ ਕੇ ਜਾਨੀ ਮਾਲੀ ਨੁਕਸਾਨ ਪਹੁੰਚਾਉਣ ਦੀਆ ਲਗਾਤਾਰ ਧਮਕੀਆਂ ਦਿਵਾਉਣ ਦਾ ਮਾਮਲਾ ਜਗ ਜ਼ਾਹਰ ਹੋਣ ਦੇ ਬਾਵਜੂਦ ਪੁਲਸ ਵੱਲੋਂ ਉਕਤ ਮੁਲਾਜ਼ਮ ਅਤੇ ਉਸ ਦਾ ਪਿਤਾ ਜੋਕਿ ਟਰਾਂਸਪੋਰਟਰ ਹੈ, ਦੇ ਖ਼ਿਲਾਫ਼ ਕਾਰਵਾਈ ਕਰਨ ਤੋਂ ਕੀਤੀ ਜਾ ਰਹੀ ਆਨਾਕਾਨੀ ਦੇ ਰੋਸ ’ਚ ਅੱਜ ਪੂਰੇ ਪੰਜਾਬ ਦੇ ਆਪ੍ਰੇਟਰਾਂ ਨੇ ਹੰਗਾਮੀ ਮੀਟਿੰਗ ਕਰਕੇ ਸੂਬੇ ’ਚ ਚੱਕਾ ਜਾਮ ਕਰਨ ਦੀ ਚਿਤਾਵਨੀ ਦੇ ਦਿਤੀ ਹੈ।
ਇਸ ਮੌਕੇ ’ਤੇ ਸੰਬੋਧਨ ਕਰਦਿਆਂ ਪ੍ਰਧਾਨ ਬਲਦੇਵ ਸਿੰਘ ਬੱਬੂ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਇਕ ਗੈਂਗਸਟਰ ਗਰੁੱਪ ਦਾ ਨਾਮ ਵਰਤ ਕੇ ਮੈਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਕਿ ਮੈਂ ਬਸ ਸਟੈਂਡ ’ਤੇ ਆਉਣ ਸਮੇਤ ਆਪ੍ਰੇਟਰਾਂ ਦੇ ਕੰਮਕਾਜ ਸਬੰਧੀ ਟਰਾਂਸਪੋਰਟ ਅਧਿਕਾਰੀਆਂ ਦੇ ਦਫ਼ਤਰਾਂ ’ਚ ਜਾਣਾ ਬੰਦ ਕਰਦਿਆਂ ਅਤੇ ਨਾ ਹੀ ਯੂਨੀਅਨ ਦੀ ਕਿਸੇ ਗਤੀਵਿਧੀ ’ਚ ਸ਼ਾਮਲ ਹੋਵਾਂ ਨਹੀ ਤਾਂ ਮੈਨੂੰ (ਪ੍ਰਧਾਨ ਬੱਬੂ), ਮੇਰੇ ਦੋਨੋ ਬੇਟਿਆਂ ਅਤੇ ਮੇਰੇ ਜਵਾਈ ਨੂੰ ਕਤਲ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ: 'ਰੱਬ ਦਾ ਵਾਸਤਾ ਮੇਰੀਆਂ ਧੀਆਂ ਨੂੰ ਵੱਸਣ ਦਿਓ', ਪਤੀ ਨੇ WhatsApp 'ਤੇ ਭੇਜੀ ਵੀਡੀਓ ਤੇ ਫ਼ਿਰ...
ਪ੍ਰਧਾਨ ਬੱਬੂ ਨੇ ਕਿਹਾ ਕਿ ਇਹ ਧਮਕੀ ਆਉਣ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿਤੀ ਗਈ, ਜਿਸ ਦੀ ਜਾਂਚ ਕਰਦਿਆਂ ਪੁਲਸ ਨੇ ਇਕ ਲੜਕੇ ਤੱਕ ਪਹੁੰਚ ਕੀਤੀ ਜੋਕਿ ਫਤਿਹਗੜ ਚੂੜੀਆ ਹਵੇਲੀਆ ਦਾ ਰਹਿਣ ਵਾਲਾ ਸੀ ਅਤੇ ਹੁਣ ਕੈਨੇਡਾ ’ਚ ਮੌਜੂਦ ਹੈ। ਪ੍ਰਧਾਨ ਬੱਬੂ ਨੇ ਦੋਸ਼ ਲਗਾਉਂਦੇ ਆਖਿਆ ਕਿ ਉਕਤ ਲੜਕੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਵਿੰਦਰ ਸਿੰਘ ਸੈਂਸਰਾ ਨੇ ਜਦੋਂ ਫੋਨ ’ਤੇ ਗੱਲਬਾਤ ਕੀਤੀ ਤਾਂ ਉਹ ਮੰਨਿਆ ਕਿ ਉਸ ਨੂੰ ਧਮਕੀਆਂ ਦੇਣ ਲਈ ਟਰਾਂਸਪੋਰਟਰ ਹਰਜੀਤ ਸਿੰਘ ਝਬਾਲ ਅਤੇ ਉਸ ਦੇ ਬੇਟੇ ਗੁਰਪ੍ਰੀਤ ਸਿੰਘ ਗੋਪੀ ਜੋਕਿ ਅੰਮ੍ਰਿਤਸਰ ਟਰੈਫਿਕ ਪੁਲਸ ’ਚ ਮੁਲਾਜ਼ਮ ਹੈ, ਨੇ ਆਖਿਆ ਸੀ ਅਤੇ ਉਨ੍ਹਾਂ ਦੇ ਕਹਿਣ ’ਤੇ ਹੀ ਮੈਂ ਇਹ ਭੁੱਲ ਕਰ ਬੈਠਾਂ ਹਾਂ।
ਪ੍ਰਧਾਨ ਬੱਬੂ ਨੇ ਕਿਹਾ ਕਿ ਇਹ ਸਾਰਾ ਮਾਮਲਾ ਨਸ਼ਰ ਹੋਣ ਤੋਂ ਬਾਅਦ ਵੀ ਅੰਮ੍ਰਿਤਸਰ ਪੁਲਸ ਇਸ ਮਾਮਲੇ ’ਚ ਸਖ਼ਤ ਐਕਸ਼ਨ ਲੈਣ ਦੀ ਬਜਾਏ ਆਪਣੇ ਪੁਲਸ ਮੁਲਾਜ਼ਮ ਦੀ ਸ਼ਮੂਲੀਅਤ ਹੋਣ ਕਾਰਨ ਮਾਮਲੇ ਨੂੰ ਆਨੇ ਬਹਾਨੇ ਲਟਕਾ ਰਹੀ ਹੈ ਜੋਕਿ ਹੁਣ ਬਰਦਾਸ਼ਤ ਤੋਂ ਬਾਹਰ ਹੋ ਗਿਆ ਹੈ। ਇਸ ਮੌਕੇ ’ਤੇ ਪੂਰੇ ਪੰਜਾਬ ’ਚੋਂ ਵੱਡੀ ਗਿਣਤੀ ’ਚ ਪਹੁੰਚੇ ਆਪ੍ਰੇਟਰਾਂ ਨੇ ਪੁਲਸ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪ੍ਰਧਾਨ ਬਲਦੇਵ ਸਿੰਘ ਬੱਬੂ ਨੂੰ ਗੈਂਗਸਟਰ ਗਰੁੱਪ ਦਾ ਨਾਮ ਵਰਤ ਕੇ ਧਮਕੀਆਂ ਦਿਵਾਉਣ ਵਾਲੇ ਪਿਉ-ਪੁੱਤਰ ਦੇ ਖ਼ਿਲਾਫ਼ ਪਰਚਾ ਦਰਜ ਕਰਕੇ ਜੇਕਰ ਤੁਰੰਤ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਅਸੀਂ ਪੂਰੇ ਪੰਜਾਬ ’ਚ ਚੱਕਾ ਜਾਮ ਕਰ ਦਿਆਂਗੇ ਅਤੇ ਉਨੀ ਦੇਰ ਤੱਕ ਆਵਾਜਾਈ ਬਹਾਲ ਨਹੀ ਕਰਾਂਗੇ ਜਦੋਂ ਤੱਕ ਉਕਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਲਿਆ ਜਾਂਦਾ।
ਇਹ ਵੀ ਪੜ੍ਹੋ: ਬਠਿੰਡਾ 'ਚ ਵੱਡੀ ਵਾਰਦਾਤ! ਆਜੜੀ ਦਾ ਬੇਰਹਿਮੀ ਨਾਲ ਕਤਲ, ਖੇਤਾਂ 'ਚ ਖ਼ੂਨ ਨਾਲ ਲਥਪਥ ਮਿਲੀ ਲਾਸ਼
ਇਸ ਸਬੰਧ ’ਚ ਜਦੋਂ ਟਰਾਂਸਪੋਰਟਰ ਹਰਜੀਤ ਸਿੰਘ ਝਬਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪ੍ਰਧਾਨ ਬਲਦੇਵ ਸਿੰਘ ਬੱਬੂ ਨੂੰ ਧਮਕੀਆਂ ਮਿਲਣ ਦੇ ਮਾਮਲੇ ’ਚ ਮੇਰਾ ਜਾਂ ਮੇਰੇ ਬੇਟੇ ਗੁਰਪ੍ਰੀਤ ਸਿੰਘ ਗੋਪੀ ਦਾ ਕੋਈ ਰੌਲ ਨਹੀਂ ਹੈ, ਪੁਲਸ ਨੂੰ ਇਸ ਸਾਰੇ ਮਾਮਲੇ ਦੇ ਅਸਲ ਦੋਸ਼ੀਆ ਤੱਕ ਪਹੁੰਚ ਕਰਕੇ ਉਨਾ ਦੇ ਨਾਮ ਸਾਮਣੇ ਲਿਆਉਣੇ ਚਾਹੀਦੇ ਹਨ। ਇਸ ਸਮੇਂ ਹਰਬੰਸ ਸਿੰਘ ਮੋਗਾ, ਇਕਬਾਲ ਸਿੰਘ ਬਾਘਾ ਪੁਰਾਣਾ, ਪ੍ਰਗਟ ਸਿੰਘ ਬਟਾਲਾ, ਜਗਜੀਤ ਸਿੰਘ ਢਿੱਲੋਂ, ਜੰਗ ਬਹਾਦਰ ਸਿੰਘ ਫਗਵਾੜਾ, ਸੰਜੀਵ ਸ਼ਰਮਾ ਹੁਸ਼ਿਆਰਪੁਰ, ਅਮਨ ਨਾਗਰਾ ਜਲੰਧਰ, ਜੁਗਰਾਜ ਸਿੰਘ ਭਿੱਖੀਵਿੰਡ, ਸੁਖਬੀਰ ਸਿੰਘ ਪੱਟੀ, ਸੁਰਿੰਦਰ ਸਿੰਘ ਬਟਾਲਾ, ਗੁਰਪ੍ਰੀਤ ਸਿੰਘ ਲੁਧਿਆਣਾ, ਮੰਗਤ ਸਿੰਘ ਨਕੋਦਰ ਤੇ ਹੋਰ ਵੀ ਬਹੁਤ ਸਾਰੇ ਆਪ੍ਰੇਟਰ ਹਾਜ਼ਰ ਸਨ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਤੇਜ਼ ਰਫ਼ਤਾਰ ਕਾਰ ਤੇ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, 3 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
