ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਆਯੋਜਿਤ ਗੁਰਮਤਿ ਕੈਂਪਾਂ ਦੀ ਸ਼ਾਨਦਾਰ ਸਮਾਪਤੀ
Saturday, Jun 20, 2026 - 11:15 PM (IST)
ਅੰਮ੍ਰਿਤਸਰ (ਸਰਬਜੀਤ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਕਮੇਟੀ ਦੇ ਧਰਮ ਪ੍ਰਚਾਰ ਵਿੰਗ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਕੀਤੀ ਮਿਹਨਤ ਦੀ ਬਦੌਲਤ ਇਸ ਵਾਰ ਗਰਮੀ ਦੀਆਂ ਛੁੱਟੀਆਂ ਵਿਚ ਦਿੱਲੀ ਵਿਚ 148 ਥਾਵਾਂ ’ਤੇ ਗੁਰਮਤਿ ਕੈਂਪ ਲਗਾਏ ਗਏ ਜਿਹਨਾਂ ਵਿਚ 20 ਹਜ਼ਾਰ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਹੈ।
ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਗੁਰਮਤਿ ਕੈਂਪਾਂ ਦੇ ਸਮਾਪਤੀ ਸਮਾਗਮ ਦੇ ਪਹਿਲੇ ਦਿਨ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਇਸਦੇ ਧਰਮ ਪ੍ਰਚਾਰ ਵਿੰਗ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਗਰਮੀ ਦੀਆਂ ਛੁੱਟੀਆਂ ਵਿਚ ਲੱਗਦੇ ਇਹਨਾਂ ਗੁਰਮਤਿ ਕੈਂਪਾਂ ਨੂੰ ਲੈ ਕੇ ਬਹੁਤ ਮਿਹਨਤ ਕੀਤੀ ਹੈ।
ਉਹਨਾਂ ਦੱਸਿਆ ਕਿ ਇਸ ਮਿਹਨਤ ਦੀ ਬਦੌਲਤ ਪਹਿਲੇ ਸਾਲ ਜਿਥੇ ਸਾਲ 2022 ਵਿਚ 4 ਹਜ਼ਾਰ ਵਿਦਿਆਰਥੀ ਕੈਂਪਾਂ ਵਿਚ ਸ਼ਾਮਲ ਹੋਏ, ਉਸ ਤੋਂ ਅਗਲੇ ਸਾਲ 2023 ਵਿਚ 9 ਹਜ਼ਾਰ, 2024 ਵਿਚ 12 ਹਜ਼ਾਰ, 2025 ਵਿਚ 16 ਹਜ਼ਾਰ ਅਤੇ ਇਸ ਵਾਰ 2026 ਵਿਚ 20 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਇਹਨਾਂ ਗੁਰਮਤਿ ਕੈਂਪਾ ਵਿਚ ਸ਼ਮੂਲੀਅਤ ਕੀਤੀ ਹੈ ਜੋ 1 ਜੂਨ ਨੂੰ ਸ਼ੁਰੂ ਹੋਏ ਸਨ ਤੇ ਹੁਣ 20 ਅਤੇ 21 ਜੂਨ ਨੂੰ ਇਹਨਾਂ ਦੀ ਸਮਾਪਤੀ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋ ਰਹੀ ਹੈ।
ਉਹਨਾਂ ਦੱਸਿਆ ਕਿ ਇਹਨਾਂ ਕੈਂਪਾਂ ਵਿਚ ਅਸੀਂ ਵਿਸ਼ੇਸ਼ ਤੌਰ ’ਤੇ ਪੁਸਤਕਾਂ ਤਿਆਰ ਕਰਵਾਈਆਂ ਜਿਸ ਸਦਕਾ ਵਿਦਿਆਰਥੀਆਂ ਨੂੰ ਗੁਰੂ ਇਤਿਹਾਸ ਪੜ੍ਹਾਇਆ ਗਿਆ। ਗੁਰੂ ਸਾਹਿਬਾਨ ਅਤੇ ਸਿੱਖ ਕੌਮ ਦੇ ਯੋਧਿਆਂ ਨੇ ਕਿਹੜੀਆਂ-ਕਿਹੜੀਆਂ ਜੰਗਾਂ ਲੜੀਆਂ, ਕਿਉਂ ਲੜੀਆਂ ਤੇ ਇਹਨਾਂ ਦਾ ਨਤੀਜਾ ਕੀ ਰਿਹਾ, ਇਸ ਬਾਰੇ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ ਗਈ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਵਿਦਿਆਰਥੀਆਂ ਨੂੰ ਇਹ ਵੀ ਦੱਸਿਆ ਗਿਆ ਕਿ ਸਿੱਖ ਕੌਮ ਦਾ ਮਾਰਸ਼ਲੀ ਇਤਿਹਾਸ ਕੀ ਹੈ ਤੇ ਕਿਵੇਂ ਗੁਰੂ ਸਾਹਿਬ ਨੇ ਸਾਨੂੰ ਅਨਿਆਂ ਦੇ ਖਿਲਾਫ ਲੜਨਾ ਸਿਖਾਇਆ ਹੈ।
ਕਾਲਕਾ ਤੇ ਕਾਹਲੋਂ ਨੇ ਇਹ ਵੀ ਕਿਹਾ ਕਿ ਅੱਜ ਦੇ ਗੁਰਮਤਿ ਕੈਂਪਾਂ ਵਿਚ ਭਾਗ ਲੈ ਰਹੇ ਵਿਦਿਆਰਥੀ ਭਵਿੱਖ ਵਿਚ ਇਹਨਾਂ ਗੁਰਮਤਿ ਕੈਂਪਾਂ ਨੂੰ ਚਲਾਉਣ ਵਾਲੇ ਬਣਨਗੇ ਅਤੇ ਇਹ ਹੀ ਨਹੀਂ ਬਲਕਿ ਉਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਵੀ ਬਣਨਗੇ। ਉਹਨਾਂ ਕਿਹਾ ਕਿ ਜੇਕਰ ਅਸੀਂ ਆਪਣੀ ਭਵਿੱਖੀ ਪੀੜੀ ਨੂੰ ਇਸੇ ਤਰੀਕੇ ਗੁਰਮਤਿ ਤੇ ਗੁਰਸਿੱਖੀ ਜੀਵਨ ਨਾਲ ਜੋੜਨ ਵਿਚ ਕਾਮਯਾਬ ਹੋਏ ਤਾਂ ਸਾਡਾ ਜੀਵਨ ਸਫਲਤਾ ਮੰਨਿਆ ਜਾ ਸਕੇਗਾ।
