ਨਸ਼ਾ ਛੁਡਾਓ ਕੇਂਦਰ ''ਚ ਫਰਜ਼ੀ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਸੀ ਦਵਾਈ, ਜਾਂਚ ਕਮੇਟੀ ਵੱਲੋਂ ਰਿਪੋਰਟ ਆਉਣ ’ਤੇ ਹੋਵੇਗਾ ਐਕਸ਼ਨ
Friday, Apr 12, 2024 - 01:47 PM (IST)
ਤਰਨਤਾਰਨ (ਰਮਨ)-ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਨਸ਼ੇ ਦੇ ਆਦੀ ਵਿਅਕਤੀਆਂ ਦੇ ਇਲਾਜ ਲਈ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਮੁਫਤ ਨਸ਼ਾ ਛੁਡਾਓ ਕੇਂਦਰ ਬੀਤੇ ਦਿਨਾਂ ਤੋਂ ਚਰਚਾ ਵਿਚ ਨਜ਼ਰ ਆ ਰਿਹਾ ਹੈ। ਜਿੱਥੇ ਫਰਜ਼ੀ ਆਧਾਰ ਕਾਰਡ ਰਾਹੀਂ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਗੋਲੀਆਂ ਦਾ ਘਪਲਾ ਸਾਹਮਣੇ ਆਉਂਦੇ ਸਾਰ ਹੀ ਸਿਵਲ ਸਰਜਨ ਵੱਲੋਂ ਜਾਂਚ ਕਮੇਟੀ ਬਿਠਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਕਸਟਮ ਵਿਭਾਗ ਦੀ ਵੱਡੀ ਕਾਰਵਾਈ: ਸ਼ਾਰਜਾਹ ਤੋਂ ਅੰਮ੍ਰਿਤਸਰ ਪੁੱਜੀ ਫਲਾਈਟ 'ਚੋਂ 51 ਲੱਖ ਰੁਪਏ ਦਾ ਸੋਨਾ ਜ਼ਬਤ
ਸਾਲ 2017 ਦੌਰਾਨ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਨਸ਼ਾ ਛੁਡਾਓ ਕੇਂਦਰਾਂ ਰਾਹੀਂ ਨਸ਼ੇ ਦੇ ਆਦੀ ਹੋ ਚੁੱਕੇ ਮਰੀਜ਼ਾਂ ਦੇ ਇਲਾਜ ਮੁਫਤ ਕਰਨੇ ਸ਼ੁਰੂ ਕਰ ਦਿੱਤੇ ਗਏ ਸਨ। ਇਨ੍ਹਾਂ ਕੇਂਦਰਾਂ ਵਿਚ ਬੂਪੀਰੋਨਾਰਫਿਨ ਨਾਮਕ ਦਵਾਈ ਮੁਫਤ ਦਿੱਤੀ ਜਾਣ ਲੱਗ ਪਈ, ਜਿਸ ਦੀ ਆਮ ਮੈਡੀਕਲ ਸਟੋਰ ਮਾਲਕ ਨੂੰ ਰੱਖਣ ਅਤੇ ਵੇਚਣ ਸਬੰਧੀ ਸਿਹਤ ਵਿਭਾਗ ਪਾਸੋਂ ਸਖ਼ਤ ਹਦਾਇਤਾਂ ਵਾਲੇ ਲਾਇਸੈਂਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਸ ਦਵਾਈ ਦੀ ਗਲਤ ਵਰਤੋਂ ਕਰਨ ਵਾਲੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਤਹਿਤ ਪਰਚਾ ਦਰਜ ਹੋ ਸਕਦਾ ਹੈ।
ਇਹ ਵੀ ਪੜ੍ਹੋ- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ 'ਚ ਬੈਠੇ ਵਿਅਕਤੀ ਦੀ ਨਸ਼ਾ ਕਰਦੇ ਵੀਡੀਓ ਵਾਇਰਲ, ਅਕਾਲ ਤਖ਼ਤ ਵਲੋਂ ਸਖ਼ਤ ਨੋਟਿਸ
ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹਾ ਪੱਧਰੀ ਸਰਕਾਰੀ ਹਸਪਤਾਲ ਵਿਚ ਬੀਤੇ ਦੋ ਸਾਲਾਂ ਤੋਂ ਤੈਨਾਤ ਰਹੇ ਐੱਸ. ਐੱਮ. ਓ. ਦੀ ਕਾਰਗੁਜ਼ਾਰੀ ਹੇਠ ਨਸ਼ਾ ਛੁਡਾਓ ਕੇਂਦਰ ਵਿਚ ਵੱਡਾ ਘਪਲਾ ਸਾਹਮਣੇ ਆ ਚੁੱਕਾ ਹੈ। ਇਸ ਸਬੰਧੀ ਉਸ ਵੇਲੇ ਪਤਾ ਲੱਗਾ ਜਦੋਂ ਬੀਤੇ ਦਿਨੀਂ ਸਿਵਲ ਸਰਜਨ ਡਾਕਟਰ ਕਮਲ ਪਾਲ ਸਿੱਧੂ ਵੱਲੋਂ ਅਚਾਨਕ ਚੈਕਿੰਗ ਕਰਦੇ ਹੋਏ ਸਾਰੇ ਰਿਕਾਰਡ ਨੂੰ ਕਬਜ਼ੇ ਵਿਚ ਲੈ ਲਿਆ ਗਿਆ। ਸੂਤਰਾਂ ਦੇ ਅਨੁਸਾਰ ਇਸ ਕੀਤੀ ਗਈ ਚੈਕਿੰਗ ਵਿਚ ਲੰਮੇ ਸਮੇਂ ਤੋਂ ਤੈਨਾਤ ਕਰਮਚਾਰੀਆਂ ਜਿਨ੍ਹਾਂ ਦੇ ਤਾਰ ਚੰਡੀਗੜ੍ਹ ਹੈੱਡ ਕੁਆਰਟਰ ਤੱਕ ਜੁੜੇ ਹੋਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ, ਵੱਲੋਂ ਜਾਅਲੀ ਆਧਾਰ ਕਾਰਡ ਲੈਂਦੇ ਹੋਏ ਐਂਟਰੀਆਂ ਪਾ ਕੇ ਮਰੀਜ਼ਾਂ ਦੀ ਗਿਣਤੀ ਵਧਾਈ ਗਈ ਸੀ। ਮਰੀਜ਼ਾਂ ਦੀ ਗਿਣਤੀ ਵਧਣ ਦੇ ਨਾਲ ਉਨ੍ਹਾਂ ਨੂੰ ਦਿੱਤੀ ਜਾਣ ਵਾਲੀ ਉਕਤ ਦਵਾਈ ਦੀ ਗਿਣਤੀ ਵੀ ਵੱਧ ਜਾਂਦੀ ਸੀ। ਇਸ ਵਧੀ ਹੋਈ ਗਿਣਤੀ ਦੇ ਨਾਲ ਦਿੱਤੀ ਜਾਣ ਵਾਲੀ ਦਵਾਈ ਨੂੰ ਬਾਹਰ ਕਿਹੜੇ ਰੇਟਾਂ ਨਾਲ ਬਲੈਕ ਵਿਚ ਵੇਚਿਆ ਜਾਂਦਾ ਸੀ, ਇਹ ਤਾਂ ਜਾਂਚ ਦਾ ਵਿਸ਼ਾ ਬਣ ਗਿਆ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਘਪਲੇ ਦੌਰਾਨ ਲੱਖਾਂ ਰੁਪਏ ਦਾ ਹੇਰ ਫੇਰ ਬੀਤੇ ਦੋ ਸਾਲ ਤੋਂ ਲਗਾਤਾਰ ਜਾਰੀ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਨਸ਼ਾ ਛੁਡਾਓ ਸੈਂਟਰ ਵਿਚ ਲੱਖਾਂ ਰੁਪਏ ਦੀ ਗੋਲੀਆਂ ਚੋਰੀ ਹੋਣ ਦੇ ਸਬੰਧ ਵਿਚ ਥਾਣਾ ਸਿਟੀ ਵਿਖੇ ਪਰਚਾ ਦਰਜ ਕੀਤਾ ਗਿਆ ਸੀ ਪਰ ਅੱਜ ਤੱਕ ਉਸ ਦਾ ਕੋਈ ਵੀ ਅਸਲ ਖੁਲਾਸਾ ਨਹੀਂ ਹੋ ਪਾਇਆ। ਇਨ੍ਹਾਂ ਪਾਬੰਦੀਸ਼ੁਦਾ ਦਵਾਈਆਂ ਦੀ ਬਾਜ਼ਾਰ ਵਿਚ ਫਰਜ਼ੀ ਮਰੀਜ਼ਾਂ ਰਾਹੀਂ ਮੋਟੀ ਕਮਾਈ ਕੀਤੀ ਜਾ ਰਹੀ ਸੀ, ਜਿਸ ਨੂੰ ਨੱਥ ਪਾਉਣ ਵਿਚ ਸਿਵਲ ਸਰਜਨ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ।
ਇਹ ਵੀ ਪੜ੍ਹੋ- 'ਈਦ' ਮੌਕੇ ਮੰਤਰੀ ਧਾਲੀਵਾਲ ਪਹੁੰਚੇ ਮਸਜਿਦ, ਮੁਸਲਿਮ ਭਾਈਚਾਰੇ ਨੂੰ ਗਲ ਲਾ ਦਿੱਤੀ ਵਧਾਈ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਕਮਲ ਪਾਲ ਸਿੱਧੂ ਨੇ ਦੱਸਿਆ ਕਿ ਸਿਵਲ ਹਸਪਤਾਲ ਤਰਨਤਾਰਨ ਵਿਖੇ ਮੌਜੂਦ ਨਸ਼ਾ ਛੁਡਾਓ ਕੇਂਦਰਾਂ ਦੀ ਚੈਕਿੰਗ ਕਰਨ ਦੌਰਾਨ 150 ਜਾਲੀ ਰਜਿਸਟ੍ਰੇਸ਼ਨਾਂ ਪਾਈਆਂ ਗਈਆਂ ਹਨ, ਜਿਸ ਦੇ ਰਾਹੀਂ ਮਰੀਜ਼ਾਂ ਨੂੰ ਫਰਜ਼ੀ ਤੌਰ ਉੱਪਰ ਦਵਾਈਆਂ ਦੇ ਗੱਫੇ ਵੰਡੇ ਜਾ ਰਹੇ ਸਨ। ਇਸ ਚੈਕਿੰਗ ਤੋਂ ਬਾਅਦ ਉਨ੍ਹਾਂ ਫਰਜ਼ੀ ਮਰੀਜ਼ਾਂ ਦੀ ਗਿਣਤੀ ਬੰਦ ਹੋ ਗਈ ਹੈ, ਜੋ ਰੋਜ਼ਾਨਾ ਕਾਗਜ਼ਾਂ ਵਿਚ ਦਵਾਈ ਲੈਂਦੇ ਸਨ। ਉਨ੍ਹਾਂ ਦੱਸਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਬਣਾ ਦਿੱਤੀ ਗਈ ਹੈ, ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਅਗਲਾ ਐਕਸ਼ਨ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8