‘ਆਪ’ ਨਾਲ ਸਬੰਧ ਰੱਖਣ ਵਾਲੇ ਵਿਅਕਤੀਆਂ ਨੇ ਫੌਜੀ ਪਰਿਵਾਰ ਦੇ ਘਰ ’ਤੇ ਚਲਾਈ ਗੋਲੀ
Tuesday, Apr 26, 2022 - 02:38 PM (IST)

ਬਟਾਲਾ (ਜ.ਬ., ਯੋਗੀ, ਅਸ਼ਵਨੀ) - ਪਿੰਡ ਕੋਟ ਧੰਦਲ ’ਚ ਇਕ ਫੌਜੀ ਪਰਿਵਾਰ ਦੇ ਘਰ ’ਤੇ ਪਿੰਡ ਦੇ ਹੀ ਵਿਅਕਤੀਆਂ ਵੱਲੋਂ ਗੋਲੀ ਚਲਾ ਦਿੱਤੀ ਗਈ। ਇਸ ਸਬੰਧੀ ਪ੍ਰੀਤਮ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਕੋਟ ਧੰਦਲ ਨੇ ਲੜਕੇ ਸੁਖਦੇਵ ਸਿੰਘ ਹਾਜ਼ਰੀ ’ਚ ਦੱਸਿਆ ਕਿ ਉਸ ਦਾ ਲੜਕਾ ਸੁਖਦੇਵ ਸਿੰਘ ਪਰਿਵਾਰ ਸਮੇਤ ਕਾਦੀਆਂ ਅਤੇ ਉਹ ਆਪਣੀ ਪਤਨੀ ਸਮੇਤ ਪਿੰਡ ਕੋਟ ਧੰਦਲ ਵਿਖੇ ਰਹਿੰਦਾ ਹੈ।
ਬੀਤੀ ਰਾਤ ਉਹ ਘਰ ’ਚ ਸੁੱਤੇ ਪਏ ਸੀ ਕਿ ਦੇਰ ਰਾਤ ਪਿੰਡ ਦੇ ਕੁਝ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ’ਤੇ ਗੋਲੀ ਚਲਾ ਦਿੱਤੀ ਗਈ। ਗੋਲੀ ਦੀ ਆਵਾਜ਼ ਸੁਣ ਕੇ ਉਹ ਕਮਰੇ ’ਚੋਂ ਬਾਹਰ ਆਇਆ ਤਾਂ ਦੇਖਿਆ ਕਿ ਘਰ ਦੀ ਲਾਬੀ ਦੇ ਬਾਹਰ ਬਣਿਆ ਇਕ ਛੋਟਾ ਕਮਰਾ, ਜਿਸ ਦੀ ਛੱਤ ਦੇ ’ਤੇ ਚਾਦਰਾਂ ਪਾਈਆਂ ਹੋਈਆਂ ਹਨ। ਗੋਲੀ ਚਾਦਰਾਂ ਨੂੰ ਚੀਰਦੀ ਹੋਈ ਅੰਦਰ ਕਮਰੇ ’ਚ ਜਾ ਡਿੱਗੀ ਹੈ। ਉਸ ਨੇ ਲੜਕੇ ਸੁਖਦੇਵ ਸਿੰਘ ਨੂੰ ਫੋਨ ’ਤੇ ਸਾਰੀ ਜਾਣਕਾਰੀ ਦਿੰਦਿਆਂ ਪਿੰਡ ਬੁਲਾਇਆ ਅਤੇ ਉਪਰੰਤ ਸਬੰਧਤ ਥਾਣੇ ਨੂੰ ਲਿਖਤੀ ਸ਼ਿਕਾਇਤ ਦਿੰਦਿਆਂ ਸੂਚਿਤ ਕੀਤਾ।
ਇਸ ਮੌਕੇ ਸੁਖਦੇਵ ਸਿੰਘ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਕਿ ਗੋਲੀ ਚਲਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਸ ਕਿਹਾ ਕਿ ਜੇਕਰ ਭਵਿੱਖ ਵਿਚ ਉਨ੍ਹਾਂ ਦੇ ਮਾਤਾ-ਪਿਤਾ ਨੂੰ ਜਾਨੀ ਜਾਂ ਮਾਲੀ ਨੁਕਸਾਨ ਪਹੁੰਚਦਾ ਹੈ ਤਾਂ ਉਸ ਲਈ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਣ ਵਾਲੇ ਵਿਅਕਤੀ ਹੀ ਜ਼ਿੰਮੇਵਾਰ ਹੋਣਗੇ। ਇਹ ਪਤਾ ਲੱਗਾ ਹੈ ਕਿ ਸੂਚਨਾ ਮਿਲਦਿਆਂ ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਕੁਲਵਿੰਦਰ ਸਿੰਘ ਅਤੇ ਏ. ਐੱਸ. ਆਈ. ਤਰਲੋਕ ਚੰਦ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਗੋਲੀ ਨੂੰ ਆਪਣੇ ਕਬਜ਼ੇ ’ਚ ਲੈ ਲਿਆ ਹੈ।
ਦੂਜੇ ਪਾਸੇ ਪੀੜਤ ਪਰਿਵਾਰ ਦੀ ਹਮਾਇਤ ’ਚ ਪਹੁੰਚੇ ਨੈਸ਼ਨਲ ਵੈਟਰਨਰਜ਼ ਆਰਗਨਾਈਜੇਸ਼ਨ ਦੇ ਬਲਾਕ ਕਾਦੀਆਂ ਪ੍ਰਧਾਨ ਜਸਵਿੰਦਰ ਸਿੰਘ ਨੇ ਕਿਹਾ ਕਿ ਉਕਤ ਪੀੜਤ ਫੌਜੀ ਪਰਿਵਾਰ ਨਾਲ ਚੱਟਾਨ ਵਾਂਗ ਖੜ੍ਹੇ ਹਨ। ਇਸ ਸਬੰਧੀ ਐੱਸ. ਐੱਚ. ਓ. ਹਿਮਾਂਸ਼ੂ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ ਅਤੇ ਉਨ੍ਹਾਂ ਵਲੋਂ ਪੁਲਸ ਕਰਮਚਾਰੀਆਂ ਨੂੰ ਮੌਕੇ ’ਤੇ ਭੇਜਿਆ ਗਿਆ ਹੈ। ਪੀੜਤ ਪਰਿਵਾਰ ਜੋ ਵੀ ਬਿਆਨ ਦਰਜ ਕਰਵਾਉਣਗੇ, ਉਸ ਮੁਤਾਬਕ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ ਅਤੇ ਦੋਸ਼ ਪਾਏ ਜਾਣ ਵਾਲੀ ਧਿਰ ਨੂੰ ਬਖਸ਼ਿਆ ਨਹੀਂ ਜਾਵੇਗਾ।