ਹੁਣ ਦਿੱਲੀ ਤੱਕ ਪਹੁੰਚੀਆਂ ਜਾਂਚ ਦੀਆਂ ਤਾਰਾਂ...,ਦੀਪਕ ਸਿੰਗਲਾ ਦੀ ਗ੍ਰਿਫਤਾਰੀ ''ਤੇ ਬੋਲੇ ਮਜੀਠੀਆ
Monday, May 18, 2026 - 05:51 PM (IST)
ਅੰਮ੍ਰਿਤਸਰ- ਬਿਕਰਮ ਸਿੰਘ ਮਜੀਠੀਆ ਨੇ ਕਥਿਤ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ 'ਤੇ ਤਿੱਖਾ ਹਮਲਾ ਬੋਲਦਿਆਂ ਦਾਅਵਾ ਕੀਤਾ ਹੈ ਕਿ ਪੰਜਾਬ ਤੋਂ ਸ਼ੁਰੂ ਹੋਈ ਜਾਂਚ ਦੀਆਂ ਤਾਰਾਂ ਹੁਣ ਦਿੱਲੀ ਅਤੇ ਗੋਆ ਤੱਕ ਜੁੜਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਕਿਹਾ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਤੋਂ ਬਾਅਦ ਹੁਣ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦੀਪਕ ਸਿੰਗਲਾ ਨੂੰ ਵੀ ਈਡੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਕਥਿਤ ਲੁੱਟ ਅਤੇ ਜ਼ਮੀਨੀ ਘਪਲਿਆਂ ਦੀ ਜਾਂਚ ਹੁਣ ਦਿੱਲੀ ਤੱਕ ਪਹੁੰਚ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਈਡੀ ਦੀਆਂ ਟੀਮਾਂ ਪੰਜਾਬ ਅਤੇ ਚੰਡੀਗੜ੍ਹ ਨੰਬਰ ਵਾਲੀਆਂ ਗੱਡੀਆਂ ਵਿੱਚ ਦਿੱਲੀ ਪਹੁੰਚੀਆਂ ਅਤੇ ਸਵੇਰ ਤੋਂ ਹੀ ਦੀਪਕ ਸਿੰਗਲਾ ਦੇ ਘਰ ਛਾਪੇਮਾਰੀ ਕਰਕੇ ਅਹਿਮ ਦਸਤਾਵੇਜ਼ਾਂ ਅਤੇ ਲੈਣ-ਦੇਣ ਦੀ ਜਾਂਚ ਕਰ ਰਹੀਆਂ ਹਨ। ਮਜੀਠੀਆ ਮੁਤਾਬਕ ਦੀਪਕ ਸਿੰਗਲਾ ਗੋਆ ਤੋਂ ਦਿੱਲੀ ਪਹੁੰਚੇ ਸਨ, ਜਿਸ ਤੋਂ ਥੋੜ੍ਹੀ ਦੇਰ ਬਾਅਦ ਈਡੀ ਨੇ ਉਨ੍ਹਾਂ ਦੇ ਘਰ ਕਾਰਵਾਈ ਕੀਤੀ।
ਮਜੀਠੀਆ ਨੇ ਕਿਹਾ ਕਿ ਦੂਜੇ ਪਾਸੇ ਸਾਬਕਾ ਮੰਤਰੀ ਸੰਜੀਵ ਅਰੋੜਾ ਨੂੰ ਅੱਜ ਗੁਰੂਗ੍ਰਾਮ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 150 ਕਰੋੜ ਰੁਪਏ ਦੇ ਕਥਿਤ ਗਬਨ ਮਾਮਲੇ ਵਿੱਚ ਈਡੀ ਪਹਿਲਾਂ ਹੀ ਅਰੋੜਾ ਦੇ ਪੁੱਤਰ ਕਾਵਿਆ ਅਰੋੜਾ ਤੋਂ ਪੁੱਛਗਿੱਛ ਕਰ ਚੁੱਕੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਈਡੀ ਵੱਲੋਂ ਪੀਐਸਪੀਸੀਐਲ ਦੇ ਸੀਐਮਡੀ ਬਸੰਤ ਗਰਗ ਆਈਏਐਸ, ਡਾਇਰੈਕਟਰ ਕਮਰਸ਼ੀਅਲ ਹਰਸ਼ਰਨ ਕੌਰ ਤ੍ਰੇਹਨ, ਹੇਮੰਤ ਸੂਦ ਅਤੇ ਚੰਦਰਸ਼ੇਖਰ ਨੂੰ 20 ਮਈ ਨੂੰ ਪੁੱਛਗਿੱਛ ਲਈ ਤਲਬ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗਮਾਡਾ ਦੇ ਚੀਫ ਐਡਮਿਨਿਸਟ੍ਰੇਟਰ ਸੰਦੀਪ ਕੁਮਾਰ ਅਤੇ ਚੀਫ ਟਾਊਨ ਪਲਾਨਰ ਪੰਕਜ ਬਾਵਾ ਨੂੰ ਵੀ ਜਲੰਧਰ ਵਿੱਚ ਪੁੱਛਗਿੱਛ ਲਈ ਬੁਲਾਇਆ ਗਿਆ ਹੈ।
ਮਜੀਠੀਆ ਨੇ ਸਵਾਲ ਉਠਾਇਆ ਕਿ ਕੀ ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸੀਐਲਯੂ, ਐਨਓਸੀ ਅਤੇ ਜ਼ਮੀਨਾਂ ਦੀ ਮਨਜ਼ੂਰੀ ਦੇ ਨਾਂ 'ਤੇ ਪੂਰੇ ਸਿਸਟਮ ਦਾ ਦੁਰਵਰਤੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇੱਕ ਦਿਨ ਪੰਜਾਬ ਦੇ ਮੁੱਖ ਸਕੱਤਰ ਕੁਮਾਰ ਅਨੂਪਮ ਪ੍ਰਸਾਦ ਸਿੰਹਾ ਨੂੰ ਵੀ ਇਸ ਸਬੰਧੀ ਜਵਾਬ ਦੇਣਾ ਪਵੇਗਾ।

