ਖੇਮਕਰਨ ਪੁਲਸ ਨੇ ਨਾਜਾਇਜ਼ ਰੇਤ ਨਾਲ ਭਰੇ ਦੋ ਟਰੈਕਟਰ ਟਰਾਲੀਆਂ ਕੀਤੇ ਜ਼ਬਤ

06/26/2022 7:33:05 PM

ਖੇਮਕਰਨ (ਸੋਨੀਆ) : ਪੰਜਾਬ ਪੁਲਸ ਲਗਾਤਾਰ ਵਧ ਰਹੇ ਨਾਜਾਇਜ਼ ਰੇਤ ਦੇ ਕਾਰੋਬਾਰ ’ਤੇ ਲਗਾਮ ਲਾਉਣ ਲਈ ਕੰਮ ਕਰ ਰਹੀ ਹੈ, ਜਿਸ ਦੇ ਚੱਲਦਿਆਂ ਪੁਲਸ ਥਾਣਾ ਖੇਮਕਰਨ ਵੱਲੋਂ 2 ਗੈਰ ਕਾਨੂੰਨੀ ਰੇਤ ਦੀਆਂ ਟਰਾਲੀਆਂ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕੰਵਲਜੀਤ ਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਇਲਾਕੇ ’ਚ ਹਰ ਤਰ੍ਹਾਂ ਦੇ ਅਪਰਾਧ ਨੂੰ ਨੱਥ ਪਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਦੀ ਪੁਲਸ ਪਾਰਟੀ ਥਾਣਾ ਖੇਮਕਰਨ ਅਧੀਨ ਪੈਂਦੇ ਪਿੰਡਾਂ ਰੱਤੋਂਕੇ, ਗ਼ਜ਼ਲ, ਝਾੜ ਸਾਹਿਬ ਹਵੇਲੀਆਂ ਆਦਿ ’ਚ ਗਸ਼ਤ ਕਰ ਰਹੀ ਸੀ। ਗਸ਼ਤ ਦੌਰਾਨ ਜਦੋਂ ਪੁਲਸ ਪਾਰਟੀ ਝਾੜ ਸਾਹਿਬ ਹਵੇਲੀਆਂ ਕੋਲ ਪੁੱਜੀ ਤਾਂ ਉਨ੍ਹਾਂ ਨੇ ਦੋ ਨੌਜਵਾਨ ਟਰੈਕਟਰ ਸਵਰਾਜ 855 ਰੰਗ ਲਾਲ ਸਮੇਤ ਆਉਂਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ 2 ਸਿੱਖ ਨੌਜਵਾਨ ਚਲਾ ਰਹੇ ਸਨ।  ਪੁਲਸ ਪਾਰਟੀ ਨੇ ਉਨ੍ਹਾਂ ਨੂੰ ਰੁਕਣ ਲਈ ਕਿਹਾ ਤਾਂ ਦੋਵੇਂ ਨੌਜਵਾਨ ਟਰੈਕਟਰ ਤੋਂ ਛਾਲ ਮਾਰ ਕੇ ਡਰੇਨ ਵੱਲ ਭੱਜ ਗਏ।

ਟਰੈਕਟਰ ਚਾਲਕਾਂ ਦੀ ਪਛਾਣ ਸੁਖਵਿੰਦਰ ਸਿੰਘ ਪੁੱਤਰ ਸੇਵਾ ਸਿੰਘ ਅਤੇ ਸ਼ਮਸ਼ੇਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਝਾੜ ਸਾਹਿਬ ਹਵੇਲੀਆਂ (ਗ਼ਜ਼ਲ) ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਖੇਮਕਰਨ ਕੰਵਲਜੀਤ ਰਾਏ ਨੇ ਦੱਸਿਆ ਕਿ ਉਕਤ ਦੋਵੇਂ ਵਿਅਕਤੀ ਆਪਣੇ-ਆਪਣੇ ਖੇਤਾਂ ’ਚ ਟੋਏ ਪੁੱਟ ਕੇ ਨਾਜਾਇਜ਼ ਰੇਤ ਦੀ ਮਾਈਨਿੰਗ ਕਰ ਰਹੇ ਸਨ, ਜਿਨ੍ਹਾਂ ਖ਼ਿਲਾਫ਼ ਥਾਣਾ ਖੇਮਕਰਨ ’ਚ ਰੇਤ ਦੀ ਨਾਜਾਇਜ਼ ਮਾਈਨਿੰਗ ਦੇ ਦੋਸ਼ ’ਚ ਆਈ. ਪੀ. ਸੀ. ਦੀ ਧਾਰਾ 21/379 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਦੋਵੇਂ ਮੁਲਜ਼ਮ ਫਰਾਰ ਹਨ। ਥਾਣਾ ਮੁਖੀ ਕੰਵਲਜੀਤ ਰਾਏ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Manoj

Content Editor

Related News