ਖਡੂਰ ਸਾਹਿਬ ''ਚ ਬਜ਼ੁਰਗ ਜੋੜੇ ਕੋਲੋਂ ਹਥਿਆਰਾਂ ਦੀ ਨੋਕ ''ਤੇ ਲੁੱਟ
Wednesday, Apr 15, 2026 - 06:06 PM (IST)
ਖਡੂਰ ਸਾਹਿਬ (ਗਿੱਲ) : ਬੀਤੇ ਕੱਲ੍ਹ ਸ਼ਾਮ ਨੂੰ ਖਡੂਰ ਸਾਹਿਬ ਦੇ ਇਕ ਬਜ਼ੁਰਗ ਜੋੜੇ ਕੋਲੋਂ ਲੁਟੇਰਿਆਂ ਵਲੋਂ 5 ਹਜ਼ਾਰ ਦੀ ਨਕਦੀ ਅਤੇ ਪਰਸ ਖੋਹਣ ਦੀ ਜਾਣਕਾਰੀ ਮਿਲੀ ਹੈ | ਇਸ ਸਬੰਧੀ ਬੂਟਾ ਸਿੰਘ ਪੀੜਤ ਬਜ਼ੁਰਗ ਨੇ ਦੱਸਿਆ ਕਿ ਉਹ ਆਪਣੀ ਪਤਨੀ ਨਾਲ ਖਡੂਰ ਸਾਹਿਬ ਤੋਂ ਦਵਾਈ ਲੈ ਕੇ ਜਦੋਂ ਉਹ ਆਪਣੇ ਘਰ ਵੱਲ ਨੂੰ ਜਾ ਰਹੇ ਸਨ ਤਾਂ ਦੋ ਵਿਅਕਤੀਆਂ ਨੇ ਉਨ੍ਹਾਂ ਅੱਗੇ ਮੋਟਰ ਸਾਈਕਲ ਲਾ ਕੇ ਰੋਕ ਲਿਆ ਅਤੇ ਉਨ੍ਹਾਂ ਕੋਲੋਂ ਪੈਸੇ ਅਤੇ ਪਰਸ ਖੋਹਣ ਲੱਗ ਪਏ ਜਦੋਂ ਉਨ੍ਹਾਂ ਵਲੋਂ ਵਿਰੋਧ ਕੀਤਾ ਤਾਂ ਦਾਤਰ ਦਿਖਾ ਕੇ ਉਨ੍ਹਾਂ ਨੂੰ ਡਰਾ ਧਮਕਾ ਕੇ 5 ਹਜ਼ਾਰ ਦੀ ਨਕਦੀ ਅਤੇ ਪਰਸ ਖੋਹ ਕੇ ਪਿੰਡ ਖਡੂਰ ਸਾਹਿਬ ਵੱਲ ਨੂੰ ਫਰਾਰ ਹੋ ਗਏ ।
ਬੂਟਾ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਵੀ ਲੁਟੇਰੇ ਉਨ੍ਹਾਂ ਦੀ ਬਾਂਹ ਉਪਰ ਸੱਟ ਮਾਰ ਕੇ ਪੈਸੇ ਲੁੱਟ ਕੇ ਲਿਜਾ ਚੁੱਕੇ ਹਨ। ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਇਥੇ ਰੋਜ਼ਾਨਾ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਮੌਕੇ ਪ੍ਰਿਤਪਾਲ ਸਿੰਘ ਆੜ੍ਹਤੀ, ਦਲਜੀਤ ਸਿੰਘ ਨੰਬਰਦਾਰ, ਗੁਰਨਾਮ ਸਿੰਘ, ਲਖਵਿੰਦਰ ਸਿੰਘ ਫੂਲਾ ਸਿੰਘ, ਮਹਿੰਦਰ ਸਿੰਘ ਫੌਜੀ, ਜਗਤਾਰ ਸਿੰਘ, ਜਤਿੰਦਰ ਸਿੰਘ ਹੈਪੀ ਆਦਿ ਨੇ ਪੁਲਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਦੋਸ਼ੀਆਂ ਨੂੰ ਨੱਥ ਪਾਈ ਜਾਵੇ।
