ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਬਣ ਰਿਹਾ ਰੋਹੀ ਦਾ ਪੁਲ, ਹਾਦਸੇ ’ਚ ਗਈ ਵਿਅਕਤੀ ਦੀ ਜਾਨ

Tuesday, May 26, 2026 - 04:25 PM (IST)

ਬਿਨਾਂ ਸੁਰੱਖਿਆ ਪ੍ਰਬੰਧਾਂ ਦੇ ਬਣ ਰਿਹਾ ਰੋਹੀ ਦਾ ਪੁਲ, ਹਾਦਸੇ ’ਚ ਗਈ ਵਿਅਕਤੀ ਦੀ ਜਾਨ

ਖਡੂਰ ਸਾਹਿਬ (ਗਿੱਲ) : ਤਹਿਸੀਲ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਕੰਗ ਵਿਖੇ ਬਣ ਰਹੇ ਰੋਹੀ ਦੇ ਪੁਲ ’ਤੇ ਠੇਕੇਦਾਰ ਅਤੇ ਸੰਬੰਧਤ ਵਿਭਾਗ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਪੁਲ ਦੇ ਦੋਵਾਂ ਪਾਸਿਆਂ ’ਤੇ ਨਾ ਤਾਂ ਕਿਸੇ ਤਰ੍ਹਾਂ ਦੇ ਬੈਰੀਕੇਡ ਲਗਾਏ ਗਏ ਹਨ ਅਤੇ ਨਾ ਹੀ ਕੋਈ ਚੇਤਾਵਨੀ ਸਬੰਧੀ ਸਾਈਨ ਬੋਰਡ ਲਗਾਇਆ ਗਿਆ ਹੈ, ਜਿਸ ਕਾਰਨ ਰਾਹਗੀਰਾਂ ਨੂੰ ਹਰ ਵੇਲੇ ਹਾਦਸਿਆਂ ਦਾ ਖਤਰਾ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਅਨੁਸਾਰ ਅੱਜ ਸਵੇਰੇ ਕਰੀਬ 4 ਵਜੇ ਜੋਗਿੰਦਰ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਪਿੰਡ ਬਾਣੀਆ ਤਹਿਸੀਲ ਖਡੂਰ ਸਾਹਿਬ ਦੀ ਦਰਦਨਾਕ ਮੌਤ ਹੋ ਗਈ, ਜਿਸ ਦਾ ਮੁੱਖ ਕਾਰਨ ਪੁਲ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਦੀ ਕਮੀ ਦੱਸਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਬੈਰੀਕੇਟਡ ਅਤੇ ਚੇਤਾਵਨੀ ਬੋਰਡ ਲਗਾਏ ਜਾਂਦੇ ਤਾਂ ਇਹ ਹਾਦਸਾ ਟਲ ਸਕਦਾ ਸੀ। ਇਲਾਕਾ ਵਾਸੀਆਂ ਨੇ ਦੋਸ਼ ਲਗਾਇਆ ਕਿ ਰਾਤ ਸਮੇਂ ਇੱਥੇ ਘੁੱਪ ਹਨੇਰਾ ਰਹਿੰਦਾ ਹੈ ਅਤੇ ਖੁਦਾਈ ਵਾਲੀ ਜਗ੍ਹਾ ਸਪੱਸ਼ਟ ਨਾ ਦਿਖਾਈ ਦੇਣ ਕਾਰਨ ਵਾਹਨ ਚਾਲਕ ਅਤੇ ਰਾਹਗੀਰ ਵੱਡੇ ਖਤਰੇ ਵਿਚ ਰਹਿੰਦੇ ਹਨ। 

ਇਸ ਦੇ ਸਬੰਧ ਵਿਚ 2 ਦਿਨ ਪਹਿਲਾ ਵੀ ਪਿੰਡ ਵਾਸੀਆਂ ਵਲੋਂ ਰੋਸ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਨੂੰ ਅਗਾਹ ਕੀਤਾ ਸੀ ਪਰ ਉਸਦੇ ਬਾਵਜੂਦ ਵੀ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਗਏ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਤੁਰੰਤ ਸੁਰੱਖਿਆ ਪ੍ਰਬੰਧ ਕੀਤੇ ਜਾਣ ਅਤੇ ਲਾਪਰਵਾਹੀ ਕਰਨ ਵਾਲੇ ਠੇਕੇਦਾਰ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪਿੰਡ ਵਾਸੀਆਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਜਲਦ ਪ੍ਰਬੰਧ ਨਾ ਕੀਤੇ ਗਏ ਤਾਂ ਉਹ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।


author

Gurminder Singh

Content Editor

Related News